ਨਵੀਂ ਦਿੱਲੀ : ਕੌਮਾਂਤਰੀ ਮਹਿਲਾ ਦਿਹਾੜੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਸਤ੍ਰੀ ਸਟਾਫ਼ ਨੂੰ ਸੁਨੇਹਾ ਜਾਰੀ ਕੀਤਾ ਗਿਆ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਜਾਰੀ ਹੋਏ ਇਸ ਸੁਨੇਹੇ ਰਾਹੀ ਕਮੇਟੀ ਅਤੇ ਕਮੇਟੀ ਦੇ ਵਿਦਿਅਕ ਅਦਾਰਿਆਂ ’ਚ ਕੰਮ ਕਰਦੀਆਂ ਸਮੂਹ ਬੀਬੀਆਂ ਨੂੰ ਦਿਹਾੜੇ ਦੀ ਵਧਾਈ ਦਿੰਦੇ ਹੋਏ ਬੀਬੀਆਂ ਪ੍ਰਤੀ ਮਰਦਾਂ ਦੀ ਸੋਚ ਨੂੰ ਬਦਲਣ ਵਾਸਤੇ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰਨ ਦੀ ਵੀ ਬੀਬੀਆਂ ਨੂੰ ਅਪੀਲ ਕੀਤੀ ਗਈ ਹੈ।
ਮਹਿਲਾਵਾਂ ਦੀ ਦੇਸ਼ ਦੇ ਅਰਥਚਾਰੇ, ਸਿਖਿਆ ਅਤੇ ਸਮਾਜ ਦੇ ਭਲੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾ ਦੇ ਬਾਵਜੂਦ ਪੁਰਸ਼ ਅਤੇ ਮਹਿਲਾਵਾਂ ਦੇ ਵਿਚਕਾਰ ਜਨਗਣਨਾ ਦੇ ਆਧਾਰ ਤੇ ਵੱਧ ਰਹੇ ਫਰਕ ਨੂੰ ਨਜ਼ਰਅੰਦਾਜ਼ ਨਾ ਕੀਤੇ ਜਾਉਣ ਦੀ ਸਲਾਹ ਦਿੰਦੇ ਹੋਏ ਸਿਰਸਾ ਨੇ ਦੁਨੀਆਂ ਭਰ ਇਸ ਕਾਰਨ ਮਹਿਲਾਵਾਂ ਨੂੰ ਪਹਿਲਾ ਨਾਲੋਂ ਅੱਗੇ ਵੱਧਣ ਦੇ ਘੱਟ ਮੌਕੇ ਸਮਾਜ ’ਚ ਮਿਲਣ ਦਾ ਵੀ ਦਾਅਵਾ ਕੀਤਾ ਹੈ। ਸਿਰਸਾ ਨੇ ਕਿਹਾ ਕਿ ਮਹਿਲਾ -ਪੁਰਸ਼ ਸਮਾਨਤਾ ਵਿਚ ਸਮਾਜਿਕ ਬੁਰਾਇਆਂ ਕਰਕੇ ਪੈਦਾ ਹੋਏ ਭੇਦ ’ਚ ਬਦਲਾਵ ਲਿਆਉਣ ਲਈ ਮਹਿਲਾਵਾਂ ਨੇ ਪਹਿਲਾ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦੀ 1911 ’ਚ ਸ਼ੁਰੂਆਤ ਕੀਤੀ ਸੀ ਇਸ ਲਈ ਸਾਰੀਆਂ ਮਾਤਾਵਾਂ, ਭੈਣਾਂ ਅਤੇ ਧੀਆਂ ਨੂੰ ਮਹਿਲਾ ਸ਼ਕਤੀਕਰਨ ਦੇ ਪ੍ਰਤੀਕ ਇਸ ਦਿਹਾੜੇ ਨੂੰ ਸਨਮਾਨ ਦੇ ਕੇ ਆਪਣੇ ਸਿਆਸੀ ਹੱਕਾਂ ਲਈ ਪੂਰੀ ਤਰਾ ਸਮਰਪਿਤ ਹੋ ਕੇ ਸੰਘਰਸ਼ ਜਾਰੀ ਰਖਣਾ ਚਾਹੀਦਾ ਹੈ।
ਬਰਾਬਰੀ ਦੇ ਹੱਕ ਲਈ ਬੀਬੀਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਵਿਚ ਗੁਰੂ ਮਹਿਲ, ਗੁਰੂ ਮਾਤਾਵਾਂ ਅਤੇ ਸਿੰਘਣੀਆਂ ਵਲੋਂ ਪਾਏ ਗਏ ਸੁੱਚਜੇ ਯੋਗਦਾਨ ਤੋਂ ਸਿਹਤ ਲੈ ਕੇ ਸਿਰਸਾ ਨੇ ਉਸਾਰੂ ਸਮਾਜ ਦੇ ਨਿਰਮਾਣ ਲਈ ਕਦਮ ਪੁੱਟਣ ਦੀ ਵੀ ਬੀਬੀਆਂ ਨੂੰ ਅਪੀਲ ਕੀਤੀ ਹੈ। ਸਿਰਸਾ ਨੇ ਕਿਹਾ ਕਿ ਜਿੱਥੇ ਅੱਜ ਅਸੀਂ ਮਹਾਨ ਸਿੱਖ ਬੀਬੀਆਂ ਮਾਤਾ ਤ੍ਰਿਪਤਾ ਜੀ ਦੀ ਕੁੱਖ ਚੋਂ ਜਨਮ ਲੈ ਕੇ ਜਗਤ ਜਲੰਦੇ ਦੀ ਰੱਖਿਆ ਦਾ ਕਾਰਜ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘‘ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’’ ਨੂੰ ਯਾਦ ਕਰਿਏ ਉਥੇ ਹੀ ਮਾਤਾ ਖੀਵੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਈ ਭਾਗੋ ਜੀ ਵਰਗੀਆਂ ਉੱਚ ਸਖਸ਼ੀਅਤਾਂ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕਰਨ ਦਾ ਵੀ ਜਤਨ ਕਰੀਏ।
ਸਿਰਸਾ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੁੱਖ ਅਤੇ ਰੁੱਖ ਦੀ ਰਾਖੀ ਲਈ ਚਲਾਈ ਜਾ ਰਹੀ ਨੰਨ੍ਹੀ ਛਾਂ ਮੁਹਿੰਮ ਨੂੰ ਹੁੰਗਾਰਾ ਦੇਣ ਵਾਸਤੇ ਵੀ ਬੀਬੀਆਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ।ਸਿਰਸਾ ਨੇ ਸਮਾਜਿਕ ਸੁਧਾਰ ਦੇ ਲਈ ਬੀਬੀਆਂ ਨੂੰ ਆਪਣੇ ਪਰਿਵਾਰ ਦੇ ਪੁਰਸ਼ ਮੈਂਬਰਾਂ ਨੂੰ ਪ੍ਰੇਰਣਾ ਕਰਕੇ ਧੀਆਂ-ਭੈਣਾਂ ਨੂੰ ਬਣਦਾ ਸਨਮਾਨ ਦੇਣ ਨਾਲ ਸਮਾਜਿਕ ਸੋਚ ਬਦਲਣ ਦਾ ਵੀ ਸੱਦਾ ਦਿੱਤਾ ਹੈ।