ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪੂਰਨ ਹੋਇਆ। ਸੰਪਾਦਨਾ ਦੇ ਕਾਰਜ ਲਈ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਰਾਮਸਰ ਦੇ ਰਮਣੀਕ ਸਥਾਨ ਦੀ ਚੋਣ ਕੀਤੀ। ਇਸ ਪਵਿੱਤਰ ਗ੍ਰੰਥ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ ਅਤੇ 1604 ਈਸਵੀ ਨੂੰ ਇਹ ਮਹਾਨ ਕਾਰਜ ਸੰਪੰਨ ਹੋਇਆ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਦੇ ਮੁੱਖ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ ਨੇ ਭਗਤ ਧੰਨਾ ਜੀ ਦੇ ਜਨ ਮ ਦਿਹਾੜੇ ਦੀ 6ਵੀਂ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਤੋਂ ਕਥਾ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਵੱਲੋਂ ਸੰਪਾਦਿਤ ਕੀਤੇ ਪਾਵਨ-ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟ ਅਤੇ 3 ਗੁਰਸਿੱਖਾਂ ਸਮੇਤ 35 ਬਾਣੀਕਾਰ ਹਨ। ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਵੀ ਉਨ੍ਹਾਂ ਭਗਤਾਂ ‘ਚੋਂ ਇਕ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ।ਇਸ ਤੋਂ ਪਹਿਲਾਂ ਭਾਈ ਗੁਰਤੇਜ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਧੰਨਾ ਜੀ ਦੀ ਬਾਣੀ ਦਾ ਜੱਸ ਗਾਇਣ ਕਰਕੇ ਸੰਗਤਾਂ ਨੁੰ ਨਿਹਾਲ ਕੀਤਾ।ਅਰਦਾਸ ਭਾਈ ਗੁਰਮੇਜ ਸਿੰਘ ਨੇ ਕੀਤੀ ਤੇ ਹੁਕਮਨਾਮਾ ਗਿਆਨੀ ਸਾਹਿਬ ਸਿੰਘ ਗ੍ਰੰਥੀ ਨੇ ਲਿਆ।ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਵੱਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਲਈ ਇੰਸਪੈਕਟਰ ਅਨੀਲੇਸ਼ ਚੰਦਰ, ਐਸ ਆਈ ਸ. ਬਲਵੰਤ ਸਿੰਘ ਤੇ ਏ ਐਸ ਆਈ ਸ. ਕਰਮਜੀਤ ਸਿੰਘ ਦੀ ਅਗਵਾਈ ‘ਚ ਸਲਾਮੀ ਦੀ ਰਸਮ ਅਦਾ ਕੀਤੀ ਗਈ।
ਇਸ ਉਪਰੰਤ ਦੂਸਰੇ ਦਿਨ ਨਗਰ ਕੀਰਤਨ ਪੂਰੇ ਜਾਹੋ ਜਲਾਲ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਤੋਂ ਗੁਰਦੁਆਰਾ ਭਗਤ ਧੰਨਾ ਜੀ ਦੇ ਜਨਮ ਅਸਥਾਨ ਪਿੰਡ ਧੂਆਂ ਕਲਾਂ, ਜ਼ਿਲ੍ਹਾ ਟਾਂਕ (ਰਾਜਿਸਥਾਨ) ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰਵਾਨਾ ਹੋਇਆ।ਜਥੇਦਾਰ ਦਿਆਲ ਸਿੰਘ ਕੌਲਿਆਂ ਵਾਲੀ ਅੰਤ੍ਰਿੰਗ ਮੈਂਬਰ, ਸ. ਖੁਸ਼ਵਿੰਦਰ ਸਿੰਘ ਭਾਟੀਆ ਤੇ ਸ. ਸਰੂਪ ਸਿੰਘ ਅਨੰਦਪੁਰੀ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਵਾਨਗੀ ਮੌਕੇ ਜਥੇਦਾਰ ਦਿਆਲ ਸਿੰਘ ਕੌਲਿਆਂ ਵਾਲੀ ਅੰਤ੍ਰਿੰਗ ਮੈਂਬਰ ਤੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਸ. ਕੇਵਲ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੂਰ-ਦੁਰਾਡੇ ਤੋਂ ਚੱਲ ਕੇ ਆਈਆ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਸਿੱਖ ਗੁਰੂ ਸਾਹਿਬਾਨ ਤੇ ਭਗਤਾਂ ਦੇ ਜਨਮ ਦਿਹਾੜੇ ਹਰ ਸਾਲ ਮਨਾਉਂਦੀ ਹੈ ਤੇ ਇਸ ਵਾਰ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ ਛੇਵੀਂ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋ ਕੇ ਵੱਖ-ਵੱਖ ਅਸਥਾਨਾਂ ਤੋਂ ਹੁੰਦਾ ਹੋਇਆ ਭਗਤ ਧੰਨਾ ਜੀ ਦੇ ਜਨਮ ਅਸਥਾਨ ਧੂੰਆਂ ਕਲਾਂ (ਰਾਜਿਸਥਾਨ) ਵਿਖੇ 11 ਮਾਰਚ 2016 ਨੂੰ ਸੰਪੰਨ ਹੋਵੇਗਾ। ਜਿੱਥੇ ਸੰਤ ਬਾਬਾ ਲੱਖਾ ਸਿੰਘ ਜੀ ਸਰਹਾਲੀ ਕਾਰਸੇਵਾ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ 11 ਮਾਰਚ ਤੋਂ 13 ਮਾਰਚ ਤੀਕ ਗੁਰਮਤਿ ਸਮਾਗਮ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਦੂਸਰੇ ਦਿਨ ਵਿੱਚ ਦਾਖਲ ਹੁੰਦੇ ਹੋਏ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਹੋ ਕੇ ਮਲੋਟ, ਬੱਲੂਆਣਾ, ਅਬੋਹਰ ਬਾਈਪਾਸ ਤੇ ਰਾਮਸਰਾ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ ਰਾਜਿਸਥਾਨ ਵਿਖੇ ਰਾਤ ਪੜਾਅ ਕਰੇਗਾ।
ਯਾਦ ਰਹੇ ਕਿ 8 ਮਾਰਚ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਤਰਨ-ਤਾਰਨ, ਹਰੀਕੇ, ਮੱਖੂ, ਜੀਰਾ,ਫਿਰੋਜਪੁਰ ਅਤੇ ਸਾਦਕ ਤੋਂ ਹੁੰਦਾ ਹੋਇਆ ਰਾਤ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਵਿਖੇ ਸੰਪੰਨ ਹੋਇਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹਜ਼ੂਰੀ ਵਿੱਚ ਭਾਈ ਬਿਕਰਮਜੀਤ ਸਿੰਘ ਤੇ ਭਾਈ ਦਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ, ਭਾਈ ਸਤਨਾਮ ਸਿੰਘ ਤੇ ਭਾਈ ਹਰਸੇਵਕ ਸਿੰਘ ਗ੍ਰੰਥੀ ਗੁਰਦੁਆਰਾ ਛੇਹਰਟਾ ਸਾਹਿਬ, ਭਾਈ ਅਰਜਨ ਸਿੰਘ ਤੇ ਭਾਈ ਗੁਰਦੇਵ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਅਵਤਾਰ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਹਾਜ਼ਰੀਆਂ ਭਰੀਆਂ।ਭਾਈ ਜਸਬੀਰ ਸਿੰਘ ਵਲਟੋਹਾ ਤੇ ਭਾਈ ਹਰਪਾਲ ਸਿੰਘ ਢੰਡ ਦੇ ਢਾਡੀ ਜਥੇ ਤੇ ਭਾਈ ਗੁਰਿੰਦਰਪਾਲ ਸਿੰਘ ਬੈਂਕਾ ਤੇ ਭਾਈ ਨਿਸ਼ਾਨ ਸਿੰਘ ਝਬਾਲ ਦੇ ਕਵੀਸ਼ਰੀ ਜਥੇ ਨੇ ਜਗ੍ਹਾ-ਜਗ੍ਹਾ ਲੱਗੇ ਦੀਵਾਨਾਂ ਵਿੱਚ ਭਗਤ ਧੰਨਾ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਵਾਰਾਂ ਗਾਈਆਂ।ਸਟੇਜ ਸਕੱਤਰ ਦੀ ਸੇਵਾ ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਇੰਦਰਜੀਤ ਸਿੰਘ, ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਤੇ ਭਾਈ ਗੁਰਬਚਨ ਸਿੰਘ ਕਲਸੀਆਂ ਪ੍ਰਚਾਰਕਾਂ ਨੇ ਨਿਭਾਈ।ਫਸਟ ਏਡ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਐਂਡ ਸਾਇੰਸਿਜ਼ ਚੈਰੀਟੇਬਲ ਹਸਪਤਾਲ ਟਰੱਸਟ ਵੱਲਾ ਦੇ ਸਟਾਫ਼ ਨੇ ਨਿਭਾਈ।ਸ਼ਰਧਾ ਤੇ ਉਤਸ਼ਾਹ ਨਾਲ ਭਰੇ ਠਾਠਾਂ ਮਾਰਦੇ ਨਗਰ ਕੀਰਤਨ ਵਿੱਚ ਸਕੂਲਾਂ ਦੇ ਬੈਂਡ ਪਾਰਟੀਆਂ ਦੇ ਬੱਚੇ, ਫੌਜੀ ਬੈਂਡ, ਸਮੂਹ ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਯੋਗਦਾਨ ਪਾਇਆ।ਰਸਤੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ, ਆਤਿਸ਼ਬਾਜੀ ਚਲਾਈ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ।
ਇਸ ਮੌਕੇ ਨਿਗਰਾਨ ਪ੍ਰਬੰਧਕਾਂ ਵੱਲੋਂ ਸ. ਚਾਨਣ ਸਿੰਘ ਮੀਤ ਸਕੱਤਰ, ਸ. ਜਰਨੈਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ. ਬਲਦੇਵ ਸਿੰਘ ਸ/ਸੁਪਰਵਾਈਜ਼ਰ, ਸ. ਰੇਸ਼ਮ ਸਿੰਘ, ਸ. ਦਿਲਬਾਗ ਸਿੰਘ, ਸ. ਗੁਰਵਿੰਦਰ ਸਿੰਘ ਤੇ ਸ. ਹਰਮਿੰਦਰਬੀਰ ਸਿੰਘ ਗੁਰਦੁਆਰਾ ਇੰਸਪੈਕਟਰ ਨੇ ਸੇਵਾਵਾਂ ਨਿਭਾਈਆਂ।