ਚੰਡੀਗੜ੍ਹ – “ਬੀਤੇ 4-5 ਦਿਨਾਂ ਤੋਂ ਜੋ ਹਰਿਆਣੇ ਵਿਚ ਸਾੜ-ਫੂਕ ਹੋ ਰਹੀ ਹੈ ਅਤੇ ਪੁਲਿਸ ਤੇ ਫੌਜ ਵੱਲੋ ਆਮ ਸ਼ਹਿਰੀਆਂ ਉਤੇ ਗੋਲੀ ਚਲਾਕੇ 15 ਦੇ ਕਰੀਬ ਇਨਸਾਨਾਂ ਦੀ ਜਾਨ ਲੈ ਲਈ ਗਈ ਹੈ ਅਤੇ ਕੋਈ 150 ਦੇ ਕਰੀਬ ਜਖ਼ਮੀ ਕਰ ਦਿੱਤੇ ਗਏ ਹਨ, ਇਹ ਉਥੋ ਦੀ ਹਕੂਮਤ ਪਾਰਟੀ ਬੀਜੇਪੀ, ਆਰ.ਐਸ.ਐਸ ਤੇ ਸ੍ਰੀ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹਰਿਆਣਾ ਦੀਆਂ ਦਿਸ਼ਾਹੀਣ ਨੀਤੀਆਂ ਅਤੇ ਸੌੜੀ ਸੋਚ ਦੀ ਬਦੌਲਤ ਇਹ ਕੁਝ ਵਾਪਰਿਆ ਹੈ । ਜਿਸ ਲਈ ਹੁਕਮਰਾਨ ਪੁਲਿਸ ਤੇ ਫੌਜ ਸਿੱਧੇ ਤੌਰ ਤੇ ਜਿੰਮੇਵਾਰ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਥੇ ਮਾਰੇ ਗਏ ਪਰਿਵਾਰਾਂ ਨਾਲ ਜਿਥੇ ਡੁੰਘੀ ਹਮਦਰਦੀ ਤੇ ਦੁੱਖ ਪ੍ਰਗਟ ਕਰਦਾ ਹੈ, ਉਥੇ ਅਜਿਹੇ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ 20-20 ਲੱਖ ਅਤੇ ਜਖ਼ਮੀਆਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਵਿੱਤੀ ਮਦਦ ਫੌਰੀ ਦੇਣ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਵਿਚ ਵਾਪਰੇ ਦੁਖਾਤ ਲਈ ਅਤੇ ਇਨਸਾਨੀ ਜਿੰਦਗੀਆਂ ਦੇ ਹੋਏ ਨੁਕਸਾਨ ਲਈ ਖੱਟਰ ਹਕੂਮਤ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਮ੍ਰਿਤਕ ਤੇ ਜਖ਼ਮੀ ਪਰਿਵਾਰਾਂ ਨੂੰ ਫੌਰੀ ਵਿੱਤੀ ਮਦਦ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਜਿਹੇ ਹਾਲਾਤ ਇਸ ਕਰਕੇ ਪੈਦਾ ਹੋਏ ਹਨ ਕਿ ਹਿੰਦੂਤਵ ਹੁਕਮਰਾਨ ਇਥੇ ਜ਼ਬਰੀ ਹਿੰਦੂ ਸੋਚ ਅਧੀਨ ਸਕੂਲੀ ਬੱਚਿਆਂ ਨੂੰ ਗੀਤਾ ਦਾ ਪਾਠ, ਹਿੰਦੀ ਭਾਸ਼ਾ ਨੂੰ ਸਭਨਾਂ ਉਤੇ ਜ਼ਬਰੀ ਠੋਸਣ, ਇਥੋ ਦੀਆਂ ਯੂਨੀਵਰਸਿਟੀਆਂ ਵਿਚ ਤਿਰੰਗੇ ਝੰਡੇ ਲਹਿਰਾਉਣ ਅਤੇ ਹਰਿਆਣੇ ਵਿਚ ਉੱਚ ਪਦਵੀਆਂ ਵਿਚ ਪੰਜਾਬੀ-ਹਿੰਦੂਆਂ ਨੂੰ ਵੱਡੀ ਗਿਣਤੀ ਵਿਚ ਮੋਹਰੀ ਰੱਖਣ ਦੇ ਅਮਲਾਂ ਦੀ ਬਦੌਲਤ ਸਮੁੱਚੇ ਹਰਿਆਣੇ ਸੂਬੇ ਵਿਚ ਇਹ ਬੇਚੈਨੀ ਫੈਲੀ ਹੈ ।ਉਹਨਾਂ ਕਿਹਾ ਕਿ ਬੜੇ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਜੋ ਪੰਜਾਬੀ-ਹਿੰਦੂ ਹੈ, ਉਹ ਨਾ ਤਾਂ ਪੰਜਾਬੀਆਂ ਦਾ ਬਣਿਆ ਅਤੇ ਨਾ ਹੀ ਹਰਿਆਣੇ ਵਾਲਿਆ ਦਾ ਬਣਿਆ, ਉਹ ਮੁਤੱਸਵੀ ਸੋਚ ਦਾ ਗੁਲਾਮ ਬਣਕੇ ਮਨੁੱਖਤਾ ਵਿਰੋਧੀ ਸਾਜਿ਼ਸਾਂ ਦਾ ਹਿੱਸਾ ਬਣਨ ਦਾ ਭਾਗੀ ਬਣ ਰਿਹਾ ਹੈ । ਜਿਸ ਦੀ ਬਦੌਲਤ ਸਮੇਂ-ਸਮੇਂ ਤੇ ਵੱਖ-ਵੱਖ ਸਥਾਨਾਂ ਉਤੇ ਅਜਿਹੇ ਦੁਖਾਤ ਵਾਪਰ ਰਹੇ ਹਨ । ਉਹਨਾਂ ਕਿਹਾ ਕਿ ਸਿੱਖ ਕੌਮੀਅਤ ਦੀ ਜੁਬਾਨ ਪੰਜਾਬੀ ਹੁੰਦੀ ਹੈ । ਜਦੋਕਿ ਪੰਜਾਬੀ-ਹਿੰਦੂ ਹਿੰਦੀ ਨੂੰ ਅਤੇ ਇੰਡੀਆ ਨੂੰ ਕੌਮੀਅਤ ਸਮਝਦਾ ਹੈ। ਦੂਸਰੇ ਪਾਸੇ ਮੁਸਲਿਮ ਆਪਣੀ ਕੌਮੀਅਤ ਉਰਦੂ ਜੁਬਾਨ ਅਤੇ ਇਸਲਾਮ ਨੂੰ ਸਮਝਦੇ ਹਨ । ਜਦੋਕਿ ਹਿੰਦ ਅਤੇ ਹਰਿਆਣੇ ਵਿਚ ਵੱਡੀ ਗਿਣਤੀ ਵਿਚ ਸਿੱਖ ਵੀ ਵੱਸਦੇ ਹਨ, ਮੁਸਲਿਮ ਵੀ ਵੱਸਦੇ ਹਨ ਅਤੇ ਹੋਰ ਵਰਗ ਵੀ ਵੱਸਦੇ ਹਨ । ਇਹਨਾਂ ਕੌਮਾਂ ਉਤੇ ਜ਼ਬਰੀ ਹਿੰਦੂ ਪ੍ਰੋਗਰਾਮ ਠੋਸਣੇ, ਉੱਚ ਪਦਵੀਆਂ ਤੇ ਸਰਕਾਰੀ ਪਦਵੀਆਂ ਉਤੇ ਹਿੰਦੀ ਭਾਸ਼ਾ ਨੂੰ ਅਤੇ ਹਿੰਦੂ ਪ੍ਰੋਗਰਾਮ ਨੂੰ ਪ੍ਰਵਾਨ ਕਰਨ ਵਾਲੇ ਪੰਜਾਬੀ-ਹਿੰਦੂਆਂ ਨੂੰ ਸੌਪਣਾ, ਆਰ.ਐਸ.ਐਸ. ਦੀ ਸੋਚ ਵਾਲਾ ਡੀ.ਜੀ.ਪੀ. ਲਗਾਉਣਾ, ਅਜਿਹੇ ਅਮਲ ਹੀ ਨਫ਼ਰਤ ਤੇ ਦੂਰੀਆ ਖੜੀਆਂ ਕਰਦੇ ਹਨ । ਜੋ ਕਿ ਇਕ ਵਿਧਾਨ ਤੇ ਇਕ ਕਾਨੂੰਨ ਹੇਠ ਇਹ ਵਿਤਕਰੇ ਬੰਦ ਹੋਣੇ ਚਾਹੀਦੇ ਹਨ ।
ਉਹਨਾਂ ਕਿਹਾ ਕਿ ਸ੍ਰੀ ਭੁਪਿੰਦਰ ਸਿੰਘ ਹੁੱਡਾ ਜੋ ਸਾਬਕਾ ਮੁੱਖ ਮੰਤਰੀ ਹਰਿਆਣਾ ਹਨ, ਉਹਨਾਂ ਵੱਲੋ ਦਿੱਲੀ ਵਿਖੇ ਜੰਤਰ-ਮੰਤਰ ਤੇ ਹਰਿਆਣੇ ਦੇ ਵਾਪਰੇ ਦੁਖਾਤ ਵਿਰੁੱਧ ਰੈਲੀਆ ਕਰਨਾ ਇਕ ਦਿਖਾਵਾ ਮਾਤਰ ਹੈ । ਜਦੋਕਿ ਜਿਨ੍ਹਾਂ ਹਲਕਿਆ ਵਿਚ ਹੁੱਡਾ ਨਾਲ ਸੰਬੰਧਤ ਐਮ.ਐਲ.ਏ ਸਨ, ਉਹਨਾਂ ਹਲਕਿਆ ਵਿਚ ਹੀ ਅਜਿਹੇ ਦੁਖਾਤ ਨੂੰ ਹਵਾ ਦਿੱਤੀ ਗਈ ਹੈ । ਹਰਿਆਣੇ ਵਿਚ ਸਿੱਖ ਘੱਟ ਗਿਣਤੀ ਵਿਚ ਹਨ । ਉਹਨਾਂ ਦੀ ਪੰਜਾਬੀ ਮਾਂ ਬੋਲੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ । ਹਰਿਆਣੇ ਵਿਚ ਹੀ ਨਹੀਂ, ਬਲਕਿ ਪੂਰੇ ਹਿੰਦ ਵਿਚ ਹੁਕਮਰਾਨਾਂ ਵੱਲੋ ਸਮਾਜ ਵਿਰੋਧੀ ਜਾਤ-ਪਾਤ ਦੇ ਅਮਲਾਂ ਨੂੰ ਬੁੜਾਵਾ ਦੇ ਕੇ ਹੁਕਮਰਾਨ ਆਪੋ-ਆਪਣੀਆ ਸਿਆਸੀ ਰੋਟੀਆ ਸੇਕਣ ਵਿਚ ਮਸਰੂਫ ਹਨ । ਜਦੋਕਿ ਗੁਰੂ ਸਾਹਿਬਾਨ ਨੇ ਇਸ ਜਾਤ-ਪਾਤ ਦੇ ਅਤਿ ਵਿਤਕਰੇ ਭਰੇ ਤੇ ਨਫ਼ਰਤ ਭਰੇ ਅਮਲਾਂ ਨੂੰ ਖ਼ਤਮ ਕਰਕੇ “ਮਾਨਸ ਕੀ ਜਾਤ, ਸਭੈ ਇਕੋ ਪਹਿਚਾਨਬੋ” ਦਾ ਸੰਦੇਸ਼ ਦੇ ਕੇ ਇਹ ਸਭ ਭਿੰਨ-ਭੇਦ ਖਤਮ ਕੀਤੇ ਸਨ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ ਸੀ । ਪਰ ਹੁਕਮਰਾਨ ਆਪਣੀ ਵੋਟ ਸਿਆਸਤ ਨੂੰ ਮੁੱਖ ਰੱਖਕੇ ਅਜਿਹੀਆ ਲਹੂ-ਲੁਹਾਨ ਕਰਵਾਉਣ ਵਾਲੀਆਂ ਮਨੁੱਖਤਾ ਵਿਰੋਧੀ ਖੇਡਾਂ ਤੇ ਸਾਜਿ਼ਸਾ ਖੁਦ ਰਚਦੇ ਹਨ । ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਆਪਣਾ ਸੰਘਰਸ਼ ਜਾਰੀ ਰੱਖਣਗੀਆਂ ਅਤੇ ਇਥੋ ਦੇ ਨਿਵਾਸੀਆਂ ਨੂੰ ਬਰਾਬਰਤਾ, ਇਨਸਾਫ਼ ਪਸੰਦ, ਅਮਨ-ਚੈਨ ਤੇ ਜਮਹੂਰੀਅਤ ਵਾਲਾ ਨਿਜਾਮ ਦੇਣ ਦਾ ਬਚਨ ਕਰਨ ਦੇ ਨਾਲ-ਨਾਲ ਅਪੀਲ ਕਰਦੇ ਹਾਂ ਕਿ ਉਹ “ਸਰਬੱਤ ਦੇ ਭਲੇ” ਦੀ ਸੋਚ ਉਤੇ ਪਹਿਰਾ ਦੇਣ ਵਾਲੀ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਮਲੀ ਰੂਪ ਵਿਚ ਉਦਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨ ਅਤੇ ਅਸੀਂ ਸਭ ਸਮਾਜਿਕ ਬੁਰਾਈਆ ਅਤੇ ਅਜਿਹੇ ਦੁਖਾਤਾਂ ਦਾ ਮੁਕੰਮਲ ਰੂਪ ਵਿਚ ਅੰਤ ਕਰਨ ਦਾ ਬਚਨ ਦਿੰਦੇ ਹਾਂ ।