ਨਵੀਂ ਦਿੱਲ : ਸ. ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਮ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਸਿਰਸਾ ਦੀ ਅਗਵਾਈ ਵਿੱਚ ਕਮੇਟੀ ‘ਚ ਫੈਲੇ ਘੋਰ ਭ੍ਰਿਸ਼ਟਾਚਾਰ ਦਾ ਇੱਕ ਵਾਰੀ ਫਿਰ ਪਰਦਾਫਾਸ਼ ਹੋ ਗਿਆ ਹੈ, ਕਿਉਂਕਿ ਇਨ੍ਹਾਂ ਦੇ ਰਾਜਨੀਤਕ ਆਕਾ ਸੁਖਬੀਰ ਬਾਦਲ ਨੇ ਇਨ੍ਹਾਂ ਦੇ ਖਿਲਾਫ ਕਰੜਾ ਫੈਸਲਾ ਲੈਂਦਿਆਂ ਹੋਇਆਂ ਸਿਰਸਾ ਨੂੰ ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਜਾਣ ‘ਤੇ ਉਸ ਦੀਆਂ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਦੀਆਂ ਸਾਰੀਆਂ ਪਾਵਰਾਂ ਖੋਹ ਲਈਆਂ ਹਨ ਤੇ ਹੁਣ ਅਗਲੀ ਵਾਰੀ ਮਨਜੀਤ ਸਿੰਘ ਜੀ.ਕੇ. ਦੀ ਹੋਵੇਗੀ।
ਸ. ਸਰਨਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਮੇਟੀ ਦਾ ਮੌਜ਼ੂਦਾ ਜਨਰਲ ਸਕੱਤਰ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਗਿਆ ਤੇ ਉਸ ਦੇ ਕਾਰਜਕਾਲ ਦੇ ਦੌਰਾਨ ਹੀ ਉਸ ਦੀਆਂ ਪਾਵਰਾਂ ਖੋਹਕੇ ਜਾਇੰਟ ਸਕੱਤਰ ਦੇ ਸਪੁਰਦ ਕਰ ਦਿੱਤੀਆਂ ਗਈਆਂ। ਜਿਸ ਦਾ ਇਹ ਸਬੂਤ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਵਾਲੀ ਕਾਰਜਕਾਰਨੀ ਦੀ ਮੀਟਿੰਗ ਦਾ ਏਜੰਡਾ ਸਬੰਧਿਤ ਪੱਤ੍ਰਿਕਾ ਜਨਰਲ ਸਕੱਤਰ ਦੀ ਥਾਂ ਜਾਇੰਟ ਸਕੱਤਰ ਦੇ ਦਸਤਖ਼ਤਾਂ ਤਹਿਤ ਜਾਰੀ ਕੀਤੀ ਗਈ। ਜਦਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਤੇ ਗੁਰਦੁਆਰਾ ਐਕਟ 1971 ਅਨੁਸਾਰ ਜਾਇੰਟ ਸਕੱਤਰ ਕੇਵਲ ਜਨਰਲ ਸਕੱਤਰ ਦੀ ਗੈਰਹਾਜ਼ਰੀ ਵਿੱਚ ਉਸ ਦੀਆਂ ਪਾਵਰਾਂ ਦਾ ਉਪਯੋਗ ਕਰ ਸਕਦਾ ਹੈ ਪ੍ਰੰਤੂ ਅੱਜ ਦੇ ਹਾਲਾਤਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿੱਚ ਮੌਜ਼ੂਦ ਹੁੰਦੇ ਹੋਏ ਵੀ ਸੁਖਬੀਰ ਬਾਦਲ ਦੇ ਆਦੇਸ਼ਾਂ ਤਹਿਤ ਜਨਰਲ ਸਕੱਤਰ ਦੀਆਂ ਤਾਕਤਾਂ ਜਾਇੰਟ ਸਕੱਤਰ ਨੂੰ ਸੋਂਪ ਦਿੱਤੀਆਂ ਗਈਆਂ ਹਨ ਕਿਉਂਕਿ ਬਾਦਲ ਹਾਈਕਮਾਨ ਨੇ ਸਿਰਸਾ ਨੂੰ ਗੁਰਦੁਆਰਾ ਕਮੇਟੀ ਵਿੱਚ ਫੈਲੇ ਘੋਰ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਹੈ।
ਸ. ਸਰਨਾ ਨੇ ਕਿਹਾ ਕਿ ਪਿਛਲੇ ਹਫਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚੜ੍ਹਦੀਕਲਾ ਟਾਈਮ ਟੀ.ਵੀ. ‘ਤੇ ਗੋਲਕ ਦੇ ਪੈਸੇ ਨਾਲ ਖਰੀਦੇ ਗਏ ਪ੍ਰੋਗ੍ਰਾਮ, ਜਿਸ ਵਿੱਚ ਕਮੇਟੀ ਦੀਆਂ ਧਾਰਮਿਕ, ਸਮਾਜਿਕ ਤੇ ਸਿੱਖਿਆ ਨਾਲ ਸਬੰਧੀ ਗਤੀਵਿਧੀਆਂ ਤੇ ਉਪਲੱਬਧੀਆਂ ਦਿਖਾਈਆਂ ਜਾਂਦੀਆਂ ਹਨ ਤੇ ਜਿਸ ਉਪਰ ਕਮੇਟੀ ਦਾ 1 ਸਾਲ ਵਿੱਚ ਲੱਖਾਂ ਰੁਪਏ ਖਰਚ ਵੀ ਆਉਂਦਾ ਹੈ। ਇਸ ਪ੍ਰੋਗ੍ਰਾਮ ਵਿੱਚ ਇਸ ਹਫਤੇ ਸਿਰਸਾ ਦੇ ਬੇਟੇ ਦੀ ਦਸਤਾਰਬੰਦੀ ਦੇ ਪ੍ਰੋਗ੍ਰਾਮ ਨੂੰ ਦਿਖਾਇਆ ਗਿਆ, ਜੋ ਕਿਸੇ ਵੀ ਤਰੀਕੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਤੀਵਿਧੀ ਜਾਂ ਉਪਲੱਬਧੀ ਨਹੀਂ ਸੀ ਬਲਕਿ ਇਹ ਸਿਰਸਾ ਦਾ ਇੱਕ ਨਿਜੀ ਤੇ ਪਰਿਵਾਰਕ ਪ੍ਰੋਗ੍ਰਾਮ ਸੀ, ਜਿਸ ਨੂੰ ਕਮੇਟੀ ਵੱਲੋਂ ਗੋਲਕ ਦੇ ਪੈਸੇ ਨਾਲ ਖਰੀਦੇ ਗਏ ਪ੍ਰੋਗ੍ਰਾਮ ਵਿੱਚ ਪੂਰਾ ਸਮਾਂ ਦਿਖਾਇਆ ਗਿਆ। ਜੋ ਕਿ ਇਨ੍ਹਾਂ ਪ+ਬੰਧਕਾਂ ਵੱਲੋਂ ਗੋਲਕ ਦੇ ਪੈਸੇ ਦੀ ਕੀਤੀ ਜਾ ਰਹੀ ਲੁੱਟ-ਘਸੁੱਟ ਦਾ ਜਿੰਦਾਂ-ਜਾਗਦਾ ਪ੍ਰਮਾਣ ਹੈ।
ਸ. ਸਰਨਾ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਬਾਦਲ ਹਾਈਕਮਾਨ ਦੁਆਰਾ ਮਨਜੀਤ ਸਿੰਘ ਜੀ.ਕੇ. ਕੋਲੋਂ ਪ੍ਰਧਾਨਗੀ ਦੀਆਂ ਤਾਕਤਾਂ ਵੀ ਖੋਹ ਲਈਆਂ ਜਾਣਗੀਆਂ ਕਿਉਂਕਿ ਬਾਦਲ ਹਾਈਕਮਾਨ ਦਿੱਲੀ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ-2017 ਤੋਂ ਪਹਿਲਾਂ-ਪਹਿਲਾਂ ਗੁਰਦੁਆਰਾ ਕਮੇਟੀ ਵਿੱਚ ਫੈਲੇ ਘੋਰ ਭ੍ਰਿਸ਼ਟਾਚਾਰ ‘ਤੇ ਲਗਾਮ ਲਾਉਂਣਾ ਚਾਹੁੰਦੇ ਸਨ ਤਾਂਕਿ ਦਿੱਲੀ ਵਿੱਚ ਬਾਦਲ ਦਲ ਦੀ ਗਿਰਦੀ ਛਵੀ ਨੂੰ ਸੰਗਤਾਂ ਵਿੱਚ ਬਚਾਇਆ ਜਾ ਸਕੇ। ਇਸੇ ਰਣਨੀਤੀ ਤਹਿਤ ਸੁਖਬੀਰ ਬਾਦਲ ਨੇ ਪਹਿਲਾਂ ਉਂਕਾਰ ਸਿੰਘ ਥਾਪਰ, ਅਵਤਾਰ ਸਿੰਘ ਹਿਤ ਤੇ ਹੁਣ ਸਿਰਸਾ ਨੂੰ ਦਿੱਲੀ ਦੀ ਰਾਜਨੀਤੀ ਤੋਂ ਕੱਢਕੇ ਪੰਜਾਬ ਭੇਜਣ ਦਾ ਫੈਸਲਾ ਕੀਤਾ ਹੈ ਤਾਂਕਿ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਸਿੱਖ ਸੰਗਤਾਂ ਦੀ ਯਾਦਾਸ਼ਤ ਵਿੱਚੋਂ ਬਾਦਲ ਦਲ ਇਨ੍ਹਾਂ ਲੀਡਰਾਂ ਦੁਆਰਾ ਕਮੇਟੀ ਵਿੱਚ ਕੀਤੇ ਗਏ ਘੋਰ ਭ੍ਰਿਸ਼ਟਾਚਾਰ ਤੇ ਗੋਲਕ ਦੀ ਲੁੱਟ ਸਬੰਧੀ ਘਟਨਾਵਾਂ ਨੂੰ ਮਿਟਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਪ੍ਰੰਤੂ ਹੁਣ ਇਨ੍ਹਾਂ ਬਾਦਲਦਲੀਆਂ ਦਾ ਸਮੂੰਹ ਸਿੱਖਾਂ ਦੇ ਸਾਹਮਣੇ ਪਰਦਾਫਾਸ਼ ਹੋ ਚੁੱਕਾ ਹੈ। ਇਸ ਲਈ ਅੱਗੋਂ ਸੰਗਤਾਂ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੀਆਂ ਤੇ ਇਨ੍ਹਾਂ ਦੁਆਰਾ ਗੁਰਦੁਆਰਾ ਕਮੇਟੀ ਤੇ ਵਿਦਿਅਕ ਸੰਸਥਾਵਾਂ ਵਿੱਚ ਫੈਲਾਏ ਗਏ ਘੋਰ ਭ੍ਰਿਸ਼ਟਾਚਾਰ ਅਤੇ ਗੋਲਕ ਦੀ ਲੁੱਟ ਲਈ ਸੰਗਤਾਂ ਇਨ੍ਹਾਂ ਨੂੰ ਕਦੇ ਮਾਫ ਨਹੀਂ ਕਰਨਗੀਆਂ। ਉਨ੍ਹਾਂ ਨੇ ਕਿਹਾ ਅੱਜ ਤੱਕ ਅਸੀਂ (ਸਰਨਾ) ਤੇ ਦਿੱਲੀ ਦੀਆਂ ਸੰਗਤਾਂ ਹੀ ਗੋਲਕ ਦੀ ਲੁੱਟ ਬਾਰੇ ਆਖਦੇ ਸੀ ਪ੍ਰੰਤੂ ਹੁਣ ਤੇ ਖੁਦ ਬਾਦਲ ਦਲ ਦੇ ਸੀਨੀਅਰ ਆਗੂ ਵੀ ਇਹ ਕਹਿਣ ਲਈ ਮਜ਼ਬੂਰ ਹੋ ਚੁੱਕੇ ਹਨ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਅਧੀਨ ਸਿੱਖਿਆ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਆਪਣੀ ਚਰਮਸੀਮਾ ਪਾਰ ਕਰ ਚੁੱਕਾ ਹੈ। ਜਿਸ ਦਾ ਸਬੂਤ ਹਾਲ ਹੀ ਵਿੱਚ ਬਾਦਲ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿਤ ਦੁਆਰਾ ਇੱਕ ਪੱਤਰਕਾਰ ਨੂੰ ਦਿੱਤੇ ਇੰਟਰਵਿਊ ਦਾ ਸ਼ੋਸਲ ਮੀਡੀਆ ‘ਤੇ ਲੀਕ ਹੋਣ ਤੋਂ ਬਾਅਦ ਸਬੂਤ ਮਿਲਦਾ ਹੈ ਕਿ ਭ੍ਰਿਸ਼ਟਾਚਾਰ ਦਾ ਇਹ ਦੈਂਤ ਕਿਸ ਹੱਦ ਤੱਕ ਕਮੇਟੀ ਅਤੇ ਸਿੱਖਿਅਕ ਸੰਸਥਾਵਾਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ।