ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਭੰਗ ਕਰਕੇ ਪ੍ਰਸ਼ਾਸਕ ਨਿਯੁਕਤ ਕੀਤੇ ਜਾਣ ਦੀ ਕਾਰਵਾਈ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਇਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਤੇ ਗੁਰਦੁਆਰਾ ਪ੍ਰਬੰਧ ’ਚ ਸਰਕਾਰ ਦੀ ਸਿੱਧੀ ਦਖ਼ਲ-ਅੰਦਾਜ਼ੀ ਕਰਾਰ ਦਿੰਦਿਆਂ ਤੁਰੰਤ ਬੋਰਡ ਦਾ ਪੁਨਰ-ਗਠਨ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਉਨ੍ਹਾਂ ਕਿਹਾ ਕਿ ਗੁਰਦੁਆਰਾ ਬੋਰਡ ’ਚ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਜੋ ਪੰਥਕ ਮਰਯਾਦਾ ਅਨੁਸਾਰ ਗੁਰਦੁਆਰਾ ਪ੍ਰਬੰਧ ਨੂੰ ਚਲਾ ਸਕਣ ਦੇ ਯੋਗ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੋਰਡ ਦਾ ਗਠਨ ਕੀਤੇ ਜਾਣ ਦਾ ਭਾਵੇਂ ਸਰਕਾਰ ਨੂੰ ਹੱਕ ਹੈ ਪਰ ਸਰਕਾਰ ਨੂੰ ਇਹ ਹੱਕ ਕਦਾਚਿਤ ਨਹੀਂ ਕਿ ਉਹ ਗੁਰਦੁਆਰਾ ਬੋਰਡ ਨੂੰ ਭੰਗ ਕਰਕੇ ਉਥੇ ਸਰਕਾਰੀ ਪ੍ਰਬੰਧਕ ਨਿਯੁਕਤ ਕਰ ਦੇਵੇ। ਉਨ੍ਹਾਂ ਸਬੰਧਤ ਸੂਬੇ ਦੀ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਤਾਂ ਕਿ ਤੁਰੰਤ ਗੁਰਦੁਆਰਾ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਜੋ ਗੁਰਦੁਆਰਾ ਬੋਰਡ ਦੇ ਮੈਂਬਰ ਆਪਣਾ ਮੁਖੀ ਚੁਣ ਕੇ ਪੰਥਕ ਮਰਯਾਦਾ ਅਨੁਸਾਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਚਲਾ ਸਕਣ।