ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਵਾਹਰ ਲਾਲ ਨਹਿਰੂ ਸਟੈਡਿਅਮ ਵਿਖੇ ਕਰਵਾਇਆ ਗਿਆ ਸਭਿਆਚਾਰਕ ਮੇਲਾ ਬੱਚਿਆ ਦੀ ਖ਼ੂਬਸੂਰਤ ਪੇਸ਼ਕਾਰੀ ਸੱਦਕਾ ਆਪਣੀ ਅਮਿੱਟ ਯਾਦ ਛੱਡ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ 19 ਜੁਲਾਈ1965 ਨੂੰ ਇੰਡੀਆ ਗੇਟ ਸਕੂਲ ਤੋਂ ਸ਼ੁਰੂ ਹੋਈ ਲੜੀ ਵਿਚ ਇਸ ਵੇਲੇ 12 ਬ੍ਰਾਂਚਾ ਦੇ ਹਜ਼ਾਰਾ ਬੱਚੇ ਸਲਾਨਾ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਕੂਲ ਕਿਤਾਬੀ ਗਿਆਨ ਦੇ ਨਾਲ ਹੀ ਪੰਜਾਬੀ ਸਭਿਆਚਾਰ ਅਤੇ ਸੰਸਕਾਰਾਂ ਨੂੰ ਵੀ ਬੱਚਿਆ ਦੀ ਝੋਲੀ ’ਚ ਪਾਉਣ ਦੇ ਮਨੋਰਥ ਨਾਲ ਇਨ੍ਹਾਂ ਸਕੂਲਾਂ ਦੇ ਬਾਨੀ ਜਥੇਦਾਰ ਸੰਤੋਖ ਸਿੰਘ ਵੱਲੋਂ ਮਿੱਥੇ ਗਏ ਟੀਚੇ ’ਤੇ ਅਸੀਂ ਚਲਣ ਦਾ ਜਤਨ ਕਰ ਰਹੇ ਹਾਂ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਨਜ਼ਮਾ ਹੇਪਤੁੱਲਾ ਨੇ ਇਸ ਮੌਕੇ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰਨ ਦੌਰਾਨ ਬੱਚਿਆਂ ਨੂੰ ਸਕੂਲ ਦੀ ਗੋਲਡਨ ਜੁਬਲੀ ਦੀ ਵੱਧਾਈ ਦਿੰਦੇ ਹੋਏ ਸਕੂਲਾਂ ਵੱਲੋਂ ਸਿੱਖਿਆ ਦੇ ਨਾਲ ਨੈਤਿਕਤਾ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਖੁਸ਼ੀ ਜਤਾਈ। ਬਾਦਲ ਨੇ ਵਿਦਿਆ ਵਿਚਾਰਨ ਨੂੰ ਗੁਰਬਾਣੀ ਦੇ ਤੌਰ ਤੇ ਜਰੂਰੀ ਦੱਸਦੇ ਹੋਏ ਸਕੂਲਾਂ ਵੱਲੋਂ ਦਿੱਲੀ ਵਿਖੇ ਸਿੱਖੀ ਦੀ ਸੰਭਾਲ ਵਾਸਤੇ ਪਾਏ ਗਏ ਯੋਗਦਾਨ ਨੂੰ ਬੇਮਿਸਾਲ ਦੱਸਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਂ ਤੇ ਬਣੇ ਹੋਣ ਦੇ ਕਾਰਨ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਨਾਂ ’ਚ ਕੁਦਰਤੀ ਤੌਰ ਤੇ ਕਿਤਾਬੀ ਅਤੇ ਰੂਹਾਨੀ ਗਿਆਨ ਪੈਦਾ ਹੋਣ ਦਾ ਵੀ ਬਾਦਲ ਨੇ ਦਾਵਾ ਕੀਤਾ।
ਸਕੂਲਾਂ ਵੱਲੋਂ ਆਉਣ ਵਾਲੇ 50 ਸਾਲਾਂ ਤਕ ਇਸ ਤੋਂ ਵੱਧ ਸਿੱਖੀ ਅਤੇ ਸਿੱਖਿਆ ਦਾ ਸੇਵਾ ਚੜ੍ਹਦੀਕਲਾ ਨਾਲ ਕਰਨ ਦੀ ਵੀ ਉਨ੍ਹਾਂ ਸ਼ੁਭ ਇੱਛਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਬਾਦਲ ਨੇ ਭਰੂਣ ਹੱਤਿਆ ਅਤੇ ਦਾਜ਼ ਵਰਗੀ ਸਾਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਚੁੱਕਣ ਦਾ ਸੁਨੇਹਾ ਦਿੱਤਾ। ਪੰਜਾਬ ਸਰਕਾਰ ਦੇ ਖਜਾਨੇ ਤੋਂ ਉਪਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਕੇ ਸਕੂਲਾਂ ਦੀ ਬਿਹਤਰੀ ਵਾਸਤੇ ਮਾਇਕ ਯੋਗਦਾਨ ਦਿਲਵਾਉਣ ਦਾ ਵੀ ਉਨ੍ਹਾਂ ਐਲਾਨ ਕੀਤਾ।
ਨਜਮਾ ਨੇ ਸਿੱਖਾਂ ਦੇ ਵੱਲੋਂ ਦੇਸ਼-ਵਿਦੇਸ਼ ’ਚ ਮਾਰੀਆਂ ਗਈਆਂ ਮੱਲਾਂ ਨੂੰ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਤੌਰ ਤੇ ਵੀ ਪ੍ਰਰਿਭਾਸ਼ਿਤ ਕੀਤਾ। ਨਜਮਾ ਨੇ ਆਪਣੇ ਵਿਦੇਸ਼ ਪ੍ਰਵਾਸ ਦੌਰਾਨ ਅਮਰੀਕਾ, ਜਿੰਮਬਾਵੇ, ਚਿੱਲੀ ਅਤੇ ਪਾਕਿਸਤਾਨ ਦੇ ਗੁਰਦੁਆਰਿਆ ਵਿਚ ਲੰਗਰ ਛੱਕਣ ਦੇ ਨਾਲ ਸਨਮਾਨ ਵੱਜੌਂ ਸਿਰੋਪਾਉ ਪ੍ਰਾਪਤ ਕਰਨ ਦੀ ਵੀ ਜਾਣਕਾਰੀ ਦਿੱਤੀ। ਗੁਰਦੁਆਰਿਆਂ ਨੂੰ ਨਜਮਾ ਨੇ ਅਨੇਕਤਾ ਨੂੰ ਏਕਤਾ ਦੇ ਸੂਤਰ ’ਚ ਪਿਰੋਂਉਣ ਦੀ ਦਿਸ਼ਾ ਵਿਚ ਵੱਡਾ ਮਾਧਿਅਮ ਦੱਸਿਆ। ਨਜਮਾ ਨੇ ਕਿਹਾ ਕਿ ਬੇਸ਼ਕ ਉਹ ਸਕੂਲ ਦੀ ਡਾਇਮੰਡ ਜਾਂ ਪਲੈਟਿਨਮ ਜੁਬਲੀ ਦੌਰਾਨ ਸ਼ਰੀਰਿਕ ਤੌਰ ਤੇ ਨਾ ਮੌਜੂਦ ਹੋਣ ਪਰ ਜਿੱਥੇ ਵੀ ਹੋਵਾਂਗੀ ਇਨ੍ਹਾਂ ਬੱਚਿਆਂ ਨੂੰ ਅਸ਼ੀਰਵਾਦ ਦੇ ਰਹੀ ਹੋਵਾਂਗੀ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆ ਵੱਲੋਂ ਦੇਹਿ ਸਿਵਾ ਬਰ ਮੋਹਿ ਸ਼ਬਦ ਦੇ ਗਾਇਨ ਨਾਲ ਕਰਨ ਉਪਰੰਤ ਸ਼ਾਨਦਾਰ ਮਾਰਚ ਪਾਸਟ, ਨਾਟਕ, ਗੀਤ-ਸੰਗੀਤ, ਭੰਗੜਾ-ਗਿੱਧਾ, ਗਰਬਾ, ਰਾਜਸਥਾਨੀ ਨਾਚ, ਗੱਤਕਾ, ਯੋਗਾ ਅਤੇ ਵੈਸਟਰਨ ਡਾਂਸ ਦਾ ਦਿੱਲਕਸ਼ ਨਜ਼ਾਰਾ ਲਗਭਗ 4000 ਬੱਚਿਆ ਨੇ ਲਗਭਗ 30 ਹਜਾਰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਬਾਦਲ ਨੇ ਮਾਰਚ-ਪਾਸਟ ਦੀ ਸਲਾਮੀ ਲੈਣ ਉਪਰੰਤ ਇਸ ਪਲ ਨੂੰ ਆਪਣੇ ਜੀਵਨ ਦਾ ਯਾਦਗਾਰੀ ਪਲ ਵੀ ਦੱਸਿਆ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬੱਚਿਆ ਨੂੰ ਵੱਧਾਈ ਦਿੰਦੇ ਹੋਏ ਸਮੂਹ ਸਟਾਫ ਦਾ ਧੰਨਵਾਦ ਵੀ ਕੀਤਾ। ਸਿਰਸਾ ਨੇ ਕਿਹਾ ਕਿ ਪ੍ਰੋਗਰਾਮ ਦੇ ਮਿਆਰ ਨੇ ਅੱਜ ਇਨ੍ਹਾਂ ਸਕੂਲਾਂ ਦੇ ਬਾਰੇ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਪ੍ਰਚਾਰ ਨੂੰ ਮੋੜਵਾਂ ਜਵਾਬ ਦੇ ਦਿੱਤਾ ਹੈ। ਸਿਰਸਾ ਨੇ ਸਾਫ ਕੀਤਾ ਕਿ ਜੋ ਮਰਜੀ ਹੋ ਜਾਵੇ ਸਕੂਲਾਂ ਦੇ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਕੀਤੇ ਜਾ ਰਹੇ ਸੁਧਾਰ ਬੰਦ ਨਹੀਂ ਹੋਣਗੇ। ਸਿਰਸਾ ਨੇ ਕਿਹਾ ਕਿ ਲਗਭਗ 5 ਘੰਟੇ ਤਕ ਚਲੇ ਇਸ ਪ੍ਰੋਗਰਾਮ ’ਚ ਸਕੂਲੀ ਬੱਚਿਆ ਨੇ ਆਪਣੇ ਟੀਚਰਾਂ ਦੀ ਮਿਹਨਤ ਸੱਦਕਾ ਇੱਕ ਵਾਰ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਿ ਕਿਸੇ ਪੇਸ਼ੇਵਰ ਕਲਾਕਾਰ ਤੋਂ ਘਟ ਹਨ।
ਜੀ.ਕੇ. ਨੇ ਸਕੂਲਾਂ ਵਿਚ ਸੋਮਵਾਰ ਦੀ ਛੁੱਟੀ ਦਾ ਐਲਾਨ ਕਰਦੇ ਹੋਏ ਪ੍ਰਬੰਧ ਵਿਚ ਰਹਿ ਗਈ ਕਿਸੇ ਖਾਮੀ ਲਈ ਸੰਗਤਾਂ ਪਾਸੋਂ ਮੁਆਫੀ ਵੀ ਮੰਗੀ। ਜੀ.ਕੇ. ਨੇ ਕਿਹਾ ਕਿ ਇਹ ਸਕੂਲ ਉਨ੍ਹਾਂ ਦੇ ਦਿੱਲ ਦੇ ਕਰੀਬ ਹਨ ਇਸ ਲਈ ਇਨ੍ਹਾਂ ਸਕੂਲਾਂ ਪ੍ਰਤੀ ਉਨ੍ਹਾਂ ਦਾ ਵਿਸ਼ੇਸ਼ ਲਗਾਵ ਹੈ।ਇਸ ਪ੍ਰੋਗਰਾਮ ਦੌਰਾਨ ਐਸਾ ਸਮਾਂ ਵੀ ਬਣਿਆ ਜਦੋਂ ਜੀ.ਕੇ. ਅਤੇ ਉਨ੍ਹਾਂ ਦੇ ਸਾਥਿਆ ਨੂੰ ਸਟੇਜ ਦੇ ਸਾਹਮਣੇ ਬੈਠਣ ਦੀ ਜਗ੍ਹਾਂ ਖਾਲੀ ਨਾ ਹੋਣ ਕਰਕੇ ਪਉੜੀਆਂ ਤੇ ਬੈਠ ਕੇ ਹੀ ਲਗਭਗ 3 ਘੰਟੇ ਬੱਚਿਆ ਦੀ ਹੌਸ਼ਲਾ ਅਫਜਾਈ ਕਰਨੀ ਪਈ। ਸਕੂਲ ਨੂੰ ਸਥਾਪਿਤ ਕਰਨ ’ਚ ਯੋਗਦਾਨ ਦੇਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਯਾਦਗਾਰੀ ਚਿਨ੍ਹ ਦੇ ਕੇ ਬੀਬੀ ਬਾਦਲ ਵੱਨੋਂ ਨਿਵਾਜਿਆ ਗਿਆ।
ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਉੱਘੇ ਗਾਇਕ ਰੱਬੀ ਸ਼ੇਰਗਿਲ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਤਨਵੰਤ ਸਿੰਘ, ਕੁਲਦੀਪ ਸਿੰਘ ਸਾਹਨੀ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਚੰਢੋਕ, ਗੁਰਬਚਨ ਸਿੰਘ ਚੀਮਾ, ਕੈਪਟਨ ਇੰਦਰਪ੍ਰੀਤ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ ਭੋਲਾ, ਸਮਰਦੀਪ ਸਿੰਘ ਸੰਨੀ, ਮਨਮੋਹਨ ਸਿੰਘ, ਜਸਬੀਰ ਸਿੰਘ ਜੱਸੀ, ਖੇਡ ਡਾਇਰੈਕਟਰ ਸਵਰਣਜੀਤ ਸਿੰਘ ਬਰਾੜ, ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਅਕਾਲੀ ਆਗੂ ਵਿਕਰਮ ਸਿੰਘ ਅਤੇ ਮਨਜੀਤ ਸਿੰਘ ਔਲਖ ਨੇ ਮੌਜੂਦ ਰਹਿ ਕੇ ਬੱਚਿਆ ਦੀ ਹੌਸ਼ਲਾ ਅਫਜਾਈ ਕੀਤੀ।