ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਸਿਆਸਤਦਾਨਾਂ ਦੇ ਕਮਿਸ਼ਨ ਪ੍ਰਾਪਤ ਕਰਨ ਵਾਲੇ ਵਪਾਰੀਆਂ ਨਾਲ ਸੌਦੇ ਅਤੇ ਧੰਦੇ ਹਨ, ਉਹ ਸਿਆਸਤਦਾਨ ਕਦੀ ਵੀ ਇਥੋ ਦੇ ਜਿੰਮੀਦਾਰਾਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਦਾ ਸੋ਼ਸਣ ਕਰਨ ਤੋ ਨਹੀਂ ਰੁਕ ਸਕਣਗੇ । ਬਲਕਿ ਜਿੰਮੀਦਾਰ ਵੱਲੋ ਪੈਦਾ ਕੀਤੀ ਜਾਣ ਵਾਲੀ ਹਰ ਫਸਲ, ਸਬਜੀਆਂ, ਫਲ ਆਦਿ ਦੀ ਖਰੀਦੋ-ਫਰੋਖਤ ਕਰਦੇ ਸਮੇਂ ਜਿੰਮੀਦਾਰ, ਛੋਟੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਲੁੱਟ-ਖਸੁੱਟ “ਕਮਿਸ਼ਨ” ਵਿਧੀ ਰਾਹੀ ਅੱਜ ਵੀ ਨਿਰੰਤਰ ਜਾਰੀ ਹੈ । ਕਿੰਨੂ ਦੇ ਫ਼ਲ ਦੇ ਕਾਸਤਕਾਰਾਂ ਤੋ ਕਿੰਨੂ ਦੀ ਫਸਲ ਨੂੰ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਰਾਹੀ ਰੂਸ ਅਤੇ ਯੂਕਰੇਨ ਮੁਲਕਾਂ ਨੂੰ ਭੇਜਣ ਦਾ ਪ੍ਰਬੰਧ ਹੋਇਆ ਹੈ । ਲੇਕਿਨ ਇਸ ਨੂੰ ਸਿੱਧੇ ਤੌਰ ਤੇ ਜਿੰਮੀਦਾਰਾਂ ਅਤੇ ਕਿੰਨੂ ਦੇ ਬਾਗਾਂ ਵਾਲੇ ਮਾਲਕਾਂ ਤੋ ਜੇਕਰ ਖਰੀਦਿਆ ਜਾਵੇ ਤਦ ਹੀ ਜਿੰਮੀਦਾਰ ਨੂੰ ਇਸ ਦਾ ਲਾਭ ਹੋ ਸਕਦਾ ਹੈ ਵਰਨਾ ਵਪਾਰੀ ਵਰਗ ਕਮਿਸ਼ਨਾਂ ਰਾਹੀ ਖਰੀਦਕੇ ਵੱਡੇ ਪੱਧਰ ਤੇ ਇਸ ਖਰੀਦੋ-ਫਰੋਖਤ ਦੇ ਕੰਮ ਵਿਚ ਵੀ ਵੱਡੀ ਰਿਸ਼ਵਤਖੋਰੀ ਨੂੰ ਹੀ ਬੜਾਵਾ ਦੇਵੇਗਾ । ਅਜਿਹਾ ਕਰਦੇ ਸਮੇਂ ਵਪਾਰੀ ਵਰਗ ਅਤੇ ਵਿਚੋਲੇ ਜੋ ਕਿੰਨੂ ਦੀ ਉਤਮ ਕੁਆਲਟੀ ਹੈ, ਉਸ ਨੂੰ ਰੂਸ ਤੇ ਯੂਕਰੇਨ ਨੂੰ ਨਾ ਭੇਜਕੇ, ਇਸ ਰੂਸ ਅਤੇ ਯੂਕਰੇਨ ਨਾਲ ਹੋਏ ਸਮਝੋਤੇ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਣ ਦਾ ਕਾਰਨ ਬਣੇਗੀ । ਬਾਦਲ ਹਕੂਮਤ ਇਹ ਕਿੰਨੂਆਂ ਦੀ ਖਰੀਦੋ-ਫਰੋਖਤ ਰਿਸ਼ਵਤਾਂ ਖਾਣ ਹਿੱਤ ਵਪਾਰੀਆਂ ਰਾਹੀ ਹੀ ਇਹ ਕੰਮ ਕਰੇਗੀ । ਜਿਸ ਨਾਲ ਕਾਸਤਕਾਰ ਅਤੇ ਬਾਗਾਂ ਵਾਲਿਆਂ ਦੇ ਲਾਭ ਨਾਮਾਤਰ ਰਹਿ ਜਾਣਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਕਮਿਸ਼ਨ ਏਜੰਟਾਂ ਤੇ ਵਪਾਰੀਆਂ ਦੀ ਲੜੀ ਨੂੰ ਖ਼ਤਮ ਕਰਕੇ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਸਿੱਧੇ ਤੌਰ ਤੇ ਜਿੰਮੀਦਾਰ ਅਤੇ ਬਾਗਾਂ ਵਾਲਿਆਂ ਤੋ ਕਿੰਨੂਆਂ ਦੀ ਫ਼ਸਲ ਦੀ ਖਰੀਦ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਣੇ ਹੀ ਕਿੰਨੂ ਉਤਪਾਦਕਾਂ ਤੋ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਰਾਹੀ ਖਰੀਦਕੇ ਯੂਕਰੇਨ ਤੇ ਰੂਸ ਭੇਜਣ ਦੇ ਹੋਏ ਸਮਝੋਤੇ ਉਤੇ ਆਉਣ ਵਾਲੀਆਂ ਵੱਡੀਆਂ ਰੁਕਾਵਟਾਂ ਤੇ ਜਿੰਮੀਦਾਰ ਤੇ ਬਾਗਾਂ ਵਾਲਿਆਂ ਦੀ ਹੋਣ ਵਾਲੀ ਲੁੱਟ-ਖਸੁੱਟ ਤੋ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਕਾਸਤਕਾਰਾਂ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਾਡਾ ਤੁਜ਼ਰਬਾਂ ਹੈ ਕਿ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਹਕੂਮਤ ਗਰੀਬ ਜਿੰਮੀਦਾਰਾਂ ਦੇ ਪੱਖ ਦੇ ਅਮਲ ਕਦੇ ਨਹੀਂ ਕਰੇਗੀ ਕਿਉਂਕਿ ਇਹਨਾਂ ਨੇ ਇਹ ਖਰੀਦ ਵਪਾਰੀਆਂ ਰਾਹੀ ਕਰਕੇ ਰਿਸ਼ਵਤਾਂ ਅਤੇ ਕਮਿਸ਼ਨ ਪ੍ਰਾਪਤ ਕਰਨੇ ਹਨ । ਇਸ ਲਈ ਕਿੰਨੂ ਪੈਦਾ ਕਰਨ ਵਾਲੇ ਕਿਸਾਨ ਅਤੇ ਬਾਗਾਂ ਦੇ ਮਾਲਕ ਇਹਨਾਂ ਉਤੇ ਬਾਜ ਨਜਰ ਰੱਖਕੇ ਹੀ ਆਪਣੀ ਲਾਗਤ ਤੋ ਸਹੀ ਲਾਭ ਪ੍ਰਾਪਤ ਕਰ ਸਕਦੇ ਹਨ । ਵਰਨਾ ਇਹਨਾਂ ਤੋ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿ ਇਹ ਪੰਜਾਬ ਹਕੂਮਤ ਕਿੰਨੂ ਦੇ ਕਾਸਤਕਾਰਾਂ ਦੇ ਹਿੱਤਾ ਦੀ ਅਮਲੀ ਰੂਪ ਵਿਚ ਰਾਖੀ ਕਰੇਗੀ ।
ਦੂਸਰਾ ਜੋ ਨਿਰੇਸ਼ ਗੁਜਰਾਲ ਐਮ.ਪੀ. ਦੀ ਅਗਵਾਈ ਹੇਠ ਬੱਚੇ ਸਾਂਭਣ ਅਤੇ ਉਹਨਾਂ ਦਾ ਪਾਲਣ-ਪੋਸ਼ਣ ਕਰਕੇ ਉਹਨਾਂ ਦਾ ਦਾਨ ਕਰਨ ਹਿੱਤ ਟਰੱਸਟ ਬਣਾਇਆ ਹੋਇਆ ਹੈ, ਉਸ ਵਿਚ ਵੱਡੇ ਪੱਧਰ ਉਤੇ ਹੇਰਾ-ਫੇਰੀ ਹੋ ਰਹੀ ਹੈ । ਇਸ ਟਰੱਸਟ ਦੇ ਅਸਲ ਮਿਸਨ ਨੂੰ ਨਜ਼ਰ ਅੰਦਾਜ ਕਰਕੇ ਅਸਲੀਅਤ ਵਿਚ ਸਮਾਜਿਕ ਮਿਸਨ ਦੇ ਪਰਦੇ ਹੇਠ ਬੱਚਿਆਂ ਨੂੰ ਵੱਡੀਆਂ-ਵੱਡੀਆਂ ਰਕਮਾਂ ਲੈਕੇ ਵੇਚਣ ਦਾ ਕੰਮ ਹੋ ਰਿਹਾ ਹੈ ਜੋ ਅਜਿਹੇ ਟਰੱਸਟਾਂ ਅਤੇ ਸਮਾਜਿਕ ਕੰਮਾਂ ਦੇ ਨਾਮ ਤੇ ਇਥੋ ਦੇ ਨਿਵਾਸੀਆਂ ਅਤੇ ਬੱਚਿਆਂ ਦੀ ਜਿੰਦਗਾਨੀ ਨਾਲ ਖਿਲਵਾੜ ਕਰਨ ਦੇ ਤੁੱਲ ਅਮਲ ਹਨ । ਜੋ ਅਜਿਹੇ ਹਿੰਦੂਤਵ ਸੋਚ ਵਾਲੇ ਲੋਕਾਂ ਦਾ ਜਾਂ ਆਗੂਆਂ ਦਾ ਇਖ਼ਲਾਕ, ਅਣਖ, ਗੈਰਤ ਖ਼ਤਮ ਹੋ ਚੁੱਕੀ ਹੈ, ਅਜਿਹੇ ਮੁਲਕ ਨੂੰ ਚਲਾਉਣ ਵਾਲੇ ਐਮ.ਪੀ. ਜਾਂ ਆਗੂ ਕਿਸੇ ਸਮੇਂ ਵੀ ਹਿੰਦ ਦੀ ਰੱਖਿਆ ਨਾਲ ਸੰਬੰਧ ਭੇਦਾਂ ਨੂੰ ਵੀ ਦੁਸ਼ਮਣ ਦੇ ਸਪੁਰਦ ਕਰ ਸਕਦੇ ਹਨ । ਅਜਿਹੇ ਸਿਆਸਤਦਾਨ ਅਤੇ ਆਗੂ ਜੋ ਚੈਰੀਟੇਬਲ ਅਤੇ ਸਮਾਜਿਕ ਸੋਚ ਨੂੰ ਲੈਕੇ ਪਰਦੇ ਹੇਠ ਅਪਰਾਧਿਕ ਕਾਰਵਾਈਆਂ ਕਰ ਰਹੇ ਹਨ, ਇਹ ਲੋਕ ਅਸਲੀਅਤ ਵਿਚ ਇਥੋ ਦੇ ਨਿਵਾਸੀਆਂ ਨਾਲ ਬਲੈਕਮੇਲ, ਧੋਖਾ-ਫਰੇਬ ਕਰ ਰਹੇ ਹਨ । ਜਦੋਕਿ ਅਜਿਹੇ ਆਗੂ ਖ਼ਾਲਿਸਤਾਨ ਸਟੇਟ, ਜਿਸ ਵਿਚ ਕੋਈ ਰਤੀਭਰ ਵੀ ਰਿਸ਼ਵਤਖੋਰੀ, ਧੋਖਾ-ਫਰੇਬ ਆਦਿ ਸਮਾਜਿਕ ਬੁਰਾਈਆਂ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ, ਜਿਥੇ ਹਰ ਧਰਮ ਅਤੇ ਕੌਮ ਅਤੇ ਫਿਰਕੇ ਦੇ ਨਿਵਾਸੀਆਂ ਨੂੰ ਬਰਾਬਰ ਦੇ ਹੱਕ ਅਤੇ ਅਧਿਕਾਰ ਪ੍ਰਾਪਤ ਹੋਣਗੇ ਕਾਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਹੋਣਗੇ । ਕਿਸੇ ਵੀ ਅਪਰਾਧੀ ਨੂੰ ਕਿਸੇ ਤਰ੍ਹਾਂ ਦੀ ਵੀ ਛੋਟ ਨਹੀਂ ਦਿੱਤੀ ਜਾਵੇਗੀ, ਉੱਚ ਕਦਰਾ-ਕੀਮਤਾ, ਜਮਹੂਰੀਅਤ ਅਤੇ ਅਮਨ-ਚੈਨ ਦਾ ਸਹੀ ਮਾਇਨਿਆ ਵਿਚ ਬੋਲ-ਬਾਲਾ ਹੋਵੇਗਾ, ਉਸ ਖ਼ਾਲਿਸਤਾਨ ਸਟੇਟ ਨੂੰ ਕਾਇਮ ਹੋਣ ਵਿਚ ਅਜਿਹੇ ਸਿਆਸਤਦਾਨ ਅਤੇ ਲੋਕ ਇਸ ਕਰਕੇ ਰੁਕਾਵਟਾਂ ਪਾ ਰਹੇ ਹਨ, ਕਿਉਂਕਿ ਉਸ ਵਿਚ ਇਹਨਾਂ ਦੇ ਦੋ ਨੰਬਰ ਦੇ ਕਾਲੇ ਧੰਦੇ ਬਿਲਕੁਲ ਨਹੀਂ ਹੋਣਗੇ ਅਤੇ ਇਹਨਾਂ ਦੀਆਂ ਪਰਦੇ ਹੇਠ ਚੱਲਣ ਵਾਲੀਆ ਦੁਕਾਨਾਂ ਸਦਾ ਲਈ ਬੰਦ ਹੋ ਜਾਣਗੀਆਂ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਥੋ ਦੇ ਨਿਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਅਜਿਹੇ ਬਹਿਰੂਪੀਆਂ ਵੱਲੋ ਪਰਦੇ ਹੇਠ ਕੀਤੇ ਜਾਣ ਵਾਲੇ ਗੈਰ-ਕਾਨੂੰਨੀ ਧੰਦਿਆਂ ਉਤੇ ਨਜਰ ਰੱਖਦੇ ਹੋਏ ਆਉਣ ਵਾਲੇ ਸਮੇ ਵਿਚ “ਖ਼ਾਲਿਸਤਾਨ” ਸਟੇਟ ਦੇ ਸਾਫ਼-ਸੁਥਰੇ ਅਤੇ ਇਨਸਾਫ਼ ਦੇ ਪ੍ਰਬੰਧ ਵਾਲੇ ਨਿਜਾਮ ਨੂੰ ਕਾਇਮ ਕਰਨ ਵਿਚ ਯੋਗਦਾਨ ਪਾਉਣ ਤਾਂ ਕਿ ਸਮਾਜ ਵਿਚ ਪਨਪ ਰਹੀਆਂ ਸਭ ਸਮਾਜਿਕ ਬੁਰਾਈਆ ਅਤੇ ਉਹਨਾਂ ਨੂੰ ਚਲਾਉਣ ਵਾਲੇ ਸਰਗਣਿਆਂ ਦਾ ਜੜ੍ਹ ਤੋ ਹੀ ਖਾਤਮਾ ਕੀਤਾ ਜਾ ਸਕੇ ।