ਅੱਜ ਜਦੋਂ ਹਰਨਾਮ ਕੌਰ ਆਪਣੀ ਵੱਡੀ ਪੋਤੀ ਦੀਪੀ ਨੁੰ ਸਕੂਲ ਦਾਖਲ ਕਰਾਉਣ ਗਈ ਤਾਂ ਉਸ ਨੇ ਦੇਖਿਆ ਕਿ ਆਦਿਧਰਮੀਆਂ ਦੀ ਨੂੰਹ ਰੱਤੋ ਮਾਸਰਟਨੀ ਨਾਲ ਲੜ ਰਹੀ ਸੀ।
“ਮੈ ਤੈਨੂੰ ਦੱਸਿਆ ਕਿ ਮੈਂ ਆਪਣੇ ਘਰ ਵਾਲੇ ਦਾ ਨਾ ਨਹੀਂ ਲੈਣਾ।”
“ਜੇ ਤੂੰ ਮੈਨੂੰ ਆਪਣੇ ਘਰ ਵਾਲੇ ਦਾ ਨਾਮ ਨਹੀਂ ਦੱਸੇਂਗੀ, ਤਾਂ ਤੇਰੇ ਮੁੰਡੇ ਨੂੰ ਦਾਖਲ ਕਿਵੇ ਕਰਾਂਗੀ।” ਅਧਿਆਪਕ ਦਾਖਲਾ ਫਾਰਮ ਭਰਦੀ ਹੋਈ ਰੱਤੋ ਨੂੰ ਪੁੱਛ ਰਹੀ ਸੀ।
“ਮਾਸ਼ਟਰਨੀ, ਪਹਿਲਾਂ ਤੂੰ ਮੈਨੂੰ ਦੱਸ, ਤੂੰ ਆਪਣੇ ਘਰ ਵਾਲੇ ਦਾ ਨਾਮ ਲੈ ਲੈਨੀ ਆਂ।” ਰੱਤੋ ਨੇ ਨਾਮ ਦੱਸਣ ਦੀ ਥਾਂ ਹੋਰ ਸਵਾਲ ਕਰ ਦਿੱਤਾ।
“ਇਸ ਦੇ ਘਰ ਵਾਲੇ ਦਾ ਨਾਮ ਖੁਸ਼ੀ ਰਾਮ ਹੈ।” ਹਰਨਾਮ ਕੌਰ ਆਉਂਦੀ ਨੇ ਕਿਹਾ।
“ਚੱਲੋ, ਚੰਗਾ ਹੋ ਗਿਆ, ਬੀਬੀ, ਤੂੰ ਆ ਗਈ, ਇਹ ਮਾਸ਼ਟਰਨੀ ਤਾਂ ਮੇਰੇ ਮਗਰ ਹੀ ਪੈ ਗਈ ਸੀ ਕਿ ਠੋਲੀ ਦੇ ਭਾਪੇ ਦਾ ਨਾ ਦੱਸ, ਬੀਬੀ, ਇਹਨੂੰ ਪੁੱਛ ਪਈ ਮੈਂ ਚੰਗੀ ਲਗਦੀ ਹਾਂ ਉਹਦਾ ਨਾਮ ਲੈਂਦੀ।”
“ਖੁਸ਼ੀਏ ਦਾ ਨਾਮ ਤਾਂ ਭਾਵੇਂ ਤੂੰ ਨਹੀ ਲੈਂਦੀ, ਪਰ ਉਹਦੇ ਨਾਲ ਲੜਦੀ ਗਾਲ੍ਹਾਂ ਕੱਢਦੀ ਸਾਹ ਨਹੀ ਲੈਂਦੀ।”
ਹਰਨਾਮ ਕੌਰ ਦੀ ਸੱਚੀ ਗੱਲ ਨਾਲ ਰੱਤੋ ਸ਼ਰਮਿੰਦੀ ਜਿਹੀ ਹੋ ਗਈ ਅਤੇ ਅੱਗੋਂ ਕੁਝ ਵੀ ਨਹੀ ਬੋਲੀ ਅਤੇ ਥੱਲੇ ਜ਼ਮੀਨ ਉ¤ਪਰ ਹੀ ਇਕ ਪਾਸੇ ਹੋ ਕੇ ਬੈਠ ਗਈ। ਦੀਪੀ ਦਾ ਨਾਮ ਸਕੂਲ ਵਿਚ ਦਾਖਲ ਕਰਵਾਉਣ ਤੋਂ ਬਾਅਦ, ਹਰਨਾਮ ਕੌਰ ਨੇ ਫੁਲੀਆਂ ਪਤਾਸਿਆਂ ਦਾ ਬੁੱਕ ਭਰ ਕੇ ਸਭ ਤੋਂ ਪਹਿਲਾਂ ਰੱਤੋ ਨੂੰ ਦਿੱਤਾ ਅਤੇ ਬਾਕੀ ਸਾਰੇ ਬੱਚਿਆਂ ਵਿਚ ਵੰਡ ਦਿੱਤੇ। ਰੱਤੋ ਵੀ ਆਪਣੇ ਮੁੰਡੇ ਨੂੰ ਦਾਖਲ ਕਰਵਾ ਕੇ ਹਰਨਾਮ ਕੌਰ ਦੇ ਨਾਲ ਹੀ ਪਿੰਡ ਨੂੰ ਮੁੜ ਪਈ। ਰਸਤੇ ਵਿਚ ਆਉਂਦਿਆ ਹਰਨਾਮ ਕੌਰ ਨੇ ਪੁੱਛਿਆ,”ਕੁੜੇ, ਤੇਰੇ ਗੁਆਢੀਂ ਭੇਡਾਂ ਵਾਲਿਆਂ ਦਾ ਕੀ ਹਾਲ ਚਾਲ ਹੈੂ?
“ਬੀਬੀ, ਉਹਨਾ ਆਪਣਾ ਛੜਾ ਵੀ ਹੁਣ ਵਿਆਹ ਲਿਆ।”
“ਹੈਂ, ਕੁੜੇ ਉਹ ਕਦੋਂ, ਪਿੰਡ ਵਿਚ ਕੋਈ ਬੈਂਡ-ਵਾਜਾ ਤਾਂ ਵਜਦਾ ਸੁਣਿਆ ਨਹੀਂ।”
“ਉਹਨਾਂ ਵਿਆਹ ਰਾਤ ਨੂੰ ਨ੍ਹੇਰੇ ਵਿਚ ਹੀ ਕੀਤਾ।”
“ਐਵੇਂ ਤਾਂ ਨਹੀ ਕਹੀ ਜਾਂਦੀ, ਤੂੰ ਵੀ ਵਹੁਟੀ ਦੇਖੀ ਆ।”
“ਬੀਬੀ, ਵਹੁਟੀ ਤਾਂ ਹੱਥ ਲਾਇਆਂ ਮੈਲੀ ਹੁੰਦੀ ਆ।”
“ਅੱਛਾ, ਬੂਝੜ ਜਿਹੇ ਦੀ ਕਿਸਮਤ ਬੜੀ ਤੇਜ਼ ਨਿਕਲੀ।”
“ਤ੍ਰਕਾਲਾਂ ਨੂੰ ਸਾਡੇ ਪਰਾਹੁਣੇ ਆਉਣੇਂ ਆ, ਮੈਂ ਤੁਹਾਡੇ ਖੇਤੋਂ ਮੁੱਠ ਕੁ ਸਾਗ ਦਾ ਲੈ ਆਵਾਂ।” ਰੱਤੋ ਨੇ ਗੱਲ ਸਣਾੳੋੁਣ ਦਾ ਅਸਲੀ ਮੱਤਲਵ ਦੱਸਿਆ।
“ਸਾਗ ਤੂੰ ਲੈ ਆਈਂ, ਪਰ ਸਾਡੇ ਥੌੜੀ ਕਣਕ ਛੱਟਣ ਵਾਲੀ ਪਈ ਆ, ਕੱਲ ਆ ਕੇ ਉਸ ਵਿਚ ਛੱਜ ਫੇਰ ਜਾਂਈ।”
“ਅੱਛਾ।” ਇਹ ਕਹਿ ਕੇ ਰੱਤੋ ਆਪਣੇ ਵਿਹੜੇ ਵੱਲ ਨੂੰ ਮੁੜ ਪਈ।