ਅੰਮ੍ਰਿਤਸਰ – ਸਰਕਾਰ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਗੁਰੂ ਦੀ ਨਗਰੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਪਰ ਜਿਵੇਂ ਸੀ ਸੀ ਟੀ ਵੀ ਕੈਮਰਾ ਪ੍ਰੋਜੈਕਟ ਪਿਛਲੇ ਛੇ ਸਾਲ ਤੋਂ ਲਟਕ ਰਿਹਾ ਹੈ, ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਦਾ ਖ਼ਜਾਨਾ ਖਾਲੀ ਹੈ ਤੇ ਇਹ ਦਾਅਵੇ ਖੋਖਲੇ ਹਨ।ਦੇਸ਼,ਵਿਦੇਸ਼ਾਂ ਤੋਂ ਯਾਤਰੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਪਰ ਲੁਟੇਰਿਆਂ ਕੋਲੋਂ ਆਪਣੇ ਪਰਸ ਖੁਆ ਕੇ ਚਲੇ ਜਾਂਦੇ ਹਨ। ਉਹ ਇਥੇ ਆ ਕੇ ਪਛਤਾਉਂਦੇ ਹਨ ਕਿਉਂਕਿ ਪੈਸਿਆਂ ਤੋਂ ਇਲਾਵਾ ਇਨ੍ਹਾਂ ਵਿਚ ਪਾਸਪੋਰਟ ਤੇ ਹੋਰ ਜਰੂਰੀ ਕਾਗਜ਼ਾਤ ਹੁੰਦੇ ਹਨ। ਜਦੋਂ ਕਿਸੇ ਵੀ ਪ੍ਰੋਜੈਕਟ ਦਾ ਨੀਂਹ ਪਥਰ ਰਖਿਆ ਜਾਂਦਾ ਹੈ ਤਾਂ ਉਸ ਦੇ ਬੜੇ ਬੜੇ ਫਾਇਦੇ ਗਿਣਾਏ ਜਾਂਦੇ ਹਨ।ਅਜਿਹਾ ਹੀ ਸੀ ਸੀ ਟੀ ਵੀ ਕੈਮਰਾ ਪ੍ਰੋਜੈਕਟ ਨਾਲ ਹੋਇਆ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਜੂਨ 2011 ਵਿਚ ਉਸ ਸਮੇਂ ਦੇ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਦੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸੰਜੀਵ ਖੰਨਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਆਰ ਪੀ ਮਿੱਤਲ ਦੀ ਹਾਜ਼ਰੀ ਵਿਚ ਕੀਤੀ ਸੀ। ਇਹ ਪ੍ਰੋਜੈਕਟ ਨਗਰ ਸੁਧਾਰ ਟਰੱਸਟ ਨੇ 5.5ਕ੍ਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਨਾ ਸੀ।
ਇਸ ਪ੍ਰੋਜੈਕਟ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਪੱਤਰ ਲਿਖ ਕੇ ਯਾਦ ਕਰਵਾਇਆ ਹੈ ਕਿ ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਲਈ ਪਿਛਲੇ ਸਾਲ 17 ਜੂਨ ਨੂੰ ਉ¤ਪ-ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਪੱਤਰ ਲਿਖਿਆ ਸੀ,ਜਿਸ ਦੇ ਉਤਰ ਵਿਚ ਅੰਮ੍ਰਿਤਸਰ ਦੇ ਪੁਲੀਸ ਕਮਸ਼ਿਨਰ ਨੇ ਉਨ੍ਹਾਂ ਨੂੰ 22 ਜੁਲਾਈ 2015 ਨੂੰ ਆਪਣੇ ਜੁਆਬ ਵਿਚ ਲਿਖਿਆ ਸੀ ਕਿ ਇਹ ਕੈਮਰੇ ਲਗਵਾਉਣ ਲਈ ਪ੍ਰਾਈਡ ਐਂਡ ਵਾਟਰ ਕੂਪਰ ਕੰਪਨੀ ਵਲੋਂ ਸ਼ਹਿਰ ਦਾ ਸਰਵੇਖਣ ਕਰ ਲਿਆ ਗਿਆ ਹੈ ਤੇ ਇਨ੍ਹਾਂ ਨੂੰ ਜਲਦੀ ਲਗਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਅਫ਼ੳਮਪ;ਸੋਸ ਦੀ ਗੱਲ ਹੈ ਕਿ ਅਜੇ ਤੀਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ।
ਸਾਬਕਾ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਇਸ ਪ੍ਰੋਜੈਕਟ ਦਾ ਨੀਂਹ ਪਥਰ ਰਖਿਆ ਸੀ,ਇਸ ਬਾਰੇ ਚੁੱਪ ਹਨ ।ਉਪ-ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਹਰ ਮਹੀਨੇ ਸ਼ਹਿਰ ਵਿਚ ਚਲ ਰਹੇ ਕੰਮਾਂ ਦਾ ਜਾਇਜਾ ਲੈਂਦੇ ਹਨ,ਨੇ ਵੀ ਇਸ ਪ੍ਰੋਜੈਕਟ ਬਾਰੇ ਕਦੇ ਕੋਈ ਬਿਆਨ ਨਹੀਂ ਦਿੱਤਾ ,ਜਿਸ ਤੋਂ ਪਤਾ ਲਗਦਾ ਹੈ ਕਿ ਉਹ ਇਸ ਪ੍ਰਤੀ ਗੰਭੀਰ ਨਹੀਂ । ਮੰਚ ਆਗੂ ਨੇ ਮੁੱਖ-ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਹਿਰ ਦੇ ਸੰਗਤ ਦਰਸ਼ਨ ਕਰਨ ਆਉਣ ਤੇ ਇਸ ਪ੍ਰੋਜੈਕਟ ਸਮੇਤ ਬਾਕੀ ਦੇ ਲਟਕ ਰਹੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਵਾਉਣ ਤਾਂ ਜੋ ਆਉਂਦੀਆਂ ਚੋਣਾਂ ਵਿਚ ਉਨ੍ਹਾਂ ਇਨ੍ਹਾਂ ਪ੍ਰੋਜੈਕਟਾਂ ਦਾ ਲਾਹਾ ਮਿਲ ਸਕੇ।
ਯਾਦ ਰਹੇ ਕਿ ਇਸ ਪ੍ਰੋਜੈਕਟ ਅਧੀਨ ਨਿਊਯਾਰਕ (ਅਮਰੀਕਾ) ਦੀ ਤਰਜ ’ਤੇ 432 ਥਾਵਾਂ ’ਤੇ 1157 ਕੈਮਰੇ ਲੱਗਣੇ ਹਨ।ਸ਼ਹਿਰ ਦੀ ਚਾਰ ਦੀਵਾਰੀ ਦੇ ਅੰਦਰਲੇ ਇਲਾਕਿਆਂ ਤੋਂ ਇਲਾਵਾ ਗੁਮਟਾਲਾ ਬਾਈਪਾਸ, ਛੇਹਰਟਾ ਚੌਂਕ, ਫ਼ਤਿਹਗੜ੍ਹ ਚੂੜੀਆਂ ਸੜਕ ਬਾਈਪਾਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਚੌਂਕ, ਪੁਤਲੀਘਰ ਚੌਂਕ, ਬੱਸ ਸਟੈਂਡ, ਰੇਲਵੇ ਸਟੇਸ਼ਨ, ਦਬੁਰਜੀ ਬਾਈਪਾਸ ਚੌਂਕ, ਵੱਲਾ ਬਾਈਪਾਸ ਚੌਂਕ, ਵੇਰਕਾ ਬਾਈਪਾਸ ਚੌਂਕ, ਰਾਮਤੀਰਥ ਰੋਡ ਬਾਈਪਾਸ, ਮਜੀਠਾ ਰੋਡ ਬਾਈਪਾਸ ਆਦਿ ਮਹੱਤਵਪੂਰਨ ਥਾਵਾਂ ‘ਤੇ ਇਹ ਕੈਮਰੇ ਲਾਉਣ ਦੀ ਯੋਜਨਾ ਹੈ।ਇਨ੍ਹਾਂ ਕੈਮਰਿਆਂ ਦੇ ਚਾਲੂ ਹੋਣ ਨਾਲ ਜਿੱਥੇ ਚੋਰੀਆਂ, ਲੁੱਟਾਂ-ਖੋਹਾਂ ਆਦਿ ਨੂੰ ਠੱਲ੍ਹ ਪਵੇਗੀ, ਉਥੇ ਸ਼ਹਿਰ ਦੀ ਟ੍ਰੈਫਿਕ ਨੂੰ ਵੀ ਵਿਦੇਸ਼ਾਂ ਵਾਂਗ ਕੰਟਰੋਲ ਕਰਨ ਦੀ ਸਹਾਇਤਾ ਮਿਲੇਗੀ।