ਨਵੀਂ ਦਿੱਲੀ – ਰਾਜ ਦੇ ਮੁੱਖਮੰਤਰੀ ਰਾਵਤ ਨੇ ਪਹਿਲਾਂ ਹੀ ਸਟਿੰਗ ਨੂੰ ਵਿਰੋਧੀ ਧਿਰ ਦੀ ਚਾਲ ਦੱਸਿਆ ਹੈ। ਪਰ ਹੁਣ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਨੇ ਵੀ ਇਸ ਨੂੰ ਦਿੱਧੇ ਤੌਰ ਤੇ ਬੀਜੇਪੀ ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਰਾਜ ਸਰਕਾਰ ਨੂੰ ਡੇਗਣ ਦੀ ਭਾਜਪਾ ਦੀ ਸੋਚੀ ਸਮਝੀ ਚਾਲ ਹੈ।
ਅੰਬਿਕਾ ਸੋਨੀ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਸਰੋਤਾਂ ਤੋਂ ਪਤਾ ਚੱਲਿਆ ਹੈ ਕਿ ਦਿੱਲੀ ਵਿੱਚ ਇਸ ਤੇ ਚਰਚਾ ਕਰਨ ਲਈ ਇਸ ਸਬੰਧੀ ਕੇਂਦਰੀ ਕੈਬਨਿਟ ਦੀ ਇੱਕ ਬੈਠਕ ਵੀ ਬੁਲਾਈ ਗਈ ਹੈ। ਉਨ੍ਹਾਂ ਨੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸੇ ਸਬੂਤ ਤੋਂ ਬਿਨਾਂ ਇਸ ਕਥਿਤ ਵੀਡੀਓ ਦੀ ਸਚਾਈ ਜਾਣੇ ਬਗੈਰ ਕੇਂਦਰ ਸਰਕਾਰ ਕਿਸੇ ਵੀ ਤਰ੍ਹਾਂ ਦਾ ਫੈਂਸਲਾ ਕਿਵੇਂ ਲੈ ਸਕਦੀ ਹੈ। ਇਹ ਕਿਸੇ ਮਜਾਕ ਤੋਂ ਘੱਟ ਨਹੀਂ ਹੈ।
ਅੰਬਿਕਾ ਨੇ ਕਿਹਾ ਕਿ ਗਵਰਨਰ ਨੇ ਰਾਵਤ ਸਰਕਾਰ ਨੂੰ 28 ਮਾਰਚ ਨੂੰ ਸਦਨ ਵਿੱਚ ਬਹੁਮੱਤ ਸਾਬਿਤ ਕਰਨ ਦਾ ਸਮਾਂ ਦਿੱਤਾ ਹੈ। ਇਸ ਦਿਨ ਰਾਜ ਸਰਕਾਰ ਆਪਣਾ ਬਹੁਮੱਤ ਪੇਸ਼ ਕਰੇਗੀ।ਬੀਜੇਪੀ ਦਾ ਕਹਿਣਾ ਹੈ ਕਿ ਬਹੁਮੱਤ ਸਾਬਿਤ ਕਰਨ ਲਈ ਏਨਾ ਲੰਬਾ ਸਮਾਂ ਦੇਣਾ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਹੈ ਕਿਉਂਕਿ ਇਸ ਦੌਰਾਨ ਅਵੈਧ ਅਤੇ ਗੈਰਕਾਨੂੰਨੀ ਢੰਗ ਨਾਲ ਜੋੜਤੋੜ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਉਤਰਾਖੰਡ ਵਿਧਾਨਸਭਾ ਦੇ ਸਪੀਕਰ ਗੋਵਿੰਦ ਕੁੰਜਵਾਲ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਾਂਗਰਸ ਦੇ 9 ਬਾਗੀ ਵਿਧਾਇਕਾਂ ਨੂੰ ਹਾਊਸ ਤੋਂ ਸਸਪੈਂਡ ਕਰ ਦਿੱਤਾ ਹੈ।ਮੁੱਖਮੰਤਰੀ ਹਰੀਸ਼ ਰਾਵਤ ਪੂਰੀ ਵਾਹ ਲਗਾ ਰਹੇ ਸਨ ਕਿ ਕਾਂਗਰਸ ਦੇ ਬਾਗੀ ਵਿਧਾਇਕਾਂ ਨੂੰ ਹਾਊਸ ਵੱਲੋਂ ਅਯੋਗ ਕਰਾਰ ਦਿੱਤਾ ਜਾਵੇ।