ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ 17 ਅਪ੍ਰੈਲ 2016 ਨੂੰ ਹੋ ਰਹੀਆਂ ਹਨ। ਪ੍ਰਧਾਨਗੀ ਲਈ ਮੁਖ ਮੁਕਾਬਲਾ ਡਾ. ਸੁਖਦੇਵ ਸਿੰਘ ਅਤੇ ਸ੍ਰੀ ਕਸ਼ਮੀਰੀ ਲਾਲ ਚਾਵਲਾ ਵਿਚਕਾਰ ਹੈ। ਡਾ. ਸੁਖਦੇਵ ਸਿੰਘ ਇਕ ਪ੍ਰਮੁੱਖ ਵਿਦਵਾਨ ਅਤੇ ਲੇਖਕਾਂ ਦੇ ਉੱਘੇ ਆਗੂ ਵਜੋਂ ਜਾਣੇ ਜਾਂਦੇ ਹਨ। ਉਹ ਪਿਛਲੇ ਛੇ ਸਾਲ ਅਕਾਡਮੀ ਦੇ ਜਨਰਲ ਸਕੱਤਰ ਅਤੇ ਦੋ ਸਾਲ ਬਤੌਰ ਪ੍ਰਧਾਨ ਰਹਿ ਚੁੱਕੇ ਹਨ। ਇਸ ਸਮੇਂ ਅਕਾਡਮੀ ਦਾ ਜਿੱਥੇ ਵਿਕਾਸ ਹੋਇਆ ਹੈ ਉਥੇ ਲੋਕਤੰਤਰੀ ਲੀਹਾਂ ਵੀ ਹੋਰ ਗਹਿਰੀਆਂ ਹੋਈਆਂ ਹਨ। ਬਹੁਤ ਸਾਰੇ ਨਾਮਵਰ ਲੇਖਕ ਉਨ੍ਹਾਂ ਦੀ ਹਿਮਾਇਤ ’ਤੇ ਉਤਰੇ ਹਨ। ਅੱਜ ਇਥੇ ਪੰਜਾਬੀ ਭਵਨ ਪਹੁੰਚ ਕੇ ਕੁਝ ਪ੍ਰਮੁੱਖ ਲੇਖਕਾਂ ਨੇ ਡਾ. ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਪੈਨਲ ਦੀ ਹਿਮਾਇਤ ਕੀਤੀ ਹੈ। ਜਿਨ੍ਹਾਂ ਵਿਚ ਸੁਰਿੰਦਰ ਰਾਮਪੁਰੀ, ਜਨਮੇਜਾ ਸਿੰਘ ਜੌਹਲ, ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ, ਤਰਲੋਚਨ ਲੋਚੀ, ਹਰਬੰਸ ਮਾਲਵਾ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ ਸਮੇਤ ਕਾਫ਼ੀ ਲੇਖਕ ਸ਼ਾਮਲ ਹਨ।
ਚੋਣਾਂ ਵਿਚ ਬਿਨਾਂ ਮੁਕਾਬਲਾ ਜੇਤੂ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸ਼ਰਨਜੀਤ ਕੌਰ, ਡਾ. ਦੇਵਿੰਦਰ ਦਿਲਰੂਪ, ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਸ. ਹਰਦੇਵ ਸਿੰਘ ਗਰੇਵਾਲ ਬਿਨਾਂ ਮੁਕਾਬਲਾ ਜੇਤੂ ਲੇਖਕਾਂ ਨੇ ਉਪਰੋਕਤ ਪੈਨਲ ਨੂੰ ਜਿਤਾਉਣ ਦੀ ਅਪੀਲ ਕੀਤੀ।
ਉਪਰੋਕਤ ਸਾਹਿਤਕਾਰਾਂ ਨੇ ਮਹਿਸੂਸ ਕੀਤਾ ਕਿ ਪਿਛਲੇ ਦੋ ਸਾਲਾਂ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਚ ਵਿਕਾਸ ਪੱਖੋ ਅਤੇ ਅਕਾਡਮੀ ਨੂੰ ਲੋਕਤੰਤਰੀ ਦਿੱਖ ਪ੍ਰਦਾਨ ਕਰਨ ਲਈ ਮਹੱਤਵਪੂਰਣ ਕਾਰਜ ਹੋਇਆ ਹੈ। ਇਸ ਸਮੇਂ ਦੌਰਾਨ ਡਾ. ਮਨੋਹਰ ਸਿੰਘ ਗਿੱਲ ਵੱਲੋਂ ਪੱਚੀ ਲੱਖ ਰੁਪਏ ਦੀ ਗ੍ਰਾਂਟ ਸਾਹਿਰ ਲੁਧਿਆਣਵੀ ਲਾਇਬ੍ਰੇਰੀ ਲਈ, ਪੰਜ ਲੱਖ ਰੁਪਏ ਦੀ ਗ੍ਰਾਂਟ ਸ. ਰਵਨੀਤ ਸਿੰਘ ਬਿੱਟੂ, ਮੈਂਬਰ ਪਾਰਲੀਮੈਂਟ ਵੱਲੋਂ ਅਤੇ ਸ. ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਤਿੰਨ ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤੀ ਗਈ ਹੈ। ਪੰਜਾਬੀ ਮਾਂ ਬੋਲੀ ਨੂੰ ਵਕਾਰੀ ਸਥਾਨ ਦਿਵਾਉਣ ਲਈ ਜ਼ਿਕਰਯੋਗ ਯਤਨ ਹੋਏ ਹਨ। ਸੋ ਇਹ ਪਰੰਪਰਾ ਲਗਾਤਾਰ ਕਾਇਮ ਰਹਿਣੀ ਚਾਹੀਦੀ ਹੈ।