ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਚੰਡੀਗੜ੍ਹ ਤੋਂ ਛਪਦੇ ਇਕ ਪੰਜਾਬੀ ਦੇ ਅਖ਼ਬਾਰ ’ਚ ਪਾਕਿਸਤਾਨ ’ਚ ਲਾਹੌਰ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ‘ਜਨਮ ਅਸਥਾਨ ਬੇਬੇ ਨਾਨਕੀ ਜੀ’ ਨਾਲ ਸਬੰਧਤ 34 ਏਕੜ ਜ਼ਮੀਨ ਕਿਸੇ ਕਾਲੋਨੀ ਦੀ ਉਸਾਰੀ ਲਈ ਵੇਚ ਦਿੱਤੇ ਜਾਣ ਸਬੰਧੀ ਛਪੀ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਮੰਦਭਾਗੀ ਕਾਰਵਾਈ ਕਰਾਰ ਦਿੰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਕਾਰਵਾਈ ਨੂੰ ਰੱਦ ਕਰਾਉਣ ਲਈ ਪਾਕਿਸਤਾਨ ਸਰਕਾਰ ਨੂੰ ਜ਼ੋਰ ਦੇਵੇ।
ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੇ ਰਾਜਿਆਂ ਖ਼ਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਸਮੇਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਰੱਖ-ਰਖਾਵ ਅਤੇ ਮਰਿਯਾਦਾ ਦੀ ਪੂਰਤੀ ਦੇ ਆਸ਼ੇ ਨਾਲ ਭਾਰੀ ਜ਼ਮੀਨਾਂ-ਜਾਇਦਾਦਾਂ ਗੁਰਅਸਥਾਨਾਂ ਦੇ ਨਾਮ ਲਗਾਈਆਂ ਸਨ। ਇਨ੍ਹਾਂ ਜ਼ਮੀਨਾਂ ਤੋਂ ਹੋਣ ਵਾਲੀ ਆਮਦਨ ਤੋਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ, ਸਰਾਵਾਂ, ਲੰਗਰ ਆਦਿ ਪੁਰ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 1947 ’ਚ ਹੋਈ ਦੇਸ਼ ਦੀ ਵੰਡ ਸਮੇਂ ਸਿੱਖ ਧਰਮ ਨਾਲ ਸਬੰਧਤ ਵੱਡੀ ਗਿਣਤੀ ’ਚ ਪਾਵਨ ਅਸਥਾਨ ਪਾਕਿਸਤਾਨ ਅਤੇ ਮੁਸਲਮਾਨ ਭਾਈਚਾਰੇ ਦੇ ਮੁਕੱਦਸ ਸਥਾਨ ਅਤੇ ਜਾਇਦਾਦਾਂ ਭਾਰਤ ਵਿਚ ਰਹਿ ਗਏ ਸਨ। ਵੰਡ ਉਪਰੰਤ ਇਨ੍ਹਾਂ ਗੁਰਧਾਮਾਂ ਅਤੇ ਇਨ੍ਹਾਂ ਨਾਲ ਸਬੰਧਤ ਜ਼ਮੀਨ-ਜਾਇਦਾਦਾਂ ਦੀ ਸਾਂਭ-ਸੰਭਾਲ, ਦੁਰਵਰਤੋਂ ਅਤੇ ਖੁਰਦ-ਬੁਰਦ ਹੋਣ ਤੋਂ ਬਚਾਉਣ ਲਈ ਉਸ ਸਮੇਂ ਦੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਜਨਾਬ ਲਿਆਕਤ ਅਲੀ ਦੌਰਾਨ ਹੋਏ ਸਮਝੌਤੇ ਅਨੁਸਾਰ ਇਹ ਜ਼ਿੰਮੇਵਾਰੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਬਣਦੀ ਹੈ।
ਲੇਕਿਨ ਬੜੇ ਅਫ਼ਸੋਸ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਨਾਲ ਸਬੰਧਤ ਜ਼ਮੀਨ-ਜਾਇਦਾਦ ਦੀ ਸਾਂਭ-ਸੰਭਾਲ ਪ੍ਰਤੀ ਪਾਕਿਸਤਾਨ ਸਰਕਾਰ ਦੀ ਅਣਦੇਖੀ ਤੇ ਗੈਰ-ਜ਼ਿੰਮੇਵਾਰੀ ਦੀਆਂ ਕਾਰਵਾਈਆਂ ਇਸ ਤੋਂ ਪਹਿਲਾਂ ਵੀ ਨੋਟਿਸ ਵਿਚ ਆਈਆਂ ਹਨ ਪਰ ਸਿੱਖ ਕੌਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਦੇ ਜਨਮ ਅਸਥਾਨ ਨਾਲ ਸਬੰਧਤ ਜ਼ਮੀਨ ਵੇਚੇ ਜਾਣ ਦੀ ਤਾਜ਼ਾ ਕਾਰਵਾਈ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚੇ ਜਾਣ ਦੀ ਇਸ ਕਾਰਵਾਈ ਸਬੰਧੀ ਦੁਨੀਆ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਦੇ ਰੋਸ ਤੇ ਰੋਹ ਭਰੇ ਟੈਲੀਫ਼ੋਨ ਤੇ ਫੈਕਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਜ ਰਹੇ ਹਨ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਕਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚੇ ਜਾਣ ਦੀ ਕਾਰਵਾਈ ਤੁਰੰਤ ਰੱਦ ਕਰਨ ਲਈ ਪਾਕਿਸਤਾਨ ਸਰਕਾਰ ਨੂੰ ਜ਼ੋਰ ਦੇਵੇ, ਤਾਂ ਜੋ ਸਿੱਖ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਸਕਣ ਤੇ ਦੂਰ-ਰਸੀ ਤੇ ਗੰਭੀਰ ਸਿੱਟਿਆਂ ਤੋਂ ਬਚਿਆ ਜਾ ਸਕੇ ਅਤੇ ਦੋਹਾਂ ਦੇਸ਼ਾਂ ਦੇ ਅਵਾਮ ਵਿਚ ਆਪਸੀ ਸਦਭਾਵਨਾ ਤੇ ਪ੍ਰੇਮ ਬਣਿਆ ਰਹਿ ਸਕੇ।
ਉਨ੍ਹਾਂ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚੇ ਜਾਣ ਸਬੰਧੀ 25 ਜੂਨ ਦੀਆਂ ਅਖ਼ਬਾਰਾਂ ਵਿਚ ਛਪੀ ਖ਼ਬਰ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਇਹ ਕਾਰਵਾਈ ਤੁਰੰਤ ਰੋਕੇ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਸਮੇਂ ਸਿਰ ਉਚਿਤ ਕਾਰਵਾਈ ਕਰਨੀ ਚਾਹੀਦੀ ਸੀ।