ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪਿਛਲੇ ਦਿਨਾਂ ਵਿਚ ਹਰਿਆਣੇ ਵਿੱਚ ਜਾਟ ਰਾਖਵਾਂਕਰਨ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਤੇ ਗਹਿਰੀ ਦਾ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰਾਂ ਨੂੰ ਨੱਕੋ ਨੱਕ ਭਰਨ ਵਾਲੇ ਪੰਜਾਬ ਦੇ ਜੱਟ ਤੇ ਹਰਿਆਣੇ ਦੇ ਜਾਟ ਪਹਿਲੇ ਨੰਬਰ ਤੇ ਰਹੇ ਹਨ ਪਰ ਹਰਿਆਣੇ ਵਿੱਚ ਸਾੜਫੂਕ, ਲੁੱਟਮਾਰ ਤੇ ਬਲਾਤਕਾਰਾਂ ਦੀਆਂ ਕਥਿਤ ਤੌਰ ਵਾਪਰੀਆਂ ਘਟਨਾਵਾਂ ਨੇ ਇੱਕ ਵਾਰੀ ਤਾਂ ਸਮੁੱਚੀ ਮਾਨਵਤਾ ਦੇ ਹਿਰਦਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਉਹਨਾਂ ਨੂੰ ਪੂਰਾ ਯਕੀਨ ਤੇ ਇਹਨਾਂ ਘਟਨਾਵਾਂ ਨੂੰ ਉਹ ਲੋਕ ਅੰਜ਼ਾਮ ਨਹੀਂ ਦੇ ਸਕਦੇ ਜਿਹੜੇ ਦੇਸ਼ ਦੇ ਅੰਨ ਭੰਡਾਰਾਂ ਨੂੰ ਭਰਨ ਵਾਲੇ ਹਨ ਅਤੇ ਇਹ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਕਾਰਵਾਈ ਹੋ ਸਕਦੀ ਹੈ ਜਿਹਨਾਂ ਦੀ ਤੁਰੰਤ ਨਿਸ਼ਾਨਦੇਹੀ ਕਰਕੇ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਵਿਰੁੱਧ ਤੁਰੰਤ ਸਖਤ ਤੋ ਸਖਤ ਕਨੂੰਨੀ ਕਾਰਵਾਈ ਕਰੇ ਤੇ ਜਿਹਨਾਂ ਨਿਰਦੋਸ਼ ਲੋਕਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੇਂਦਰ ਤੇ ਸੂਬਾ ਸਰਕਾਰ ਕਰੇ।
ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਹਰਿਆਣੇ ਦੇ ਜਾਟ ਰਾਖਵਾਂਕਰਨ ਅੰਦੋਲਨ ਦੀ ਆੜ ਹੇਠ ਹੁੱਲੜਬਾਜ਼ਾਂ ਨੇ ਸਰਕਾਰੀ , ਗ਼ੈਰ ਸਰਕਾਰੀ ਅਤੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਸਿਰਫ਼ ਘਰ, ਦੁਕਾਨਾਂ , ਮੋਟਰ ਗੱਡੀਆਂ, ਇਮਾਰਤਾਂ ਅਤੇ ਜਾਇਦਾਦਾਂ ਨੂੰ ਤਬਾਹ ਹੀ ਨਹੀ ਕੀਤਾ ਸਗੋਂ ਦੰਗਾਕਾਰੀਆਂ ਨੇ ਜਰਨੈਲੀ ਸੜਕ ਤੇ ਆਪਣੇ ਘਰਾਂ ਅਤੇ ਟਿਕਾਣਿਆਂ ਵੱਲ ਨੂੰ ਜਾ ਰਹੇ ਪਰਿਵਾਰ ਲੁੱਟੇ , ਔਰਤਾਂ ਨੂੰ ਅਗਵਾ ਕੀਤਾ , ਇੱਜ਼ਤਾਂ ਲੁੱਟ ਕੇ ਮਾਨਵਤਾ ਦੇ ਅਤੇ ਹਰਿਆਣੇ ਸਰਕਾਰ ਦੇ ਮੱਥੇ ‘ਤੇ ਇੱਕ ਵੱਡਾ ਕਲੰਕ ਵੀ ਲਾ ਦਿੱਤਾ।ਉਹਨਾਂ ਕਿਹਾ ਕਿ ਇਸ ਸਬੰਧੀ ਰੋਜ਼ਾਨਾ ਲੂੰ-ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਮਨੁੱਖਤਾ ਦੇ ਵਕਾਰ ਨੂੰ ਭਾਰੀ ਠੇਸ ਪੁੱਜੀ ਹੈ।
ਉਹਨਾਂ ਕਿਹਾ ਕਿ ਹਰਿਆਣੇ ਦੀ ਭਾਜਪਾਈ ਖੱਟਰ ਸਰਕਾਰ ਤੇ ਇਸ ਦੀ ਪੁਲਿਸ ਨੇ ਔਰਤਾਂ ਦੀ ਇੱਜ਼ਤ ਲੱਟਣ ਦੀਆਂ ਸ਼ਰਮਨਾਕ ਘਟਨਾਵਾਂ ‘ਤੇ ਪਹਿਲਾਂ ਤਾਂ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ , ਬਿਨਾਂ ਪੜਤਾਲ ਕੀਤਿਆਂ ਹੀ ਅਜਿਹੀ ਕਿਸੇ ਵੀ ਘਟਨਾ ਵਾਪਰਨ ਤੋਂ ਇਨਕਾਰ ਕਰ ਦਿੱਤਾ ਪਰ ਮੀਡੀਆ ਨੇ ਜਿਸ ਤਰੀਕੇ ਨਾਲ ਇਸ ਕੌੜੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਯਤਨ ਕੀਤੇ ਉਹ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਹਰਿਆਣੇ ਵਿੱਚ ਜੋ ਹਨੇਰਗਰਦੀ ਹੋਈ ਉਸ ਦਾ ਸ਼ਿਕਾਰ ਸਿਰਫ਼ ਹਰਿਆਣੇ ਦੇ ਲੋਕ ਹੀ ਨਹੀਂ ਬਣੇ ਸਗੋਂ ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਅਤੇ ਬਾਹਰਲੇ ਮੁਲਕਾਂ ਦੇ ਉਹ ਲੋਕ ਵੀ ਬਣੇ ਜਿਹੜੇ ਨੈਸ਼ਨਲ ਹਾਈਵੇ ਰਾਹੀਂ ਮੁਲਕ ਦੀ ਰਾਜਧਾਨੀ ਦਿੱਲੀ ਵੱਲ ਜਾ ਰਹੇ ਸਨ ਜਾਂ ਦਿੱਲੀ ਤੋਂ ਵਾਪਸ ਆ ਰਹੇ ਸਨ ।ਇਸ ਲਈ ਇਹ ਮਾਮਲਾ ਸਿਰਫ਼ ਹਰਿਆਣੇ ਦਾ ਨਹੀਂ ਮੁਲਕ ਭਰ ਲਈ ਚਿੰਤਾ ਅਤੇ ਫ਼ਿਕਰਮੰਦੀ ਵਾਲਾ ਹੈ ।
ਉਹਨਾਂ ਕਿਹਾ ਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨੇ ਵੱਡੇ ਪੱਧਰ ਤੇ ਜਾਨ ਮਾਲ ਦੀ ਤਬਾਹੀ ਹੋਣ ਦੇ ਬਾਵਜੂਦ ਸਮੁੱਚੇ ਮੁਲਕ ਦੇ ਭਾਜਪਾ ਆਗੂ ਅਤੇ ਮੋਦੀ ਸਰਕਾਰ ਸਰਕਾਰ ਚੁੱਪ ਕਰਕੇ ਬੈਠੀ ਹੋਈ ਹੈ, ਕੀ ਉਹ ਹਰਿਆਣੇ ਨੂੰ ਨਵੰਬਰ 1984 ਦੀ ਸਿੱਖ ਨਸ਼ਲਕੁਸ਼ੀ ਤੇ ਗੁਜਰਾਤ ਵਿੱਚ ਹੋਏ ਮੁਸਲਮਾਨ ਦੇ ਕਤਲਾਂ ਵਾਂਗ ਚੁੱਪ ਕਰਕੇ ਤਮਾਸ਼ਬੀਨ ਹੋ ਤੇ ਵੇਖ ਰਹੀ ਹੈ? ਉਹਨਾਂ ਕਿਹਾ ਕਿ ਹਰ ਛੋਟੀ -ਛੋਟੀ ਗੱਲ ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਬਾਨ ਅਤੇ ਉਂਗਲਾਂ ਕਿਓਂ ਰੁਕ ਗਈਆਂ ਹਨ? ਬੇਟੀ ਬਚਾਓ ਅਤੇ ਬੇਟੀ ਪੜਾਓ ਲਈ ਵੱਡੇ- ਵੱਡੇ ਐਲਾਨ ਅਤੇ ਦਾਅਵੇ ਕਰਨ ਵਾਲੇ ਮੋਦੀ ਦੇਸ਼-ਵਿਦੇਸ਼ ਦੀਆਂ ਧੀਆਂ , ਭੈਣਾਂ , ਪਤਨੀਆਂ ਅਤੇ ਮਾਵਾਂ ਦੀਆਂ ਇੱਜ਼ਤਾਂ ਲੁੱਟੇ ਜਾਣ ਤੇ ਕਿਓਂ ਪੱਥਰ ਦੇ ਬੁੱਤ ਬਣ ਹੋਏ ਹਨ? ਉਹਨਾਂ ਕਿਹਾ ਕਿ ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਗ੍ਰਹਿ ਮੰਤਰੀ ਨੂੰ ਨਾਲ ਲੈ ਕੇ ਹਰਿਆਣੇ ਦਾ ਦੌਰਾ ਕਰਨ ਤੇ ਪੀੜਤਾਂ ਦੇ ਜਖਮਾਂ ਤੇ ਮੱਲਮ ਲਗਾਉਣ ਦੇ ਨਾਲ ਨਾਲ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਅਰਬਾਂ ਖਰਬਾਂ ਦਾ ਨੁਕਸਾਨ ਹੋ ਜਾਣ ਦੇ ਬਾਵਜੂਦ ਵੀ ਹਰਿਆਣੇ ਦੀ ਖੱਟਰ ਸਰਕਾਰ ਵੀ ਸਿਰਫ ਗੋਗਲੂਆ ਤੋ ਮਿੱਟੀ ਹੀ ਝਾੜ ਰਹੀ ਹੈ । ਉਹਨਾਂ ਕਿਹਾ ਕਿ ਜੇਕਰ ਖੱਟਰ ਸਰਕਾਰ ਲੋਕਾਂ ਨੂੰ ਇਨਸਾਫ ਨਹੀ ਦੇ ਸਕਦੀ ਤਾਂ ਇਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਜਿਹਨਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੇਂਦਰ ਤੇ ਸੂਬਾ ਸਰਕਾਰ ਸਰਕਾਰੀ ਖਜ਼ਾਨੇ ਵਿੱਚੋ ਕਰੇ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆੜੇ ਹੱਥੀ ਲੈਂਦਿਆ ਹਰਿਆਣੇ ਵਿੱਚ ਇਸ ਵਾਪਰੇ ਅਣਮਨੁੱਖੀ ਘਟਨਾਕ੍ਰਮ ਤੇ ਉਹਨਾਂ ਦੀ ਜ਼ਬਾਨ ਬੰਦ ਹੋਣ ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਕੀ ਉਹਨਾਂ ਨੂੰ ਹਰਿਆਣੇ ਵਿੱਚ ਹੋਈ ਬੁਰਛਾ ਗਰਦੀ ਨਜ਼ਰ ਨਹੀਂ ਆਈ? ਉਹਨਾਂ ਕਿਹਾ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਹਰਿਆਣੇ ਦੇ ਗੁਰਦਵਾਰਿਆਂ ਤੇ ਕਬਜ਼ਾ ਕਾਇਮ ਰੱਖਣ ਲਈ ਹਰ ਹਰਬਾ ਵਰਤਿਆ ਗਿਆ ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਹਰਿਆਣੇ ਦੇ ਸਿੱਖਾਂ ਤੇ ਗੁੰਡਿਆ ਨਾਲ ਹਮਲਾ ਵੀ ਕਰਵਾਇਆ ਤੇ ਤੱਤਕਾਲੀ ਪ੍ਰਧਾਨ ਮੰਤਰੀ ਤੇ ਹਰਿਆਣਾ ਸਰਕਾਰ ਨੂੰ ਸਿੱਖਾਂ ਵਿੱਚ ਵੰਡੀਆ ਪਾਉਣ ਦੇ ਦੋਸ਼ੀ ਵੀ ਠਹਿਰਾਇਆ ਪਰ ਹਰਿਆਣੇ ਵਿੱਚ ਘਿਨਾਉਣੀ ਹੋਈ ਬੁਰਛਾਗਰਦੀ ਬਾਰੇ ਅੱਜ ਤੱਕ ਆਪਣੀ ਜ਼ਬਾਨ ਨੂੰ ਤਾਲਾ ਲਾਇਆ ਹੋਇਆ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਸਥਿਤੀ ਭਾਂਵੇ ਬਾਦਲਾਂ ਦੇ ਗੁਲਾਮਾਂ ਵਾਲੀ ਹੈ ਪਰ ਉਹਨਾਂ ਨੇ ਇਸ ਗੁੰਡਾਗਰਦੀ ਦੀ ਨਿਖੇਧੀ ਕਰਨ ਦੀ ਵੀ ਖੇਚਲ ਨਹੀਂ ਕੀਤੀ।
ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰਗੁਜਾਰੀ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਰਿਆਣੇ ਦੇ ‘ਤੋਂ ਦੀ ਹਵਾਈ ਉਡਾਣ ਭਰ ਕੇ ਪੰਜਾਬ ਵਿੱਚ ਆ ਉਤਰੇ ਕੇਜਰੀਵਾਲ ਨੂੰ ਆਪਣੀਆ ਵੋਟਾਂ ਪੱਕੀਆ ਕਰਨ ਲਈ ਪੰਜਾਬ ਦੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪਰਿਵਾਰਾਂ ਦਾ ਦੁੱਖ ਦਰਦ ਵੰਡਾਉਣਾ ਜਰੂਰ ਚਾਹੀਦਾ ਹੈ ਪਰ ਉਹਨਾਂ ਨੂੰ ਹਰਿਆਣੇ ਵਿੱਚ ਵਾਪਰੇ ਕਹਿਰ ਦੇ ਸ਼ਿਕਾਰ ਹੋਏ ਲੋਕਾਂ ਦੀ ਸਾਰ ਲੈਣ ਦਾ ਚੇਤਾ ਨਹੀ ਭੁਲਾਉਣਾ ਚਾਹੀਦਾ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਸਿਆਸਤ ਜਰੂਰ ਕਰੇ ਪਰ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਕੇ ਮਨੁੱਖਤਾ ਨਾਲ ਖਿਲਵਾੜ ਨਾ ਕਰੇ।