ਪਿਸ਼ਾਵਰ – ਪਾਕਿਸਤਾਨ ਦੇ ਚਾਰਸਡਾ ਸ਼ਹਿਰ ਵਿੱਚ ਬਾਚਾਖਾਨ ਯੂਨੀਵਰਸਿਟੀ ਤੇ ਅੱਤਵਾਦੀਆਂ ਨੇ ਹਮਲਾ ਕਰਕੇ 21 ਲੋਕਾਂ ਨੂੰ ਮਾਰ ਦਿੱਤਾ ਹੈ ਅਤੇ 100 ਤੋਂ ਵੱਧ ਲੋਕ ਜਖਮੀ ਹੋਏ ਹਨ। ਯੂਨੀਵਰਸਿਟੀ ਦੇ ਅਹਾਤੇ ਵਿੱਚ ਅਜੇ ਵੀ ਅੱਤਵਾਦੀਆਂ ਅਤੇ ਸੁਰੱਖਿਆਬਲਾਂ ਵਿੱਚਕਾਰ ਮੁੱਠਭੇੜ ਜਾਰੀ ਹੈ। ਦਹਿਸ਼ਤਗਰਦਾਂ ਨੇ ਸਵੇਰੇ 9.30 ਮਿੰਟ ਤੇ ਇਹ ਕਹਿਰ ਵਰਤਾਇਆ।
ਯੂਨੀਵਰਸਿਟੀ ਤੇ ਹੋਏ ਹਮਲੇ ਨੂੰ ਅੱਖੀਂ ਵੇਖਣ ਵਾਲਿਆਂ ਅਨੁਸਾਰ 12 ਤੋਂ 15 ਦੇ ਕਰੀਬ ਅੱਤਵਾਦੀ ਇਸ ਇਮਾਰਤ ਵਿੱਚ ਛਿੱਪੇ ਹੋਏ ਹਨ। ਦਹਿਸ਼ਤਗਰਦਾਂ ਨੇ ਯੂਨੀਵਰਸਿਟੀ ਦੇ ਅਹਾਤੇ ਵਿੱਚ ਵੜਦਿਆਂ ਹੀ ਜਬਰਦਸਤ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਯੂਨੀਵਰਸਿਟੀ ਦੇ ਅਹਾਤੇ ਵਿੱਚ ਹਫੜਾਦਫ਼ੜੀ ਮੱਚ ਗਈ। ਹਰ ਇੱਕ ਆਪਣੀ ਜਾਨ ਬਚਾਉਣ ਦਾ ਯਤਨ ਕਰ ਰਿਹਾ ਸੀ। ਇਸ ਅੱਤਵਾਦੀ ਹਮਲੇ ਬਾਰੇ ਪਹਿਲਾਂ ਤੋਂ ਹੀ ਸ਼ੱਕ ਸੀ। ਇਸ ਲਈ ਪੂਰੇ ਸ਼ਹਿਰ ਵਿੱਚ ਅਲਰਟ ਜਾਰੀ ਸੀ।
ਹਮਲੇ ਦੇ ਸਮੇਂ ਯੂਨੀਵਰਸਿਟੀ ਵਿੱਚ 3000 ਹਜ਼ਾਰ ਦੇ ਕਰੀਬ ਵਿਦਿਆਰਥੀ ਅਤੇ 600 ਦੇ ਕਰੀਬ ਵਿਦੇਸ਼ੀ ਮਹਿਮਾਨ ਮੌਜੂਦ ਸਨ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਅਤੇ ਮੁਸ਼ਾਇਰੇ ਦਾ ਪ੍ਰੋਗਰਾਮ ਵੀ ਚੱਲ ਰਿਹਾ ਸੀ। ਇਸ ਹਮਲੇ ਵਿੱਚ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ,ਜਿਨ੍ਹਾਂ ਵਿੱਚ ਇੱਕ ਪ੍ਰੋਫੈਸਰ ਦੋ ਵਿਦਿਆਰਥੀ ਅਤੇ 4 ਸੁਰੱਖਿਆ ਕਰਮਚਾਰੀ ਵੀ ਹਨ। ਦੋ ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।
ਪਾਕਿਸਤਾਨੀ ਸੈਨਾ ਦੁਆਰਾ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਹੈ ਅਤੇ ਏਅਰਫੋਰਸ ਦੀ ਵੀ ਮੱਦਦ ਲਈ ਜਾ ਰਹੀ ਹੈ। ਸੁਰੱਖਿਆਬਲਾਂ ਦੁਆਰਾ ਪੂਰੇ ਖੇਤਰ ਦੀ ਘੇਰਾਬੰਦੀ ਕੀਤੀ ਹੋਈ ਹੈ। ਹੋਸਟਲ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਵਿਦਿਆਰਥੀਆਂ ਨੂੰ ਕੈਂਪ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਜਖਮੀਆਂ ਨੂੰ ਪਿਸ਼ਵਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿਸਤਾਨੀਆਂ ਦੀਆਂ ਕੁਰਬਾਨੀਆਂ ਨੂੰ ਵਿਅਰੱਥ ਨਹੀਂ ਜਾਣ ਦਿੱਤਾ ਜਾਵੇਗਾ।