ਕੋਲਮ- ਕੇਰਲਾ ਦੇ ਪੁਤਿੰਗਲ ਮੰਦਿਰ ਵਿੱਚ ਮੁਕਾਬਲਾ ਜਿੱਤਣ ਦੇ ਲਾਲਚ ਵਿੱਚ 110 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 300 ਤੋਂ ਵੱਧ ਜਖਮੀ ਹੋਏ ਹਨ। ਮੰਦਿਰ ਵਿੱਚ ਆਤਿਸ਼ਬਾਜ਼ੀ ਦਾ ਇੱਕ ਮੁਕਾਬਲਾ ਰੱਖਿਆ ਗਿਆ ਸੀ। ਜਿਸ ਅਨੁਸਾਰ ਜਿੱਤਣ ਵਾਲੇ ਨੂੰ ਇਨਾਮ ਦੇ ਰੂਪ ਵਿੱਚ ਬਾਈਕ ਦਿੱਤੀ ਜਾਣੀ ਸੀ।
ਮੰਦਿਰ ਵਿੱਚ ਆਤਿਸ਼ਬਾਜ਼ੀ ਦਾ ਕੰਪੀਟੀਸ਼ਨ ਚੱਲ ਰਿਹਾ ਸੀ। ਇਸ ਲਈ ਮੰਦਿਰ ਵਿੱਚ ਲੋਕਾਂ ਦੀ ਬਹੁਤ ਭਾਰੀ ਭੀੜ ਸੀ। ਰਾਜ ਦੇ ਦੂਸਰੇ ਭਾਗਾਂ ਤੋਂ ਵੀ ਬਹੁਤ ਸਾਰੇ ਲੋਕ ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਸ਼ਰਧਾਲੂਆਂ ਨੇ ਇਨਾਮ ਜਿੱਤਣ ਦੇ ਲਾਲਚ ਵਿੱਚ ਜਮਕੇ ਆਤਿਸ਼ਬਾਜ਼ੀ ਕੀਤੀ, ਜਿਸ ਕਾਰਣ ਭਿਆਨਕ ਅੱਗ ਲਗ ਗਈ ਜੋ ਕਿ ਕਾਬੂ ਤੋਂ ਬਾਹਰ ਹੋ ਗਈ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਭੀੜ ਵੱਧ ਹੋਣ ਕਰਕੇ ਵੀ ਮੌਤਾਂ ਦੀ ਗਿਣਤੀ ਜਿਆਦਾ ਹੋਈ।
ਐਤਵਾਰ ਸਵੇਰੇ ਸਾਢੇ ਤਿੰਨ ਵਜੇ ਮੰਦਿਰ ਵਿੱਚ ਰੱਖੇ ਪਟਾਕਿਆਂ ਵਿੱਚ ਜੋਰਦਾਰ ਧਮਾਮਕਾ ਹੋਇਆ। ਆਤਿਸ਼ਬਾਜ਼ੀ ਦੌਰਾਨ ਗਲਤੀ ਨਾਲ ਪਟਾਕਿਆਂ ਦੇ ਗੋਦਾਮ ਵਿੱਚ ਅੱਗ ਲਗ ਗਈ। ਗੋਦਾਮ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਰੱਖੇ ਹੋਏ ਸਨ, ਜਿਸ ਕਰਕੇ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰਣ ਕਰ ਲਿਆ ਅਤੇ ਲੋਕਾਂ ਦਾ ਇਸ ਵਿੱਚ ਨਿਕਲਣਾ ਮੁਸ਼ਕਿਲ ਹੋ ਗਿਆ।
ਇਸ ਕੰਪੀਟੀਸ਼ਨ ਦੀ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮੁਕਾਬਲਾ ਗੈਰਕਾਨੂੰਨੀ ਸੀ, ਇਸ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਸੀ ਲਈ ਗਈ। ਸਥਾਨਕ ਲੋਕਾਂ ਨੇ ਇਸ ਦੇ ਖਿਲਾਫ਼ ਸਿ਼ਕਾਇਤ ਵੀ ਦਰਜ਼ ਕਰਵਾਈ ਸੀ। ਇੱਕ ਬਜ਼ੁਰਗ ਔਰਤ ਨੇ ਆਤਿਸ਼ਬਾਜ਼ੀ ਨਾਲ ਹੋਣ ਵਾਲੀ ਪ੍ਰੈਸ਼ਾਨੀ ਕਰਕੇ ਸਿ਼ਕਾਇਤ ਕੀਤੀ ਸੀ ਪਰ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।
ਰਾਜ ਸਰਕਾਰ ਨੇ ਇਸ ਮਾਮਲੇ ਵਿੱਚ ਨਿਆਂਇਕ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹਾਦਸੇ ਵਾਲੇ ਸਥਾਨ ਤੇ ਜੰਗੀ ਪੱਧਰ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।