ਫ਼ਤਹਿਗੜ੍ਹ ਸਾਹਿਬ – “ਪਹਿਲਾ ਤਾਂ ਬਾਦਲ-ਬੀਜੇਪੀ ਹਕੂਮਤ ਵੱਲੋਂ ਸਾਜ਼ਸੀ ਢੰਗਾਂ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਏ ਗਏ । ਜਦੋ ਸਿੱਖ ਕੌਮ ਨੇ ਇਸ ਹੋਏ ਅਪਮਾਨ ਨੂੰ ਨਾ ਸਹਾਰਦੇ ਹੋਏ ਜਮਹੂਰੀਅਤ ਤਰੀਕੇ ਬਰਗਾੜੀ ਵਿਖੇ ਇਕੱਤਰ ਹੋ ਕੇ ਰੋਸ ਧਰਨਾ ਦਿੱਤਾ, ਤਾਂ ਪੰਜਾਬ ਪੁਲਿਸ ਨੇ ਉਥੇ ਗੋਲੀ ਚਲਾਕੇ ਦੋ ਸਿੱਖ ਨੌਜ਼ਵਾਨ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਕਰ ਦਿੱਤੇ ਅਤੇ ਅਨੇਕਾ ਨੂੰ ਜਖ਼ਮੀ ਕਰ ਦਿੱਤਾ । 5 ਮਹੀਨੇ ਦਾ ਸਮਾਂ ਬੀਤਣ ਉਪਰੰਤ ਨਾ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲਿਆ ਅਤੇ ਨਾ ਹੀ ਸਿੱਖ ਨੌਜ਼ਵਾਨਾਂ ਦੇ ਕਾਤਲਾਂ ਵਿਰੁੱਧ ਕੋਈ ਐਫ.ਆਈ.ਆਰ. ਦਰਜ ਕੀਤੀ ਗਈ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ । ਹੁਣ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋ ਪਹਿਲੇ ਤੋ ਹੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਬਰਗਾੜੀ ਤੋ ਫਰੀਦਕੋਟ ਤੱਕ ਮਨੁੱਖੀ ਚੈਨ ਬਣਾਉਦੇ ਹੋਏ ਇਨਸਾਫ਼ ਦੀ ਆਵਾਜ਼ ਉਠਾਉਣ ਦਾ ਜ਼ਮਹੂਰੀਅਤ ਢੰਗ ਅਪਣਾਇਆ ਗਿਆ ਤਾਂ ਬਾਦਲ-ਬੀਜੇਪੀ ਹਕੂਮਤ ਨੇ ਜੁਬਾਨੀ ਹੁਕਮ ਕਰਕੇ ਆਪਣੀ ਪੁਲਿਸ ਤੋ ਸਾਡੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਨੂੰ ਪੰਜਾਬ ਵਿਚੋ ਰਾਤੋ-ਰਾਤ ਗ੍ਰਿਫ਼ਤਾਰੀਆ ਕਰਨ ਦੀ ਸਾਜਿ਼ਸ ਰਚੀ । ਇਥੇ ਹੀ ਬਸ ਨਹੀਂ ਬਰਗਾੜੀ ਤੇ ਫਰੀਦਕੋਟ ਵਿਚ ਦਾਖਲ ਹੋਣ ਵਾਲੇ ਸਮੁੱਚੇ ਰਸਤਿਆ ਉਤੇ ਭਾਰੀ ਪੁਲਿਸ ਫੋਰਸਾ ਨਾਲ ਨਾਕੇ ਲਗਾਕੇ ਦਹਿਸ਼ਤ ਪਾਈ ਗਈ ਅਤੇ ਗੈਰ-ਕਾਨੂੰਨੀ ਤਰੀਕੇ ਰੋਕਾਂ ਲਗਾਕੇ ਸੰਗਤਾਂ ਨੂੰ ਪਹੁੰਚਣ ਵਿਚ ਰੁਕਾਵਟ ਪਾਈ ਗਈ । ਪੰਜਾਬ ਦੀ ਬਾਦਲ ਹਕੂਮਤ ਦੇ ਅਜਿਹੇ ਅਮਲ ਜਮਹੂਰੀਅਤ ਅਤੇ ਵਿਧਾਨਿਕ ਕਦਰਾ-ਕੀਮਤਾ ਦਾ ਕਤਲ ਕਰਨ ਅਤੇ ਪੰਜਾਬ ਵਿਚ “ਜੰਗਲ ਦੇ ਰਾਜ” ਵਾਲੀਆ ਕਾਰਵਾਈਆ ਹੋਣਾ ਪ੍ਰਤੱਖ ਕਰਦਾ ਹੈ ਕਿ ਇਥੇ ਤਾਨਾਸ਼ਾਹੀ ਸੋਚ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ । ਜਿਸ ਨੂੰ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸਮੁੱਚੇ ਪੰਜਾਬ ਵਿਚ ਜੁਬਾਨੀ ਹੁਕਮਾ ਰਾਹੀ ਪੁਲਿਸ ਵੱਲੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਦੇ ਅਹੁਦੇਦਾਰਾਂ ਦੇ ਘਰਾਂ ਉਤੇ ਛਾਪੇ ਮਾਰਨ, ਗ੍ਰਿਫ਼ਤਾਰ ਕਰਨ ਅਤੇ ਨਾਕੇ ਲਗਾਉਣ ਦੀ ਗੈਰ ਵਿਧਾਨਿਕ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਜੇਕਰ ਸਿੱਖ ਕੌਮ ਆਪਣੇ ਉਤੇ ਹੋਏ ਜ਼ਬਰ-ਜੁਲਮ ਵਿਰੁੱਧ ਇਨਸਾਫ਼ ਪ੍ਰਾਪਤੀ ਲਈ ਆਵਾਜ਼ ਉਠਾਉਦੀ ਹੈ ਤਾਂ ਇਥੋ ਦੀਆਂ ਫੋਰਸਾ ਤੇ ਪੁਲਿਸ ਉਹਨਾ ਦੇ ਜਮਹੂਰੀ ਹੱਕ ਨੂੰ ਕੁਚਲ ਦਿੰਦੀ ਹੈ । ਪਹਿਲਾ ਤਾਂ ਕੇਸ ਹੀ ਰਜਿਸਟਰਡ ਨਹੀਂ ਕੀਤੇ ਜਾਂਦੇ । ਫਿਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਤਾਂ ਇਕ ਸੁਪਨੇ ਦੀ ਨਿਆਈ ਹੋ ਗਿਆ ਹੈ । ਜੇਕਰ ਸਿੱਖ ਕੌਮ ਹੋ ਰਹੀ ਬੇਇਨਸਾਫ਼ੀ ਵਿਰੁੱਧ ਜਮਹੂਰੀਅਤ ਤਰੀਕੇ ਪ੍ਰੋਗਰਾਮ ਉਲੀਕ ਦੀ ਹੈ ਤਾਂ ਉਹਨਾਂ ਨੂੰ ਜ਼ਬਰੀ ਤਾਕਤ ਦੇ ਜੋਰ ਨਾਲ ਨਿਸ਼ਚਿਤ ਸਥਾਨ ਉਤੇ ਪਹੁੰਚਣ ਤੋ ਰੋਕਿਆ ਜਾਂਦਾ ਹੈ । ਫਿਰ ਇਥੇ ਕਾਨੂੰਨ ਅਤੇ ਵਿਧਾਨ ਦੀ ਕਿਹੜੀ ਚੀਜ਼ ਰਹਿ ਗਈ ਹੈ ? ਦੂਸਰਾ ਹੁਕਮਰਾਨ ਤੇ ਇਥੋ ਦਾ ਮੀਡੀਆ ਸਾਨੂੰ ਅੱਤਵਾਦੀ, ਵੱਖਵਾਦੀ, ਦੇਸ਼ ਧ੍ਰੋਹੀ ਤੇ ਬਾਗੀ ਗਰਦਾਨਕੇ ਬਦਨਾਮ ਕਰਦਾ ਹੈ । ਜਦੋਕਿ ਇਹ ਉਪਰੋਕਤ ਦੋਸ਼ ਤਾਂ ਸਿੱਧੇ ਤੌਰ ਤੇ ਜ਼ਾਲਮ ਫੌਜ, ਪੁਲਿਸ, ਅਰਧ ਸੈਨਿਕ ਬਲਾਂ ਅਤੇ ਹੁਕਮਰਾਨਾਂ ਉਤੇ ਲੱਗਣੇ ਚਾਹੀਦੇ ਹਨ । ਜਿਨ੍ਹਾਂ ਦੀਆਂ ਗੈਰ-ਕਾਨੂੰਨੀ ਤੇ ਗੈਰ ਵਿਧਾਨਿਕ ਕਾਰਵਾਈਆ ਇਥੋ ਦੇ ਅਮਨ-ਚੈਨ ਅਤੇ ਜਮਹੂਰੀਅਤ ਦਾ ਜਨਾਜ਼ਾਂ ਕੱਢ ਰਹੀਆਂ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਅਣਮਨੁੱਖੀ ਅਮਲਾਂ ਉਤੇ ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨ ਰਾਈਟਸ, ਯੂ.ਐਨ.ਓ, ਕੌਮਾਂਤਰੀ ਅਦਾਲਤਾਂ ਨੂੰ ਅਜਿਹੇ ਸਮੇਂ ਫੌਰੀ ਸਿੱਧਾ ਦਖਲ ਦਿੰਦੇ ਹੋਏ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਅਤੇ ਉਹਨਾਂ ਵੱਲੋ ਜਮਹੂਰੀ ਤਰੀਕੇ ਕੀਤੇ ਜਾ ਰਹੇ ਰੋਸ ਵਿਖਾਵੇ, ਧਰਨੇ ਆਦਿ ਨੂੰ ਕੌਮਾਂਤਰੀ ਇਜ਼ਾਜਤ ਦੇਣ ਦੀ ਜੋਰਦਾਰ ਮੰਗ ਕਰਦਾ ਹੈ ।