ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 16ਵੇਂ ਸਰਬ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲਾ 2015-16 ਵਿੱਚ ਭਾਰਤੀ ਸਮੂਹ ਗਾਂਨ ਵਿੱਚ ਸੋਨ ਤਗਮਾ, ਦੇਸ਼ ਭਗਤੀ ਸਮੂਹ ਗਾਂਨ ਵਿੱਚ ਚਾਂਦੀ ਦਾ ਤਗਮਾ ਅਤੇ ਪੋਸਟਰ ਤਿਆਰ ਕਰਨ ਅਤੇ ਪ੍ਰਸ਼ਨੋਤਰੀ ਵਿੱਚ ਕਾਂਸੀ ਦਾ ਤਗਮਾ ਹਾਸਿਲ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਹ ਯੁਵਕ ਮੇਲਾ ਆਈ ਸੀ ਏ ਆਰ ਨਵੀਂ ਦਿੱਲੀ ਵੱਲੋਂ ਉੜੀਸਾ ਦੀ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ, ਭੁਵਨੇਸ਼ਰ ਵਿਖੇ 1-4 ਫਰਵਰੀ-2016 ਨੂੰ ਆਯੋਜਿਤ ਹੋਇਆ ਸੀ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੌਮੀ ਪੱਧਰ ਤੇ ਅਜਿਹਾ ਮਾਣ ਹਾਸਿਲ ਕਰਨ ਲਈ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਅਜਿਹੀ ਚੜ੍ਹਦੀ ਕਲਾ ਲਈ ਕਾਮਨਾ ਵੀ ਕੀਤੀ।
ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ:ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਅਜਿਹੀਆਂ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਅੰਦਰ ਮਾਣ ਮੱਤਾ ਅਹਿਸਾਸ ਦਿਵਾਉਂਦੀਆਂ ਹਨ ਅਤੇ ਉਨ੍ਹਾਂ ਦੇ ਚਰਿੱਤਰ ਨੂੰ ਸਿਰਜਾਣਤਮਕ ਰਾਹਾਂ ਤੇ ਤੋਰਦੀਆਂ ਹਨ। ਉਨ੍ਹਾਂ ਦੱਸਿਆ ਕਿ ਪੀ ਏ ਯੂ ਦੀ ਟੀਮ ਵਿੱਚ 27 ਵਿਦਿਆਰਥੀ ਸ਼ਾਮਿਲ ਸਨ ਜਿਨ੍ਹਾਂ ਨੇ ਸਾਹਿਤਕ ਕਲਾਵਾਂ, ਥੀਏਟਰ, ਸੰਗੀਤ ਅਤੇ ਨਾਚ ਦੀਆਂ ਵੱਖੋ ਵੱਖਰੀਆਂ 15 ਵੰਨਗੀਆਂ ਵਿੱਚ ਭਾਗ ਲਿਆ। ਇਸ ਯੁਵਕ ਮੇਲੇ ਵਿੱਚ ਦੇਸ਼ ਭਰ ਤੋਂ 45 ਖੇਤੀ ਯੂਨੀਵਰਸਿਟੀਆਂ ਸ਼ਾਮਿਲ ਹੋਈਆਂ।
ਡਾ: ਸਿਮਰਨ ਸਿੱਧੂ ਅਤੇ ਡਾ: ਕਰਨਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਪੀਏਯੂ ਦੀ ਟੀਮ ਇਸ ਯੁਵਕ ਮੇਲੇ ਵਿੱਚ ਸ਼ਾਮਿਲ ਹੋਈ।