ਬਰੁਸੇਲਸ – ਬੈਲਜੀਅਮ ਵਿੱਚ ਹੋਏ ਬੰਬ ਧਮਾਕਿਆਂ ਦੇ ਸਬੰਧ ਵਿੱਚ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੈਲਜੀਅਮ ਦੇ ਸਥਾਨਕ ਅਖ਼ਬਾਰਾਂ ਵਿੱਚ ਨਾਜਿਮ ਲਾਚਾਰਾਵੀ ਨਾਮ ਦੇ ਇਸ ਸ਼ੱਕੀ ਦੀ ਗ੍ਰਿਫ਼ਤਾਰੀ ਸਬੰਧੀ ਖ਼ਬਰਾਂ ਛੱਪੀਆਂ ਹਨ।
ਬੈਲਜੀਅਮ ਦੀ ਸਪੈਸ਼ਲ ਟੀਮ ਵੱਲੋਂ 24 ਸਾਲਾ ਨਾਜਿਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਜਿਮ ਨੂੰ ਸੀਸੀਟੀਵੀ ਫੁਟੇਜ ਵਿੱਚ ਹਮਲੇ ਤੋਂ ਠੀਕ ਪਹਿਲਾਂ ਏਅਰਪੋਰਟ ਅੰਦਰ ਜਾਂਦੇ ਹੋਏ ਵੇਖਿਆ ਗਿਆ ਹੈ। ਇਸ ਹਮਲੇ ਵਿੱਚ ਤਿੰਨ ਲੋਕਾਂ ਦੇ ਸ਼ਾਮਿਲ ਹੋਣ ਬਾਰੇ ਕਿਹਾ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਵਿੱਚੋਂ ਦੋ ਦੀ ਆਤਮਘਾਤੀ ਧਮਾਕਿਆਂ ਵਿੱਚ ਮੌਤ ਹੋ ਗਈ ਸੀ। ਬੈਲਜੀਅਮ ਦੇ ਮੀਡੀਆ ਅਨੁਸਾਰ ਨਾਜਿ਼ਮ ਤੋਂ ਇਲਾਵਾ ਖਾਲਿਦ ਅਤੇ ਬਰਾਹਿਮ ਅਲ-ਬਕਰਾਵੀ ਨਾਮ ਦੇ ਭਰਾਵਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ।
ਜਿਕਰਯੋਗ ਹੈ ਕਿ ਮੰਗਲਵਾਰ ਨੂੰ ਏਅਰਪੋਰਟ ਅਤੇ ਮੈਟਰੋ ਸਟੇਸ਼ਨ ਤੇ ਹੋਏ ਧਮਾਕਿਆਂ ਵਿੱਚ 35 ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਦੇ ਕਰੀਬ ਲੋਕ ਜਖਮੀ ਹੋ ਗਏ ਸਨ।