ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇਕ ਰੋਜਾ ਕਿਰਸਾਨੀ ਦਰਪੇਸ਼ ਸਮੱਸਿਆਵਾਂ ਪ੍ਰਤੀ ਝਾਤ ਪਾਉਂਦਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਅਰਥਚਾਰੇ ਅਤੇ ਵਿਕਾਸ ਦੀ ਸੋਸਾਇਟੀ ਵੱਲੋਂ ਪੰਜਾਬ ਮੰਡੀ ਬੋਰਡ ਅਤੇ ਕੌਮਾਂਤਰੀ ਖੇਤੀਬਾੜੀ ਮੰਡੀਕਰਨ ਬੋਰਡ ਕੌਂਸਲ ਦੀ ਸਰਪ੍ਰਸਤੀ ਹੇਠ ਕੀਤਾ ਗਿਆ । ਇਸ ਸੈਮੀਨਾਰ ਦੇ ਵਿੱਚ 17 ਸੂਬਿਆਂ ਦੇ ਅਰਥ ਸਾਸ਼ਤਰੀਆਂ ਨੇ ਭਾਗ ਲਿਆ । ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ ।
ਇਸ ਮੌਕੇ ਡਾ. ਢਿੱਲੋਂ ਨੇ ਛੋਟੀਆ ਹੋ ਰਹੀਆ ਜੋਤਾਂ, ਵਾਤਾਵਰਨ ਵਿੱਚ ਆ ਰਿਹਾ ਵਿਗਾੜ ਅਤੇ ਕੁਦਰਤੀ ਸੋਮਿਆਂ ਦੀ ਵਰਤੋਂ ਸੰਬੰਧੀ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਸਹਿਕਾਰੀ ਪੱਧਰ ਤੇ ਮੰਡੀਕਰਨ ਅਤੇ ਮਸ਼ੀਨੀਕਰਨ ਵੱਲ ਤੁਰਨਾ ਪਵੇਗਾ । ਇਸ ਨਾਲ ਅਸੀਂ ਮੁੱਢਲੀਆਂ ਲਾਗਤਾਂ ਤੇ ਕਟੌਤੀ ਕਰ ਸਕਦੇ ਹਾਂ ਅਤੇ ਆਪਣੀ ਜਿਣਸ ਦਾ ਚੋਖਾ ਲਾਭ ਪ੍ਰਾਪਤ ਕਰ ਸਕਦੇ ਹਾਂ । ਉਹਨਾਂ ਅਜਿਹੇ ਸੈਮੀਨਾਰਾਂ ਨੂੰ ਵੱਡਮੁੱਲਾ ਦੱਸਿਆ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਨਵੀਆਂ ਨੀਤੀਆਂ ਦੀ ਉਸਾਰੀ ਲਈ ਇਹਨਾਂ ਸੈਮੀਨਾਰਾਂ ਤੋਂ ਪੜਚੋਲ ਉਪਰੰਤ ਅੰਕੜੇ ਵੱਡਮੁੱਲੇ ਸਿੱਧ ਹੋਣਗੇ ।
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਗੁਰਿੰਦਰ ਕੌਰ ਸਾਂਘਾ ਨੇ ਸੈਮੀਨਾਰ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਹਨਾਂ ਇਸ ਸਮੇਂ ਕਿਹਾ ਕਿ ਸਮੱਸਿਆਵਾਂ ਅਤੇ ਮੰਡੀਕਰਨ ਦੇ ਸੁਖਾਵੇਂ ਹੱਲ ਦੇ ਲਈ ਇਸ ਸੈਮੀਨਾਰ ਉਪਰੰਤ ਤਜ਼ਵੀਜਾਂ ਕੀਤੀਆਂ ਜਾਣਗੀਆਂ । ਇਸ ਸਮੇਂ ਐਗਰੋ ਇਕਨੋਮਿਕ ਖੋਜ ਕੇਂਦਰ ਪੀ ਏ ਯੂ ਦੇ ਨਿਰਦੇਸ਼ਕ ਡਾ. ਡੀ ਕੇ ਗਰੋਵਰ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਖੇਤੀ ਦੇ ਖੇਤਰ ਵਿੱਚ ਦੇਸ਼ ਦੀ ਕੁੱਲ ਘਰੇਲੂ ਖਪਤ ਜੋ ਕਿ ਪਹਿਲਾਂ 43 ਫੀਸਦੀ ਤੱਕ ਸਾਲ 1971 ਵਿੱਚ ਪਾਈ ਗਈ ਸੀ । ਹੁਣ ਸਾਲ 2013-14 ਵਿੱਚ 15 ਪ੍ਰਤੀਸ਼ਤ ਤੱਕ ਸੁੰਗੜ ਗਈ ਹੈ । ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਖੇਤੀ ਦੇ ਲੋਕਾਂ ਦੀ ਨਿਰਭਰਤਾ ਨਹੀਂ ਘਟੀ ਜਿਸ ਕਾਰਨ ਪ੍ਰਤੀ ਵਿਅਕਤੀ ਕੁੱਲ ਆਮਦਨ ਖੇਤੀ ਦੇ ਵਿੱਚ ਘਟੀ ਹੈ । ਉਹਨਾਂ ਮੁਨਾਫ਼ਾ ਵਧਾਉਣ ਦੇ ਲਈ ਮੁੱਢਲੀਆਂ ਲਾਗਤਾਂ ਤੇ ਕਟੌਤੀ ਕਰਨ ਨੂੰ ਕਿਹਾ । ਇਸ ਤੋਂ ਪਹਿਲਾਂ ਸੋਸਾਇਟੀ ਦੇ ਜਨਰਲ ਸਕੱਤਰ ਪਰਮਿੰਦਰ ਕੌਰ ਨੇ ਜੀ ਆਇਆ ਦੇ ਸ਼ਬਦ ਬੋਲਦਿਆ ਕਿਹਾ ਕਿ ਸਥਾਈ ਮੁੱਲ ਨਿਰਧਾਰਨ ਸਮੇਂ ਸਿਰ ਅਦਾਰਿਆਂ ਵੱਲੋਂ ਕਰਜ਼ ਦੀ ਸਹੂਲਤ ਕਿਰਸਾਨੀ ਦੇ ਵਿੱਚ ਕੁਝ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ । ਸੋਸਾਇਟੀ ਦੇ ਪ੍ਰਧਾਨ ਡਾ.ਮਾਨ ਸਿੰਘ ਤੂਰ ਨੇ ਸੋਸਾਇਟੀ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ ।
ਡਾ. ਢਿੱਲੋਂ ਵੱਲੋਂ ਇਸ ਮੌਕੇ ਇੰਟਰ ਜਨਰਲ ਆਫ਼ ਇਕਨੋਮਿਕਸ ਅਤੇ ਡਿਵੈਲਪਮੈਂਟ ਵੀ ਜਾਰੀ ਕੀਤਾ ਗਿਆ ।