ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੀ ਕਾਰਗੁਜਾਰੀ ਬਾਰੇ ਦਿਤੇ ਗਏ ਬਿਆਨ ਨੂੰ ਕਮੇਟੀ ਨੇ ਹਾਸੋਹੀਣਾਂ ਕਰਾਰ ਦਿੱਤਾ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਆਪਣੀ ਬੌਧਿਕ ਕਮਜੋਰੀ ਦਾ ਇਲਾਜ ਕਿਸੇ ਚੰਗੇ ਡਾਕਟਰ ਤੋਂ ਕਰਵਾਉਣ ਦੀ ਸਲਾਹ ਦਿੰਦੇ ਹੋਏ ਸਰਨਾ ਤੇ ਨਿਰਾਸ਼ਾ ਅਤੇ ਹਤਾਸ਼ਾ ਦੇ ਮਾਹੌਲ ਵਿਚ ਝੂਠੇ ਦਾਅਵੇ ਕਰਨ ਦਾ ਵੀ ਦੋਸ਼ ਲਗਾਇਆ ਹੈ। ਬਿਨਾਂ ਕਿਸੇ ਸਬੂਤਾਂ ਨੂੰ ਨੱਥੀ ਕੀਤੇ ਮੀਡੀਆ ਨੂੰ ਸਰਨਾ ਵੱਲੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਬਿਆਨਾਂ ਦੇ ਖਿਲਾਫ਼ ਕਮੇਟੀ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੰਦੇ ਹੋਏ ਪਰਮਿੰਦਰ ਨੇ ਸਰਨਾ ਨੂੰ ਕਮੇਟੀ ਦਾ ਅਕਸ਼ ਆਪਣੇ ਸਿਆਸੀ ਮੁਫਾਦਾ ਲਈ ਨਾ ਵਿਗਾੜਨ ਦੀ ਵੀ ਨਸੀਹਤ ਦਿੱਤੀ ਹੈ।
ਹਰਿਆਣਾ ਵਿਖੇ ਬੀਤੇ ਦਿਨੀਂ ਜਾਟ ਅੰਦੋਲਨ ਦੌਰਾਨ ਸਿੱਖਾਂ ਤੇ ਪੰਜਾਬੀਆਂ ਨਾਲ ਹੋਇਆ ਧੱਕੇਸ਼ਾਹੀਆਂ ਬਾਰੇ ਵਿਰੋਧੀ ਧਿਰ ਦੇ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੇ ਵੀ ਪਰਮਿੰਦਰ ਨੇ ਸਵਾਲ ਖੜ੍ਹੇ ਕੀਤੇ। ਉਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਉਕਤ ਮੈਂਬਰ ਕਮੇਟੀ ਬਾਰੇ ਨੁਕਤਾਚੀਨੀ ਕਰਨ ਦੀ ਬਜਾਏ ਖੁਦ ਆਪਣੇ ਤੌਰ ਤੇ ਪੀੜਿਤਾਂ ਦੀ ਜਾ ਕੇ ਬਾਂਹ ਫੜਦੇ ਕਿਉਂਕਿ ਦਿੱਲੀ ਦੀ ਸੰਗਤ ਨੇ ਉਨ੍ਹਾਂ ਨੂੰ ਦਿੱਲੀ ਕਮੇਟੀ ’ਚ ਪ੍ਰਤਿਨਿਧਿਤਾ ਵਾਸਤੇ ਚੁਣਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪ੍ਰਬੰਧ ਹੇਠਲੇ ਪਾਣੀਪਤ ਅਤੇ ਰੋਹਤਕ ਦੇ ਗੁਰਦੁਆਰਿਆਂ ਵਿਚ ਲਗਾਏ ਗਏ ਲੰਗਰਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਬਿਆਨ ਬਹਾਦਰਾਂ ਨੂੰ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਿਚ ਭੇਦ ਨਾ ਕਰਨ ਦੀ ਵੀ ਅਪੀਲ ਕੀਤੀ ਹੈ।
ਸਿਰਫ਼ ਚੋਣਵੇਂ ਮੁੱਦਿਆਂ ’ਤੇ ਸੁਵੀਧਾ ਦੀ ਰਾਜਨੀਤੀ ਲਈ ਬੇਲੋੜੀ ਬਿਆਨਬਾਜ਼ੀ ਕਰਨ ਦੇ ਵਿਰੋਧੀਆਂ ਵਿਚ ਵੱਧ ਰਹੇ ਰੁਝਾਨ ਨੂੰ ਵੀ ਪਰਮਿੰਦਰ ਨੇ ਸਿਆਸਤ ਦੇ ਗਿਰਦੇ ਮਿਆਰ ਨਾਲ ਜੋੜਿਆ। ਜਮੀਨੀ ਤੌਰ ਤੇ ਬਿਨਾਂ ਕਾਰਜ ਕੀਤੇ ਲੋਕਾਂ ਦੀ ਨਜ਼ਰਾਂ ਵਿਚ ਬਣੇ ਰਹਿਣ ਵਾਸਤੇ ਇਸ ਨਾ-ਪੱਖੀ ਨੀਤੀ ਦੀ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਵਰਤੋਂ ਨੂੰ ਪਰਮਿੰਦਰ ਨੇ ਵਿਰੋਧੀਆਂ ਦੇ ਖਿਸਕਦੇ ਸਿਆਸੀ ਆਧਾਰ ਦੇ ਤੌਰ ਤੇ ਵੀ ਪਰਿਭਾਸ਼ਿਤ ਕੀਤਾ।