ਸ੍ਰੀਨਗਰ – ਗਿਲਾਨੀ ਦੀ ਅਗਵਾਈ ਵਾਲਾ ਹੁਰੀਅਤ ਵੀ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਿਸਟੀ ਦੇ ਵਿਦਿਆਰਥੀਆਂ ਦੇ ਸਮਰਥਣ ਵਿੱਚ ਅੱਗੇ ਆ ਗਿਆ ਹੈ। ਹੁਰੀਅਤ ਕਾਨਫਰੰਸ ਨੇ ਵਿਦਿਆਰਥੀਆਂ ਦੇ ਹੱਕ ਵਿੱਚ 27 ਫਰਵਰੀ ਨੂੰ ਪੂਰੇ ਕਸ਼ਮੀਰ, ਚਿਨਾਬ ਘਾਟੀ ਅਤੇ ਪੀਰ ਪੰਜਾਲ ਖੇਤਰ ਵਿੱਚ ਬੰਦ ਕਰਨ ਦਾ ਐਲਾਨ ਕੀਤਾ ਹੈ। ਹੁਰੀਅਤ ਕਾਨਫਰੰਸ ਨੇ ਜੇਐਨਯੂ ਵਿਦਿਆਰਥੀਆਂ ਦੇ ਖਿਲਾਫ਼ ਕਾਰਵਾਈ ਨੂੰ ਕਸ਼ਮੀਰੀ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤੇ ਜਾਣ ਅਤੇ ਐਸ. ਏ. ਆਰ. ਗਿਲਾਨੀ ਦੇ ਖਿਲਾਫ਼ ਦੇਸ਼ਧਰੋਹ ਦੇ ਆਰੋਪ ਲਗਾਏ ਜਾਣ ਦਾ ‘ਫਾਸੀਵਾਦ ਅਤੇ ਸਰਕਾਰੀ ਅੱਤਵਾਦ ਦਾ ਘਿਨੌਣਾ ਰੂਪ’ ਦੱਸਿਆ ਹੈ।
ਹੁਰੀਅਤ ਦੇ ਜਨਰਲ ਸਕੱਤਰ ਸ਼ਬੀਰ ਸ਼ਾਹ ਨੇ ਕਿਹਾ, ‘ਭਾਰਤ ਵਿੱਚ ਕੁਲੀਨ ਬ੍ਰਾਹਮਣਾਂ ਦਾ ਰਾਜ ਚੱਲ ਰਿਹਾ ਹੈ ਅਤੇ ਉਹ ਹਰ ਘੱਟਗਿੱਣਤੀ ਅਤੇ ਪੱਛੜੀ ਜਾਤੀ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰਦੇ ਹਨ। ਇਸ ਵੱਖਵਾਦੀ ਸੰਗਠਨ ਨੇ ਜੇਐਨਯੂ ਦੇ ਵਿਦਿਆਰਥੀਆਂ ਦੇ ਖਿਲਾਫ਼ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ 26 ਫਰਵਰੀ ਨੂੰ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ, ‘ਡਰ ਅਤੇ ਪਰੇਸ਼ਾਨੀ ਦੇ ਕਾਰਣ ਕਈ ਵਿਦਿਆਰਥੀ ਵਾਪਿਸ ਆ ਰਹੇ ਹਨ। ਅਸੀਂ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਕਈ ਹੋਰਨਾਂ ਦੇ ਲਈ ਆਪਣਾ ਸਮਰਥਣ ਪ੍ਰਗਟ ਕਰਦੇ ਹਾਂ, ਜਿੰਨ੍ਹਾਂ ਨੇ ਉਸ ਫਾਸੀਵਾਦੀ ਮੀਡੀਆ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਉਨ੍ਹਾਂ ਨੂੰ ਫਸਾਉਣ ਦਾ ਯਤਨ ਕੀਤਾ।’
ਸ਼ਾਹ ਨੇ ਐਸ.ਏ.ਆਰ. ਗਿਲਾਨੀ ਦੀ ਗ੍ਰਿਫਤਾਰੀ ਨੂੰ ਵੀ ਰਾਜਨੀਤੀ ਤੋਂ ਪ੍ਰੇਰਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਗਰ ਗਿਲਾਨੀ ਅਤੇ ਬਾਕੀ ਵਿਦਿਆਰਥੀਆਂ ਨੂੰਤੁਰੰਤ ਪਰੇਸ਼ਾਨ ਕਰਨਾ ਬੰਦ ਨਾਂ ਕੀਤਾ ਗਿਆ ਅਤੇ ਉਨ੍ਹਾਂ ਦੀ ਰਿਹਾਈ ਨਾ ਕੀਤੀ ਗਈ ਤਾਂ ਕਸ਼ਮੀਰ ਵਿੱਚ ਇਸ ਸਬੰਧੀ ਤਿੱਖੀ ਪ੍ਰਤੀਕਿਰਿਆ ਹੁੰਦੀ ਰਹੇਗੀ।