ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ 1984 ਸਿੱਖ ਕਤਲੇਆਮ ਦੇ ਇਨਸਾਫ਼ ਲਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਸਕੂਲਾਂ ਵਿਚ ਪਗੜੀ ਦੀ ਪਾਬੰਦੀ ਨੂੰ ਹਟਾਉਣ ਵਾਸਤੇ ਫਰਾਂਸ ਦੇ ਰਾਸ਼ਟਰਪਤੀ ਨੂੰ ਵੱਖ-ਵੱਖ ਪੱਤਰ ਲਿਖੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਪੱਤਰ ’ਚ ਜੀ. ਕੇ. ਨੇ ਕੇਂਦਰ ਸਰਕਾਰ ਵੱਲੋਂ ਕਤਲੇਆਮ ਦੇ ਇਨਸਾਫ਼ ਲਈ ਬਣਾਈ ਗਈ ਐਸ.ਆਈ.ਟੀ. ਦੇ ਉਪਰ ਨਿਗਰਾਨੀ ਕਮੇਟੀ ਬਣਾਉਣ ਦੀ ਜਿੱਥੇ ਮੰਗ ਕੀਤੀ ਹੈ ਉੱਥੇ ਹੀ ਫਰਾਂਸ ਦੇ ਰਾਸ਼ਟਰਪਤੀ ਔਲਾਂਦ ਫਰਾਂਸਵਾ ਜੋ ਕਿ ਅੱਜਕਲ ਭਾਰਤ ਦੇ ਦੌਰੇ ਤੇ ਹਨ ਨੂੰ ਦਿੱਲੀ ਵਿੱਖੇ ਫਰਾਂਸ ਦੇ ਦੂਤਘਰ ਮਾਰਫ਼ਤ ਭੇਜੇ ਗਏ ਆਪਣੇ ਪੱਤਰ ’ਚ ਫਰਾਂਸ ਦੇ ਸਕੂਲਾਂ ਵਿਚ ਦਸਤਾਰ ਸਜਾਉਣ ਤੇ ਲਗੀ ਪਾਬੰਦੀ ਨੂੰ ਹਟਾਉਣ ਦੀ ਵਕਾਲਤ ਕੀਤੀ ਹੈ।
ਮੋਦੀ ਨੂੰ ਜੀ. ਕੇ. ਨੇ ਦਸਿਆ ਹੈ ਕਿ 32 ਸਾਲ ਦੇ ਲੰਬੇ ਸੰਘਰਸ਼ ਬਾਅਦ ਵੀ ਸਿੱਖ ਕੌਮ ਨੂੰ ਕਤਲੇਆਮ ਦਾ ਇਨਸਾਫ਼ ਨਹੀਂ ਮਿਲ ਪਾ ਰਿਹਾ ਹੈ ਤੇ ਦਿੱਲੀ ਸਰਕਾਰ ਵੱਲੋਂ ਇਸ ਮਸਲੇ ’ਤੇ ਬਣਾਈ ਗਈ ਐਸ. ਆਈ. ਟੀ. ਦਾ ਕੋਈ ਕਾਨੂੰਨੀ ਵਜੂਦ ਨਾ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਹੁਣ ਸਿੱਖਾਂ ਦੀ ਉਮੀਦਾਂ ਰਿਟਾਇਰਡ ਜਸਟਿਸ ਜੀ.ਪੀ. ਮਾਥੁਰ ਦੀ ਅਗੁਵਾਈ ਹੇਠ 2015 ’ਚ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਐਸ. ਆਈ. ਟੀ ਤੇ ਹੀ ਟਿਕ ਗਈਆਂ ਹਨ। ਜੀ. ਕੇ. ਨੇ ਦਾਅਵਾ ਕੀਤਾ ਕਿ ਉਕਤ ਐਸ. ਆਈ. ਟੀ. ਸਿੱਖਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਤੱਦ ਤਕ ਕਾਮਯਾਬ ਨਹੀਂ ਹੋ ਸਕਦੀ ਹੈ ਜਦ ਤਕ ਕਿ ਐਸ. ਆਈ. ਟੀ. ਦੇ ਉਪਰ ਇਕ ਨਿਗਰਾਨੀ ਕਮੇਟੀ ਰੋਜਾਨਾ ਪੱਧਰੀ ਤਰੀਕੇ ਨਾਲ ਜਾਂਚ ਦੇ ਵਿਕਾਸ ਅਤੇ ਢੰਗ ਤੇ ਨਿਗਾਹ ਨਹੀਂ ਰੱਖੇਗੀ।
ਜੀ. ਕੇ. ਨੇ ਕਮੇਟੀ ਵੱਲੋਂ ਕਤਲੇਆਮ ਦੇ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਲੜੇ ਜਾ ਰਹੇ ਕੇਸਾ ਦਾ ਹਵਾਲਾ ਦਿੰਦੇ ਹੋਏ ਮੋਦੀ ਨੂੰ ਤਜਵੀਜ ਨਿਗਰਾਨੀ ਕਮੇਟੀ ਦਾ ਹਿੱਸਾ ਦਿੱਲੀ ਕਮੇਟੀ ਨੂੰ ਵੀ ਬਣਾਉਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦੇਣ ਦੌਰਾਨ ਇਸ ਮਸਲੇ ਬਾਰੇ ਜੀ. ਕੇ. ਨੇ ਆਪਣਾ ਟੀਚਾ ਵੀ ਸਾਫ਼ ਕੀਤਾ। ਜੀ. ਕੇ. ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਕੁਝ ਸਿਆਸੀ ਲੋਕਾਂ ਵਾਸਤੇ 1984 ਸਿੱਖ ਕਤਲੇਆਮ ਇੱਕ ਸਿਆਸੀ ਮੁੱਦਾ ਹੋ ਸਕਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਕਾਤਿਲਾਂ ਨੂੰ ਜੇਲ੍ਹਾਂ ਵਿਚ ਪਹੁੰਚਾਉਣ ਲਈ ਵਚਨਬੱਧ ਹੈ ਇਸ ਲਈ ਇਸ ਰਾਹ ਵਿਚ ਆਉਂਦੇ ਹਰ ਰੋੜੇ ਨੂੰ ਸਮਾਜਿਕ ਅਤੇ ਕਾਨੂੰਨੀ ਤਰੀਕੇ ਨਾਲ ਹਟਾਉਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।
ਫਰਾਂਸ ਦੇ ਸਕੂਲਾਂ ਵਿਚ ਦਸਤਾਰ ਸਜਾਉਣ ਤੇ 2006 ਤੋਂ ਲਗੀ ਪਾਬੰਦੀ ਨੂੰ ਹਟਾਉਣ ਦੀ ਜੋਰਦਾਰ ਵਕਾਲਤ ਕਰਦੇ ਹੋਏ ਜੀ. ਕੇ. ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਸਿੱਖਾਂ ਵਾਸਤੇ ਪਗੜੀ ਦੀ ਅਹਿਮੀਅਤ ਬਾਰੇ ਵੀ ਜਾਣੂ ਕਰਵਾਇਆ ਹੈ। ਜੀ. ਕੇ. ਨੇ ਕਿਹਾ ਕਿ ਦਸਤਾਰ ਸਿੱਖਾਂ ਦਾ ਅਨਖਿੜਵਾਂ ਅੰਗ ਹੈ ਤੇ ਸਿੱਖਾਂ ਨੇ ਦੇਸ਼ ਵਿਦੇਸ਼ ’ਚ ਚੰਗੇ ਸ਼ਹਿਰੀ ਦੇ ਤੌਰ ਦੇ ਰਹਿੰਦੇ ਹੋਏ ਆਪਣੇ ਵਤਨ ਨੂੰ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਵਾਸਤੇ ਹਰ ਹੀਲਾ ਵਰਤਿਆ ਹੈ। ਇਸ ਲਈ ਫਰਾਂਸ ਦੇ ਸਿੱਖਾਂ ਦੀ ਇਸ ਪੁਰਾਣੀ ਮੰਗ ਨੂੰ ਪ੍ਰਵਾਨ ਕਰਕੇ ਫਰਾਂਸ ਦੇ ਰਾਸ਼ਟਰਪਤੀ, ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਦੋਨਾਂ ਮੁਲਕਾਂ ਦੇ ਵਿਚਕਾਰ ਵਪਾਰਿਕ ਅਤੇ ਕੂਟਨੀਤਿਕ ਤੌਰ ਤੇ ਮਜਬੂਤ ਕੀਤੇ ਜਾ ਰਹੇ ਰਿਸ਼ਤਿਆਂ ਦਾ ਫਰਾਂਸ ਦੇ ਸਿੱਖਾਂ ਨੂੰ ਉਕਤ ਤੋਹਫਾ ਜਰੂਰ ਦੇਣ।