ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ‘ਬਾਲ ਪ੍ਰੀਤ’ ਰਸਾਲੇ ਪ੍ਰਤੀ ਡਿਪਟੀ ਕਮਿਸ਼ਨਰ ਪਟਿਆਲਾ ਦੀ ਗ਼ੈਰ ਮਾਤ ਭਾਸ਼ਾ ਪਹੁੰਚ ਦੀ ਨਿਖੇਧੀ ਕੀਤੀ ਗਈ ਹੈ। ਯਾਦ ਰਹੇ ਕਿ ਬਾਲ ਪ੍ਰੀਤ ਰਸਾਲਾ ਡਿਪਟੀ ਕਮਿਸ਼ਨਰ ਸ੍ਰੀ ਜੀ. ਕੇ. ਸਿੰਘ ਨੇ ਪਟਿਆਲਾ ਵਿਖੇ ਤਾਇਨਾਤ ਹੋਣ ਸਮੇਂ ਸ਼ੁਰੂ ਕਰਵਾਇਆ ਸੀ ਜਿਸ ਦਾ ਸਾਫ਼ ਮੰਤਵ ਸੀ ਕਿ ਬੱਚਿਆਂ ਦਾ ਮੁਢਲਾ ਵਿਕਾਸ ਮਾਂ ਬੋਲੀ ਵਿਚ ਵਧੇਰੇ ਮਿਆਰੀ ਸਾਹਿਤ ਪੜ੍ਹਨ ਨਾਲ ਹੀ ਹੋ ਸਕਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਬਾਲ ਪ੍ਰੀਤ ਰਸਾਲੇ ਦੇ ਚਾਰ ਸਫ਼ੇ ਦੂਜੀਆਂ ਭਾਸ਼ਾਵਾਂ ਨੂੰ ਦੇ ਦਿੱਤੇ ਜਾਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਚੰਗੀ ਸਮਾਜਿਕ ਸ਼ਖ਼ਸੀਅਤ ਦੀ ਉਸਾਰੀ ਮਾਂ ਬੋਲੀ ਰਾਹੀਂ ਹੀ ਹੋ ਸਕਦੀ ਹੈ। ਇਹ ਦੁਨੀਆਂ ਭਰ ਦੇ ਭਾਸ਼ਾ ਵਿਗਿਆਨੀ ਕਹਿੰਦੇ ਆ ਰਹੇ ਹਨ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਜੀ ਨੇ ਇਸ ਫ਼ੈਸਲੇ ਨੂੰ ਰਾਜ ਭਾਸ਼ਾ ਐਕਟ ਦੀ ਭਾਵਨਾ ਦੇ ਬਿਲਕੁਲ ਵਿਪਰੀਤ ਦਸਿਆ। ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਅਜਿਹਾ ਕਰਨਾ ਪਹਿਲਾਂ ਹੀ ਮਾਂ ਬੋਲੀ ਪ੍ਰਤੀ ਹੋ ਰਹੇ ਇਕ ਚੰਗੇ ਕਾਰਜ ਤੋਂ ਹੱਥ ਖਿੱਚਣ ਵਾਲੀ ਗਲ ਹੈ। ਸੋ ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਵਿਚ ਇਸ ਫੈਸਲੇ ਖ਼ਿਲਾਫ਼ ਰੋਸ ਹੈ। ਇਸ ਰਸਾਲੇ ਨੂੰ ਨੰਨੇ ਬੱਚਿਆਂ ਨੂੰ ਪੜ੍ਹਾਉਣ ਲਈ ਬਹੁ ਭਾਸ਼ਾਈ ਪਹੁੰਚ ਉਨ੍ਹਾਂ ਦੇ ਮਨਾਂ ਵਿਚ ਭੰਬਲਭੂਸਾ ਪੈਦਾ ਕਰ ਸਕਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਚਰਨ ਕੌਰ ਕੋਚਰ, ਸ੍ਰੀ ਸੁਰਿੰਦਰ ਰਾਮਪੁਰੀ, ਜਨਮੇਜਾ ਸਿੰਘ ਜੌਹਲ ਹਾਜ਼ਰ ਸਨ।