ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੱਤਾ ਹੈ। ਆਪ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ 1984 ਸਿੱਖ ਕਤਲੇਆਮ ਦੇ ਕਥਿਤ ਮੁਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਮਿਲਣੀ ਦੀ ਫੋਟੋ ਸ਼ੋਸਲ ਮੀਡੀਆ ਤੇ ਵਾਇਰਲ ਹੋਣ ਦੇ ਬਾਅਦ ਕਮੇਟੀ ਦਾ ਉਕਤ ਪ੍ਰਤੀਕਰਮ ਸਾਹਮਣੇ ਆਇਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਖੁਲਾਸਾ ਕੀਤਾ ਕਿ ਮੁਸਲਿਮ ਸਮਾਜ ਦੇ ਤਿਉਹਾਰ ਈਦ-ਉਨ-ਮਿਲਾਦ-ਇਨ-ਨਬੀ ਦੇ ਮੌਕੇ ’ਤੇ ਪੁਰਾਣੀ ਦਿੱਲੀ ਵਿਖੇ 25 ਦਸੰਬਰ 2015 ਨੂੰ ਹੋਏ ਪ੍ਰੋਗਰਾਮ ਦੌਰਾਨ ਕੇਜਰੀਵਾਲ ਸਰਕਾਰ ਦੇ ਇੱਕ ਵਿਧਾਇਕ ਨੇ ਕੇਜਰੀਵਾਲ ਦੀ ਮਿਲਣੀ ਟਾਈਟਲਰ ਦੇ ਨਾਲ ਕਰਵਾਈ ਸੀ।ਇਸ ਮਿਲਣੀ ਦੇ 13 ਦਿਨਾਂ ਬਾਅਦ 1984 ਸਿੱਖ ਕਤਲੇਆਮ ਦੇ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਲਈ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਐਸ. ਆਈ. ਟੀ. ਬਣਾਉਣ ਸਬੰਧੀ ਕੀਤੀ ਗਈ ਤਜਵੀਜ਼ ਦੀ ਫਾਈਲ ਗੁਮ ਹੋਣ ਸਬੰਧੀ ਪੱਤਰ ਮਿਤੀ 8 ਜਨਵਰੀ 2016 ਨੂੰ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੋਣਾ ਮਹਿਜ ਇੱਤਫਾਕ ਨਹੀਂ ਹੈ।
ਕਮੇਟੀ ਵੱਲੋਂ ਫਾਈਲ ਗੁਆਚਣ ਦੇ ਮਸਲੇ ’ਤੇ 22 ਜਨਵਰੀ 2016 ਨੂੰ ਪ੍ਰੈਸ ਕਾਨਫਰੰਸ ਰਾਹੀਂ ਸੀ. ਬੀ. ਆਈ. ਦੀ ਜਾਂਚ ਕਰਵਾਉਣ ਦੀ ਕੀਤੀ ਮੰਗ ਨੂੰ ਦੋਹਰਾਉਂਦੇ ਹੋਏ ਪਰਮਿੰਦਰ ਨੇ ਕੇਜਰੀਵਾਲ ਅਤੇ ਕਾਂਗਰਸੀ ਆਗੂਆਂ ਦੇ ਆਪਸ ’ਚ ਗਹਿਰੇ ਸਬੰਧ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਸਿੱਖਾਂ ਦੇ ਵਿਚਕਾਰ ਜਾ ਕੇ 1984 ਸਿੱਖ ਕਤਲੇਆਮ ਦਾ ਇਨਸਾਫ ਦਿਵਾਉਣ ਲਈ ਭਾਵ ਪੂਰਣ ਤਕਰੀਰ ਕਰਦੇ ਹਨ ਤੇ ਦੂਜੇ ਪਾਸੇ ਕਾਤਿਲਾਂ ਨੂੰ ਜੱਫਿਆਂ ਪਾ ਕੇ ਆਪਣੀ ਜਿੰਮੇਵਾਰੀ ਤੋਂ ਭੱਜਣ ਦਾ ਕੋਝਾ ਜਤਨ ਕਰਦੇ ਹਨ। ਪਰਮਿੰਦਰ ਨੇ ਸਾਫ ਕਿਹਾ ਕਿ ਕੇਜਰੀਵਾਲ ਦੀ ਕੱਥਨੀ ਅਤੇ ਕਰਨੀ ਦਾ ਸ਼ੀਸ਼ਾ ਦਿਖਾਉਣ ਵਾਸਤੇ ਇਹ ਫੋਟੋ ਕਾਫੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਦੀ ਸਾਬਕਾ ਮੁਖਮੰਤਰੀ ਸ਼ੀਲਾ ਦੀਕਸ਼ਿਤ ਦੇ ਖਿਲਾਫ ਚੋਣਾਂ ਤੋਂ ਪਹਿਲੇ 375 ਪੇਜਾਂ ਦੀ ਘੋਟਾਲਿਆਂ ਸਬੰਧੀ ਚਾਰਜ਼ਸ਼ੀਟ ਬਕਸੇ ’ਚ ਹੋਣ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਅੱਜ ਇੱਕ ਸਾਲ ਬੀਤਣ ਦੇ ਬਾਅਦ ਵੀ ਸ਼ੀਲਾ ਦੇ ਖਿਲਾਫ ਕੋਈ ਕਾਰਵਾਈ ਨੂੰ ਕਿਉਂ ਨਹੀਂ ਅੰਜਾਮ ਤਕ ਪਹੁੰਚਾ ਸਕੇ ”;ਵਸ ਪਰਮਿੰਦਰ ਨੇ ਕੇਜਰੀਵਾਲ ਦੇ ਨਾਲ ਇਸ ਫੋਟੋ ਵਿਚ ਨਜ਼ਰ ਆ ਰਹੇ ਦਿੱਲੀ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ ਦੇ ਭਰਾ ਦੇ ਖਿਲਾਫ ਬੀਤੇ ਦਿਨੀਂ ਇੱਕ ਬਿਲਡਿੰਗ ਬਣਾਉਣ ਨੂੰ ਲੈ ਕੇ ਬਿਲਡਰ ਤੋਂ ਪੈਸੀਆਂ ਦੀ ਮੰਗ ਕਰਦੇ ਹੋਏ ਸਾਹਮਣੇ ਆਏ ਵੀਡੀਓ ਦੇ ਬਾਵਜੂਦ ਭ੍ਰਿਸ਼ਟ ਮੰਤਰੀ ਦੀ ਛੁੱਟੀ ਕੇਜਰੀਵਾਲ ਵਲੋਂ ਨਾ ਕਰਨ ਦੇ ਪਿੱਛੇ ਟਾਈਟਲਰ ਦੀ ਇਸ ਮੁਲਾਕਾਤ ਦਾ ਸੂਤਰਧਾਰ ਇਮਰਾਨ ਹੁਸੈਨ ਦੇ ਹੋਣ ਦਾ ਵੀ ਖਦਸਾ ਜਤਾਇਆ।
ਪਰਮਿੰਦਰ ਨੇ ਜੋਰ ਦੇ ਕੇ ਕਿਹਾ ਕਿ ਸ਼ੀਲਾ ਨੂੰ ਬਚਾਉਣਾ, ਐਸ. ਆਈ. ਟੀ. ਦੀ ਫਾਈਲ ਗੁਆਚਣਾ, ਟਾਈਟਲਰ ਨੂੰ ਜੱਫਿਆਂ ਪਾਉਣਾ, ਨਿਰੰਕਾਰੀ ਬਾਬੇ ਦੀ ਸ਼ਰਣ ਵਿਚ ਜਾਉਣਾ, ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਆਪ ਆਗੂਆਂ ਵੱਲੋਂ ਅਤਿਵਾਦੀ ਦੱਸਣਾ ਅਤੇ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਐਸ. ਆਈ. ਟੀ. ਨੂੰ ਬੈਠਣ ਵਾਸਤੇ ਦਫਤਰ ਤੇ ਬਾਕੀ ਬੁਨੀਆਦੀ ਸੁਵਿਧਾਵਾਂ ਦਿੱਲੀ ਸਰਕਾਰ ਵੱਲੋਂ ਉਪਲਬਧ ਨਾ ਕਰਾਉਣਾ ਕੇਜਰੀਵਾਲ ਤੇ ਕਾਂਗਰਸ ਦਾ ਪਰਦੇ ਪਿੱਛੇ ਦਾ ਨਾਪਾਕ ਗੱਠਜੋੜ ਤੇ ਸਿੱਖਾਂ ਨੂੰ ਸਿੱਧੀ ਚੇਤਾਵਨੀ ਹੈ। ਪਰਮਿੰਦਰ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਸਿੱਖਾਂ ਦੇ ਕਾਤਿਲਾਂ ਅਤੇ ਪੰਥ ਵਿਰੋਧੀਆਂ ਦੀ ਜਮਾਤ ਦਾ ਇਸ ਵੇਲੇ ਰਹਿਬਰ ਬਣਿਆ ਹੋਇਆ ਹੈ।