ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਵੱਲੋਂ ‘ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ’ ਮਨਾਇਆ ਗਿਆ।ਇਸ ਸਮੇਂ ਡਾ. ਬਲਵੰਤ ਸਿੰਘ ਸੰਧੂ ਨੇ ਮਾਤਭਾਸ਼ਾ ਦਿਵਸ ਦਾ ਇਤਿਹਾਸ ਦਸਦਿਆਂ ਕਿਹਾ ਕਿ ਇਹ ਦਿਨ ਉਨ੍ਹਾਂ ਸ਼ਹੀਦ ਵਿਦਿਆਰਥੀਆਂ ਨੂੰ ਸਮਰਪਿਤ ਹੈ ਜੋ 1952 ਵਿੱਚ ਪੂਰਬੀ ਪਾਕਿਸਤਾਨ (ਅਜੋਕਾ ਬੰਗਲਾ ਦੇਸ਼) ਵਿੱਚ ਆਪਣੀ ਮਾਤ ਭਾਸ਼ਾ ਬੰਗਲਾ ਲਈ ਸੰਘਰਸ਼ ਕਰਦੇ ਹੋਏ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ।ਉਨ੍ਹਾਂ ਨੇ ਕਈ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੁੜੇ ਰਹਿਣ ਲਈ ਪ੍ਰੇਰਿਆ।ਡਾ. ਨਰਿੰਦਰ ਕੌਰ ਕਾਂਗ ਨੇ ਪੰਜਾਬੀ ਭਾਸ਼ਾ ਦਾ ਇਤਿਹਾਸ ਦਸਦਿਆਂ ਇਸਦੀ ਅਮੀਰੀ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ।ਸੰਗੀਤ ਵਿਭਾਗ ਦੇ ਪ੍ਰੋ. ਜਸਪਾਲ ਸਿੰਘ ਨੇ ਮਾਤ ਭਾਸ਼ਾ ਸੰਬੰਧੀ ਗੀਤ ਪੇਸ਼ ਕੀਤਾ।ਅੰਤ ਕਾਲਜ ਦੇ ਡੀਨ ਡਾ. ਪਵਨ ਕੁਮਾਰ ਗਰਗ ਸਾਰੀਆਂ ਭਾਸ਼ਾਵਾਂ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਮਾਤ ਭਾਸ਼ਾ ਸਾਨੂੰ ਵਿਰਸੇ ਨਾਲ ਜੋੜੀ ਰੱਖਦੀ ਹੈ।ਮਾਤ ਭਾਸ਼ਾ ਨੂੰ ਵਿਸਾਰਣ ਨਾਲ ਇਨਸਾਨ ਹੱਥੋਂ ਬਹੁਤ ਕੁੱਝ ਛੁੱਟ ਜਾਂਦਾ ਹੈ।ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਵੀ ਵਿਦਿਆਰਥੀਆਂ ਨੂੰ ਮਾਤਭਾਸ਼ਾ ਨਾਲ ਜੁੜੇ ਰਹਿਣ ਦਾ ਸੰਦੇਸ਼ ਭੇਜਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।