ਬੰਦੀ ਸਿੰਘਾਂ ਦੀ ਰਿਹਾਈ ਤਕ ਦਿੱਲੀ ਕਮੇਟੀ ਨੇ ਕਾਨੂੰਨੀ ਅਤੇ ਸਿਆਸ਼ੀ ਚਾਰਾਜੋਹੀ ਜਾਰੀ ਰੱਖਣ ਦੀ ਵਚਨਬੱਧਤਾ ਦੋਹਰਾਈ
ਨਵੀਂ ਦਿੱਲੀ : ਬਰੇਲੀ ਜੇਲ੍ਹ ਵਿਚ ਲਗਭਗ 26 ਸਾਲ ਤਕ ਬੰਦ ਰਹੇ ਭਾਈ ਵਰਿਆਮ ਸਿੰਘ ਨੇ ਆਪਣੀ ਰਿਹਾਈ ਦੀਆਂ ਕੋਸ਼ਿਸ਼ਾਂ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਈ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਅੱਜ ਕਮੇਟੀ ਦਫ਼ਤਰ ਪੁੱਜੇ ਭਾਈ ਵਰਿਆਮ ਸਿੰਘ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਭਾਈ ਵਰਿਆਮ ਸਿੰਘ ਨੇ ਯੂ.ਪੀ. ਦੇ ਮੁਖਮੰਤਰੀ ਅਖਿਲੇਸ਼ ਯਾਦਵ, ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਜੀ.ਕੇ. ਵਲੋਂ ਉਨ੍ਹਾਂ ਦੀ ਰਿਹਾਈ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਤਾਰੀਫ਼ ਵੀ ਕੀਤੀ।
ਬੀਤੇ ਵਰ੍ਹੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ-ਹੜਤਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਹੋਏ ਸ਼ੰਘਰਸ਼ ਨੂੰ ਭਾਈ ਵਰਿਆਮ ਸਿੰਘ ਦੀ ਪੱਕੀ ਰਿਹਾਈ ਨਾਲ ਬੁਰ ਪੈਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਸਮੂਹ ਸਿਆਸ਼ੀ ਸਿੱਖ ਕੈਦੀਆਂ ਦੀ ਰਿਹਾਈ ਤਕ ਦਿੱਲੀ ਕਮੇਟੀ ਦੀ ਕਾਨੂੰਨੀ ਅਤੇ ਸਿਆਸ਼ੀ ਚਾਰਾਜੋਹੀ ਜਾਰੀ ਰੱਖਣ ਦੀ ਵੀ ਵਚਨਬੱਧਤਾ ਦੋਹਰਾਈ। ਕਮੇਟੀ ਵਲੋਂ ਸੁਪਰੀਮ ਕੋਰਟ ਤੋਂ ਲੈ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤਕ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵੇਰਵਾ ਵੀ ਜੀ.ਕੇ. ਨੇ ਪੱਤਰਕਾਰਾਂ ਸਾਹਮਣੇ ਰੱਖਿਆ। ਭਾਈ ਵਰਿਆਮ ਸਿੰਘ ਦੇ ਪਰਿਵਾਰ ਦੀ ਮਾਲੀ ਅਤੇ ਨੌਕਰੀ ਰਾਹੀਂ ਮਦਦ ਕਰਨ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦਾ ਵੀ ਭਾਈ ਵਰਿਆਮ ਸਿੰਘ ਵਲੋਂ ਧੰਨਵਾਦ ਕੀਤਾ ਗਿਆ।