ਲੁਧਿਆਣਾ : ਅਫਗਾਨਿਸਤਾਨ ਤੋਂ ਇੱਕ ੳੁੱਚ ਪੱਧਰੀ 22 ਮੈਂਬਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਸ਼੍ਰੀ ਹਮੀਦ ਹਲਮੰਦੀ ਅਤੇ ਬੀਜ ਨਿਰੀਖਣ, ਅਫਗਾਨਿਸਤਾਨ ਸਰਕਾਰ ਦੇ ਨਿਰਦੇਸ਼ਕ ਸ਼੍ਰੀ ਮਹਿਬੂਬ ਉਲਾ ਨਾਗ ਕਰ ਰਹੇ ਸਨ।
ਇਸ ਮੌਕੇ ਸ਼੍ਰੀ ਹਮੀਦ ਹਲਮੰਦੀ ਨੇ ਯੂਨੀਵਰਸਿਟੀ ਵੱਲੋਂ ਖੇਤੀ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਅਫਗਾਨਿਸਤਾਨ ਦੀਆਂ ਖੇਤੀ ਹਾਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਗਾਨਿਸਤਾਨ ਦਾ ਕੁੱਲ ਚਾਰ ਫੀ ਸਦੀ ਭਾਗ ਹੀ ਉਪਜਾਊ ਹੈ ਅਤੇ ਲਗਪਗ 90 ਫੀ ਸਦੀ ਪਾਣੀ ਜਾਇਆ ਚਲਾ ਜਾਂਦਾ ਹੈ। ਉਹਨਾਂ ਦੱਸਿਆ ਕਿ ਅਫਗਾਨਿਸਤਾਨ ਵਰਗੇ ਮੁਲਕ ਲਈ ਪਾਣੀ ਦੀ ਸਾਂਭ-ਸੰਭਾਲ ਇੱਕ ਮੁੱਖ ਚੁਣੌਤੀ ਹੈ। ਉਹਨਾਂ ਇ ਸਬੰਧੀ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦਿੱਤੇ ਜਾ ਰਹੇ ਤਕਨੀਕੀ ਸਹਿਯੋਗ ਲਈ ਧੰਨਵਾਦ ਦੇ ਸ਼ਬਦ ਕਹੇ।
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਅਫਗਾਨਿਸਤਾਨ ਦੀਆਂ ਅਨੇਕਾਂ ਗਹਿਰੀਆਂ ਸਾਝਾਂ ਹਨ। ਉਹਨਾਂ ਕਿਹਾ ਕਿ ਭੋਜਨ, ਭਾਸ਼ਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਦੋਵੇਂ ਮੁਲਕ ਇਕੋ ਜਿਹਾ ਵਿਚਾਰਧਾਰਾ ਰੱਖਦੇ ਹਨ। ਉਹਨਾਂ ਕਿਹਾ ਕਿ ਵੱਖ ਵੱਖ ਤਕਨੀਕੀ ਪ੍ਰੋਗਰਾਮਾਂ ਬਾਰੇ ਸਿਖਲਾਈਆਂ ਪ੍ਰਦਾਨ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਮਾਣ ਮਹਿਸੂਸ ਕਰੇਗੀ। ਇਸ ਮੌਕੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਨਿਰਦੇਸ਼ਕ ਖੋਜ ਡਾ: ਬਲਵਿੰਦਰ ਸਿੰਘ ਨੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।
ਵਫਦ ਵੱਲੋਂ ਵੱਖ ਵੱਖ ਵਿਭਾਗਾਂ ਦਾ ਦੌਰਾ ਵੀ ਕੀਤਾ ਗਿਆ।