ਮੁੰਬਈ – ਮਹਾਂਰਾਸ਼ਟਰ ਵਿੱਚ ਬਾਰ ਡਾਂਸਰ ਨੂੰ ਛੂਹਣ ਅਤੇ ਉਸ ਤੇ ਨੋਟ ਸੁੱਟਣ ਵਾਲਿਆਂ ਨੂੰ ਹੁਣ ਜੇਲ੍ਹ ਹੋ ਸਕਦੀ ਹੈ। ਰਾਜ ਸਰਕਾਰ ਨੇ ਬਾਰ ਡਾਂਸਰ ਲਈ ਮਸੌਦਾ ਬਿੱਲ ਵਿੱਚ ਸਖਤ ਪ੍ਰਸਤਾਵ ਰੱਖੇ ਹਨ। ਮਸੌਦਾ ਕਾਨੂੰਨ ਅਨੁਸਾਰ ਬਾਰ ਡਾਂਸਰ ਨੂੰ ਛੂਹਣ ਜਾਂ ਰੁਪੈ ਸੁੱਟਣ ਤੇ 6 ਮਹੀਨੇ ਦੀ ਸਜ਼ਾ ਜਾਂ 50 ਹਜ਼ਾਰ ਰੁਪੈ ਜੁਰਮਾਨਾ ਹੋ ਸਕਦਾ ਹੈ।
ਗੈਰ ਕਾਨੂੰਨੀ ਢੰਗ ਨਾਲ ਡਾਂਸ ਬਾਰ ਚਲਾਉਣ ਤੇ 25 ਲੱਖ ਦਾ ਜੁਰਮਾਨਾ ਜਾਂ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ। ਡਾਂਸ ਬਾਰ ਚਲਾਉਣ ਦਾ ਸਮਾਂ ਵੀ ਹੁਣ ਰਾਤ 11.30 ਵਜੇ ਤੱਕ ਹੀ ਹੋਵੇਗਾ। ਪ੍ਰਸਤਾਵਿਤ ਬਿੱਲ ਨੂੰ ਮੁੱਖਮੰਤਰੀ ਦੇਵੇਂਦਰ ਫੜਨਵੀਸ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਬੈਠਕ ਵਿੱਚ ਮਨਜੂਰੀ ਮਿਲ ਗਈ ਹੈ। ਇਸ ਬਿੱਲ ਨੂੰ ਵਿਧਾਨਮੰਡਲ ਦੇ ਮੌਜੂਦਾ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਨਵੇਂ ਬਿੱਲ ਅਨੁਸਾਰ , ਅਸ਼ਲੀਲ ਨਾਚ ਅਤੇ ਹਰਕਤਾਂ ਤੇ ਰੋਕ ਹੋਵੇਗੀ। ਬਾਰ ਡਾਂਸਰਾਂ ਨੂੰ ਤੰਗ ਕਪੜੇ ਪਹਿਨਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਇਹ ਬਾਰ ਡਾਂਸ ਦੀਆਂ ਦੁਕਾਨਾਂ ਸਿੱਖਿਆ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਨਹੀਂ ਹੋਣਗੀਆਂ। ਡਾਂਸ ਬਾਰ ਦੇ ਐਂਟਰੀ ਗੇਟ ਅਤੇ ਡਾਂਸ ਫਲੋਰ ਤੇ ਸੀਸੀਟੀਵੀ ਕੈਮਰੇ ਲਗਾਉਣਾ ਜਰੂਰੀ ਹੋਵੇਗਾ।
ਡਾਂਸਰ ਦੇ ਸੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੇ ਮਾਲਿਕ ਨੂੰ 10 ਲੱਖ ਰੁਪੈ ਦਾ ਜੁਰਮਾਨਾ ਜਾਂ 3 ਸਾਲ ਦੀ ਸਜ਼ਾ ਹੋ ਸਕਦੀ ਹੈ। 25 ਸਾਲ ਤੋਂ ਘੱਟ ਉਮਰ ਦੀ ਬਾਰ ਡਾਂਸਰ ਨਹੀਂ ਰੱਖੀ ਜਾਵੇਗੀ ਅਤੇ ਨਾਂ ਹੀ 25 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਡਾਂਸ ਬਾਰ ਵਿੱਚ ਜਾਣ ਦੀ ਪਰਮਿਸ਼ਨ ਹੋਵੇਗੀ। ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਡਾਂਸ ਬਾਰ ਤੋਂ ਪਾਬੰਦੀ ਹਟਾਉਣ ਦੇ ਆਦੇਸ਼ ਦਿੱਤੇ ਸਨ।