ਫਤਹਿਗੜ੍ਹ ਸਾਹਿਬ – “ਹਿੰਦ ਦੇ ਮੱਕਾਰਤਾ ਅਤੇ ਮੁਤੱਸਵੀ ਸੋਚ ਨਾਲ ਲਬਰੇਜ਼ ਹੋਏ ਹੁਕਮਰਾਨਾਂ ਵੱਲੋਂ ਸਮੇਂ ਸਮੇਂ ‘ਤੇ ਕਿਵੇਂ ਮੁਸਲਿਮ ਅਤੇ ਸਿੱਖ ਕੌਮ ਨਾਲ ਵਿਤਕਰੇ ਅਤੇ ਜਬਰ ਜੁਲਮ ਵਾਲੇ ਅਮਲ ਕੀਤੇ ਜਾ ਰਹੇ ਹਨ, ਉਸਦੀ ਪ੍ਰਤੱਖ ਮਿਸਾਲ ਉਦੋਂ ਸਾਹਮਣੇ ਆ ਜਾਂਦੀ ਹੈ ਜਦੋਂ ਸ਼੍ਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਤਾਲੀਮ ਹਾਸਿਲ ਕਰਨ ਵਾਲੇ ਮੁਸਲਿਮ ਵਿਦਿਆਰਥੀਆਂ ਵੱਲੋਂ ਹਿੰਦ ਦੇ ਵਿਧਾਨ ਦੀ ਧਾਰਾ 14 ਦੇ ਅਧੀਨ ਉਹਨਾਂ ਨੂੰ ਮਿਲੇ ਬਰਾਬਰਤਾ ਦੇ ਹੱਕ ਅਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਮੰਗ ਉੱਠੀ ਕਿ ਉਹਨਾਂ ਦੇ ਸ਼ਹੀਦ ਕੀਤੇ ਗਏ ਮੁਸਲਿਮ ਆਗੂਆਂ ਸ਼੍ਰੀ ਮਕਬੂਲ ਭੱਟ ਅਤੇ ਸ਼੍ਰੀ ਅਫ਼ਜ਼ਲ ਗੁਰੂ ਦੀਆਂ ਅਸਥੀਆਂ ਮੁਸਲਿਮ ਕੌਮ ਦੇ ਹਵਾਲੇ ਕੀਤੀਆਂ ਜਾਣ। ਤਾਂ ਕਿ ਮੁਸਲਿਮ ਕੌਮ ਆਪਣੇ ਸ਼ਹੀਦਾਂ ਦੀ ਅੰਤਿਮ ਕਿਰਿਆ ਆਪਣੀਆਂ ਮੁਸਲਿਮ ਰਵਾਇਤਾਂ ਅਨੁਸਾਰ ਪੂਰਨ ਕਰ ਸਕੇ। ਅਜਿਹੀ ਵਿਧਾਨਿਕ ਮੰਗ ਕਰਨ ਵਾਲੇ ਵਿਦਿਆਰਥੀਆਂ ਉਤੇ ਮੌਜੂਦਾ ਹੁਕਮਰਾਨਾਂ ਨੇ ਅਤਿ ਸੰਗੀਨ ਜੁਰਮ ਹੇਠ ਮੁਕੱਦਮੇ ਦਰਜ ਕਰਕੇ ਜੋ ਉਹਨਾਂ ਉਤੇ ਜਬਰ ਜੁਲਮ ਸ਼ੁਰੂ ਕਰ ਦਿੱਤਾ ਹੈ, ਇਹ ਵਿਧਾਨ ਦੀ ਧਾਰਾ 14 ਦੀ ਬਰਾਬਰਤਾ ਵਾਲੀ ਭਾਵਨਾ ਅਤੇ ਅਮਲਾਂ ਦਾ ਕਤਲ ਕਰਨ ਅਤੇ ਮੁਸਲਿਮ ਕੌਮ ਦੇ ਮਨ ਅਤੇ ਆਤਮਾਵਾਂ ਨੂੰ ਦੁੱਖ ਪਹੁੰਚਾਉਣ ਦੇ ਅਸਹਿ ਅਮਲ ਕੀਤੇ ਜਾ ਰਹੇ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੂਝਵਾਨ ਅਤੇ ਆਪਣੀ ਕੌਮ ਦਾ ਦਰਦ ਰੱਖਣ ਵਾਲੇ ਮੁਸਲਿਮ ਵਿਦਿਆਰਥੀਆਂ ਵੱਲੋਂ ਆਪਣੇ ਸ਼ਹੀਦਾਂ ਦੀਆਂ ਅਸਥੀਆਂ ਮੰਗਣ ਉਤੇ ਉਹਨਾਂ ਉਤੇ ਦਰਜ ਕੀਤੇ ਜਾਣ ਵਾਲੇ ਸੰਗੀਨ ਕੇਸਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨੂੰ ਘੱਟ ਗਿਣਤੀਆਂ ਦੇ ਬਰਾਬਰਤਾ ਦੇ ਵਿਧਾਨਿਕ ਹੱਕ ਨੂੰ ਕੁਚਲਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ ਸਿੱਖ ਕੌਮ ਨੇ ਆਪਣੇ ਸ਼ਹੀਦਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ , ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਅਸਥੀਆਂ ਪ੍ਰਾਪਤ ਕਰਨ ਦੀ ਗੱਲ ਕੀਤੀ, ਤਾਂ ਸਿੱਖ ਕੌਮ ਦੀ ਇਸ ਵਿਧਾਨਿਕ ਅਤੇ ਜਾਇਜ਼ ਮੰਗ ਨੂੰ ਠੁਕਰਾ ਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ। ਸਾਨੂੰ ਅੱਜ ਤੱਕ ਨਹੀਂ ਪਤਾ ਕਿ ਉਪਰੋਕਤ ਸ਼ਹੀਦਾਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਹਨਾਂ ਨਾਲ ਸ਼ਹੀਦ ਹੋਏ 200 ਦੇ ਲਗਭਗ ਸਿੱਖ ਨੌਜਵਾਨਾਂ ਦੇ ਸਸਕਾਰ ਹੁਕਮਰਾਨਾ ਨੇ ਕਿੱਥੇ ਕੀਤੇ ਹਨ? ਉਹਨਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਿੱਥੇ ਕੀਤਾ ਗਿਆ ਅਤੇ ਉਹਨਾਂ ਦੇ ਭੋਗ ਕਿਸ ਥਾਂ ‘ਤੇ ਪਾਏ ਗਏ ਹਨ? ਇੱਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਬਰਤਾਨੀਆਂ ਲੰਡਨ ਤੋਂ ਸ਼ਹੀਦ ਉੱਧਮ ਸਿੰਘ ਦੀਆਂ ਅਸਥੀਆਂ ਮੰਗਵਾ ਕੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਵੀ ਕੀਤੀਆਂ ਸਨ ਅਤੇ ਭੋਗ ਵੀ ਪਾਏ ਗਏ ਸਨ। ਅੱਜ ਹਿੰਦੂਤਵ ਹੁਕਮਰਾਨ ਸੁਭਾਸ਼ ਚੰਦਰ ਬੋਸ ਦੀ ਮੌਤ ਬਾਰੇ ਨਿੱਤ ਦਿਹਾੜੇ ਨਵੇਂ ਨਵੇਂ ਦਸਤਾਵੇਜ਼ ਵੀ ਪੇਸ਼ ਕਰ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਉਹ ਤਾਇਵਾਨ ਵਿਚ ਪੂਰੇ ਹੋਏ ਸਨ। ਜਦੋਂ ਸ਼ਹੀਦ ਉੱਧਮ ਸਿੰਘ ਦੀਆਂ ਅਸਥੀਆਂ ਮੰਗਵਾਈਆਂ ਜਾ ਸਕਦੀਆਂ ਹਨ ਅਤੇ ਸੁਭਾਸ਼ ਚੰਦਰ ਬੋਸ ਦੀ ਮੌਤ ਬਾਰੇ ਸਭ ਦਸਤਾਵੇਜ਼ ਇਕੱਤਰ ਕਰਨ ਦੇ ਅਮਲ ਹੋ ਰਹੇ ਹਨ ਤਾਂ ਸ਼੍ਰੀ ਮਕਬੂਲ ਭੱਟ ਅਤੇ ਸ਼੍ਰੀ ਅਫ਼ਜ਼ਲ ਗੁਰੂ, ਜਿਹਨਾਂ ਨੂੰ ਉਸ ਸਮੇਂ ਕ੍ਰਮਵਾਰ ਮਰਹੂਮ ਇੰਦਰਾ ਗਾਂਧੀ ਨੇ ਅਤੇ ਸ. ਮਨਮੋਹਨ ਸਿੰਘ ਦੀਆਂ ਸਰਕਾਰਾਂ ਨੇ ਬਹੁ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਅਣਮਨੁੱਖੀ ਅਤੇ ਗੈਰ ਕਾਨੂੰਨੀਂ ਤਰੀਕੇ ਫਾਂਸੀਆਂ ਲਗਾ ਕੇ ਸ਼ਹੀਦ ਕੀਤਾ, ਉਹਨਾਂ ਦੀਆਂ ਅਸਥੀਆਂ ਮੁਸਲਿਮ ਕੌਮ ਨੂੰ ਅਤੇ ਸਿੱਖ ਸ਼ਹੀਦਾਂ ਦੀਆਂ ਅਸਥੀਆਂ ਸਿੱਖ ਕੌਮ ਦੇ ਸਪੁਰਦ ਕਰਨ ਤੋਂ ਇਨਕਾਰ ਕਰਕੇ ਕੀ ਹੁਕਮਰਾਨ ਵਿਧਾਨ ਦੀ ਧਾਰਾ 14 ਜੋ ਸਭਨਾ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਹੱਕ ਦਿੰਦੀ ਹੈ, ਉਸ ਦਾ ਜਨਾਜ਼ਾ ਨਹੀਂ ਕੱਢਿਆ ਜਾ ਰਿਹਾ? ਸ. ਮਾਨ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ ਅਤੇ ਸਿੱਖ ਕੌਮ ਨਾਲ ਵਿਧਾਨਕ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਤੌਰ ‘ਤੇ ਕੀਤੇ ਜਾ ਰਹੇ ਘੋਰ ਵਿਤਕਰਿਆਂ ਪ੍ਰਤੀ ਹੁਕਮਰਾਨਾਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਹੋਰ ਲੰਮਾ ਸਮਾਂ ਉਹਨਾਂ ਦੀਆਂ ਤਾਨਾਸ਼ਾਹੀ ਜਾਬਰ ਨੀਤੀਆਂ ਨੂੰ ਘੱਟ ਗਿਣਤੀ ਕੌਮਾਂ ਪ੍ਰਵਾਨ ਨਹੀਂ ਕਰਨਗੀਆਂ। ਉਹਨਾਂ ਮੰਗ ਕੀਤੀ ਕਿ ਸ਼੍ਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਮੁਸਲਿਮ ਵਿਦਿਆਰਥੀਆਂ ਉਤੇ ਮੰਦਭਾਵਨਾ ਅਧੀਨ ਦਰਜ ਕੀਤੇ ਗਏ ਕੇਸਾਂ ਨੂੰ ਰੱਦ ਕਰਕੇ ਉਹਨਾਂ ਦੀ ਮੰਗ ਅਨੁਸਾਰ ਉਹਨਾਂ ਦੇ ਸ਼ਹੀਦਾਂ ਸ਼੍ਰੀ ਮਕਬੂਲ ਭੱਟ ਅਤੇ ਸ਼੍ਰੀ ਅਫ਼ਜ਼ਲ ਗੁਰੂ ਦੀਆਂ ਅਸਥੀਆਂ ਮੁਸਲਿਮ ਕੌਮ ਦੇ ਹਵਾਲੇ ਕੀਤੀਆਂ ਜਾਣ ਅਤੇ ਸਮੁੱਚੀ ਮੁਸਲਿਮ ਕੌਮ ਦੇ ਮਨ ਵਿਚ ਉਠੇ ਬਗਾਵਤੀ ਰੋਹ ਨੂੰ ਸ਼ਾਂਤ ਕੀਤਾ ਜਾਵੇ।