ਲੁਧਿਆਣਾ : ਮੈਂਬਰ ਪਾਰਲੀਮੈਂਟ ਪਦਮ ਵਿਭੂਸ਼ਣ ਡਾ: ਮਨੋਹਰ ਸਿੰਘ ਗਿੱਲ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਉਹਨਾਂ ਆਪਣੇ ਦੌਰੇ ਦੌਰਾਨ ਨਵੇਂ ਉਸਾਰੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਵੀ ਕੀਤਾ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਵਿਕਾਸ ਦੇ ਰਾਹ ਤੋਰਨ ਲਈ ਔਰਤਾਂ ਦੀ ਸਿੱਖਿਆ ਬਹੁਤ ਅਹਿਮ ਸਥਾਨ ਰੱਖਦੀ ਹੈ। ਉਹਨਾਂ ਕਿਹਾ ਕਿ ਜਿਸ ਟੱਬਰ ਦੀ ਸੁਆਣੀ ਪੜ੍ਹੀ ਲਿਖੀ ਹੋਵੇਗੀ ਉਸ ਟੱਬਰ ਦੇ ਬੱਚਿਆਂ ਦਾ ਸਿਖਿਅਕ ਹੋਣਾ ਸੁਭਾਵਿਕ ਹੈ। ਡਾ: ਗਿੱਲ ਨੇ ਵਾਤਾਵਰਨ ਵਿੱਚ ਆ ਰਹੇ ਵਿਗਾੜ ਸੰਬੰਧੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਬਲਾਕ ਗੰਭੀਰ ਹੱਦ ਤਕ ਦੂਸ਼ਿਤ ਹੋ ਚੁੱਕੇ ਹਨ। ਸਾਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਾਣੀ ਹੀ ਜੀਵਨ ਦਾ ਆਧਾਰ ਹੈ। ਇਸ ਲਈ ਸਾਨੂੰ ਉਹਨਾਂ ਫ਼ਸਲਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ ਜਿਨ੍ਹਾਂ ਵਿੱਚ ਪਾਣੀ ਦੀ ਖਪਤ ਘੱਟ ਹੋਵੇ। ਉਹਨਾਂ ਕਿਹਾ ਕਿ ਸਬਮਰਸੀਬਲ ਟਿਊਬਵੈੱਲ ਸਥਾਪਿਤ ਕਰਨਾ ਛੋਟੇ ਕਿਸਾਨ ਲਈ ਕੋਈ ਅਸਰਦਾਰ ਹੱਲ ਨਹੀਂ ਹੈ। ਉਹਨਾਂ ਸਮਾਜਿਕ ਕੁਰੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਦਾ ਸੰਬੰਧ ਛੋਟੀਆਂ ਹੋ ਰਹੀਆਂ ਜੋਤਾਂ ਅਤੇ ਕੁਦਰਤੀ ਸੋਮਿਆਂ ਦੀ ਅੰਧਾਧੁੰਦ ਵਰਤੋਂ ਕਾਰਨ ਹੀ ਹੈ। ਡਾ: ਗਿੱਲ ਨੇ ਵਿਸ਼ੇਸ਼ ਤੌਰ ਤੇ ਜੈਵਿਕ ਖੇਤੀ ਵੱਲ ਤੁਰਨ ਲਈ ਕਿਹਾ ਤਾਂ ਜੋ ਅਸੀਂ ਰਸਾਇਣਾਂ ਤੇ ਠੱਲ੍ਹ ਪਾ ਸਕੀਏ। ਉਹਨਾਂ ਮਹਾਂਪੁਰਖ ਡਾ: ਮਹਿੰਦਰ ਸਿੰਘ ਰੰਧਾਵਾ ਨੂੰ ਆਪਣਾ ਆਦਰਸ਼ ਦਸਦਿਆਂ ਹੋਇਆਂ ਕਿਹਾ ਕਿ ਉਹਨਾਂ ਦੀ ਸੋਚ ਅਤੇ ਹਿੰਮਤ ਸਦਕਾ ਕਈ ਅਸਰਦਾਰ ਪ੍ਰੋਜੈਕਟ ਆਰੰਭ ਗਏ ਸਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰਸਾਸ਼ਨ, ਕਲਾ ਅਤੇ ਦਰਿਆਦਿਲੀ ਦੀ ਮਿਸਾਲ ਹਨ ਡਾ: ਗਿੱਲ ਜਿਨ੍ਹਾਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਬਿਨਾਂ ਮੰਗੇ ਲੜਕੀਆਂ ਦੀ ਸਿੱਖਿਆ ਨੂੰ ਹੋਰ ਮਜ਼ਬੂਤੀ ਦੇਣ ਲਈ ਵੱਡੀ ਰਾਸ਼ੀ ਇਸ ਹੋਸਟਲ ਨੂੰ ਤਿਆਰ ਕਰਨ ਲਈ ਪ੍ਰਦਾਨ ਕੀਤੀ। ਡਾ: ਢਿੱਲੋਂ ਨੇ ਕਿਹਾ ਕਿ ਜਿਸ ਪਾਸੇ ਵੀ ਡਾ: ਗਿੱਲ ਨੇ ਆਪਣੀਆਂ ਪੈੜਾਂ ਪਾਈਆਂ ਹਨ ਉਸ ਖੇਤਰ ਵਿੱਚ ਹੀ ਕਾਇਆ ਕਲਪ ਹੋਈ ਹੈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਤਕਰੀਬਨ 56 ਫੀ ਸਦੀ ਕੁੜੀਆਂ ਦਾਖਲਾ ਲੈ ਰਹੀਆਂ ਹਨ ਅਤੇ ਲੜਕੀਆਂ ਦੀ ਵਿਦਿਅਕ ਖੇਤਰ ਵਿੱਚ ਕਾਰਗੁਜ਼ਾਰੀ ਲੜਕਿਆਂ ਨਾਲੋਂ ਬਹੁਤ ਚੰਗੀ ਹੈ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਬੋਲਦਿਆਂ ਦੱਸਿਆ ਕਿ ਡਾ: ਗਿੱਲ ਵੱਲੋਂ ਹੁਣ ਤਕ ਵੱਖ ਵੱਖ ਖੇਤਰਾਂ ਵਿੱਚ ਜੋ ਪ੍ਰਕਾਸ਼ਨਾਵਾਂ ਤਿਆਰ ਕੀਤੀਆਂ ਹਨ ਉਹ ਅਤਿ ਸਲਾਹੁਣਯੋਗ ਹਨ। ਉਹਨਾਂ ਵੱਲੋਂ ਤਿਆਰ ਸਹਿਕਾਰਤਾ ਤੇ ਇੱਕ ਕਿਤਾਬ ਅੱਜ ਵੀ ਕਾਫੀ ਸਲਾਹੀ ਜਾ ਰਹੀ ਹੈ।
ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕਹੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਏ ਐਸ ਨੰਦਾ, ਯੂਨੀਵਰਸਿਟੀ ਦੇ ਸਮੂਹ ਅਧਿਕਾਰੀ ਵੀ ਸ਼ਾਮਿਲ ਸਨ।