ਸਰਬੰਸਦਾਨੀ ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਅਕਾਲ ਪੁਰਖ ਦੇ ਪ੍ਰਾਪਤ ਹੁਕਮ “ਪੰਥ ਪ੍ਰਚੁਰ ਕੋ ਸਾਜਾ” 1699 ਦੀ ਮੁਬਾਰਕ ਵਿਸਾਖੀ ਨੂੰ ਦੋ ਧਾਰੇ ਖੰਡੇ ਦੇ ਅੰਮ੍ਰਿਤ ਦੀ ਬਖਸ਼ਿਸ਼ ਕਰ ਖਾਲਸਾ ਪੰਥ ਪ੍ਰਗਟ ਕਰਨਾ ਵਿਸ਼ਵ ਦਾ ਅਦਭੁਤ, ਅਗੰਮੀ ਅਤੇ ਅਲੌਕਿਕ ਇਨਕਲਾਬ ਹੈ। ਵਿਸ਼ਵ ਇਤਿਹਾਸ ਵਿਚ “Glorious revolution and French revolution” ਦਾ ਜ਼ਿਕਰ ਹੈ, ਜਿਨ੍ਹਾ ਦਾ ਸਬੰਧ ਰਾਜ ਪਲਟੇ ਨਾਲ ਅਤੇ ਰਾਜਨੀਤੀ ਦੇ ਬਦਲਦੇ ਨਿਯਮਾਂ ਨਾਲ ਹੈ। ਮਜ੍ਹਬਾਂ ਦੇ ਨਾਂ ‘ਤੇ ਹੋਈ ਦੇਸ਼-ਵੰਡ ਨਾਲ ਪਾਕਿਸਤਾਨ ਨਾਮ ਦਾ ਜੋ ਦੇਸ਼ ਬਣਿਆ, ਉਸ ਵਿਚ ਲੱਖਾਂ ਲੋਕ ਬੇਘਰ ਹੋਏ ਤੇ ਕਤਲ ਹੋਏ ਪਰ ਇਸ ਅਨੂਪਮ ਇਨਕਲਾਬ ਨਾਲ ਕੋਈ ਰਾਜ ਪਲਟਾ ਨਹੀਂ ਸੀ ਆਇਆ, ਕੋਈ ਯੁੱਧ ਨਹੀਂ ਸੀ ਹੋਇਆ, ਪਰਜਾ ਜਾਂ ਲੋਕਾਈ ਦੀ ਆਬਾਦੀ ਜਾਂ ਜਾੲਦਾਦ ਦਾ ਕੋਈ ਤਬਾਦਲਾ ਨਹੀਂ ਸੀ ਹੋਇਆ (ਜਿਵੇਂ ਕਿ ਪਾਕਿਸਤਾਨ ਬਣਨ ਵੇਲੇ ਅਸੀਂ ਵੇਖਿਆ) ਬਲਕਿ ਖਾਲਸਾ ਪੰਥ ਦੇ ਪ੍ਰਕਾਸ਼ ਨਾਲ ਮਨੁੱਖੀ ਸਮਾਜ ਵਿਚ ਨਵਚੇਤਨਾ ਆਈ, ਉਚੇਚੇ ਦੇਸ਼ ਅਤੇ ਆਦਰਸ਼ ਉਲੀਕੇ ਗਏ ਜੋ ਮਨੁੱਖੀ ਸਮਾਜ ਦੇ ਵਿਕਾਸ ਅਤੇ ਪ੍ਰਗਤੀ ਦੇ ਸੂਚਕ ਬਣੇ। ਇਹ ਉੇਦੇਸ਼ ਮਹਿਜ਼ ਖਿਆਲੀ ਫਲਸਫਾ ਜਾਂ ਮਨੁੱਖੀ ਅਕਲ ਦਾ ਰੋਲ-ਕਚੋਲਾ ਜਾਂ ਬਹਿਮ-ਮੁਬਾਹਸੇ ਤੀਕ ਸੀਮਤ ਨਹੀਂ ਸੀ, ਇਹ ਤਾਂ ਖਾਲਸਾਈ ਆਦਰਸ਼ ਦੀ ਪੂਰਤੀ ਲਈ ਮਨੁੱਖੀ ਮਨਾਂ ਵਿਚ ਸਵੈ-ਤਿਆਗ, ਸਵੈਸੰਜਮ, ਸਵੈਮਾਣ ਅਤੇ ਆਤਮ ਬਲਿਦਾਨ ਦਾ ਸੰਚਾਰ ਤੇ ਮਨੁੱਖ ਦੇ ਸਰਬਪੱਖੀ ਵਿਕਾਸ ਹਿਤ ਚੇਤੰਨ ਤੇ ਕਾਰਜਸ਼ੀਲ ਹੋਣਾ ਬਣ ਗਿਆ। ਭਗਤੀ ਅਤੇ ਪਰਮਾਰਥ ਦਾ ਉਦੇਸ਼ ਨਿਜਮੁਕਤੀ ਨਾ ਰਹਿ ਕੇ ਮਨੁੱਖੀ ਸਮਾਜ ਦੀ ਸੇਵ-ਕਮਾਈ ਬਣ ਗਿਆ। ਆਤਮ ਬਲ ਤੇ ਸੰਗਤੀ ਲੋਕ ਸ਼ਕਤੀ ਦਾ ਸੁਮੇਲ ਕੀਤਾ ਤਾਂ ਜੋ ਜਬਰ, ਅਨਿਆਂ ਦੇ ਖਿਲਾਫ ‘ਖੜਗ’ ਬਣ ਦੈਵੀ ਲੋਕ-ਰਾਜ ਕਾਇਮ ਕੀਤਾ ਜਾ ਸਕੇ।
ਖਾਲਸਾ ਪੰਥ ਦਾ ਪ੍ਰਕਾਸ਼ ਕੋਈ ਨਵਾਂ ਧਰਮ ਨਹੀ ਸੀ ਬਲਕਿ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਜੀ ਤੀਕ ਗੁਰੂ ਕਾਇਆ (ਸਰੀਰ) ਬਦਲਦੀ ਰਹੀ ਪਰ ਜੋਤਿ ਤੇ ਜੁਗਤ ਉਹੀ ਰਹੀ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥’ ਗੁਰੂ ਦਸ਼ਮੇਸ਼ ਨੇ ਉਪ੍ਰੋਕਤ ਵਿਚਾਰ ਇਉਂ ਬਿਆਨ ਕੀਤੇ ‘ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਮਦਾਸ ਕਹਾਇਉ, ਸਾਧਨ ਲਖਾ ਮੂੜ ਨਹੀ ਪਾਇਉ’ ਲੋਕਾਂ ਨੇ ਅਲੱਗ ਅਲੱਗ ਮੰਨਿਆ ‘ਭਿੰਨ ਭਿੰਨ ਸਬਹੂੰ ਕਰ ਜਾਨਾ, ਏਕ ਰੂਪ ਕਿਨਹੂੰ ਪਹਿਚਾਨਾ’ ਏਕ ਰੂਪ ਜਾਨਣ ਵਾਲੇ ਹੀ ਸਾਦਿਕ ਸਿੱਖਾਂ ਨੇ ਗੁਰੂ ਨਾਨਕ ਦੇ ਦੱਸ ਸਰੂਪਾਂ ਨੂੰ ਇਕ ਕਰਕੇ ਜਾਣਿਆ ਤੇ ਮੰਨਿਆ।
ਗੁਰੂ ਨਾਨਾਕ ਪਾਤਸ਼ਾਹ ਨੇ ਸਿੱਖੀ ਦੀ ਨੀਂਹ ਸੰਗਤ ਅਤੇ ਬਾਣੀ ’ਤੇ ਰੱਖੀ ‘ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ’ ਅਤੇ ਇਕ ਸਰਬਸ਼ਕਤੀਮਾਨ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਅਵਤਾਰ ਜਾਂ ਦੇਵੀ ਦੇਵਤੇ ਨੂੰ ਆਪਣਾ ਆਧਾਰ ਨਹੀ ਮੰਨਦੇ ਨਾ ਹੀ ਕਿਸੇ ਬੁੱਤਪ੍ਰਸਤੀ ਵਿਚ ਵਿਸ਼ਵਾਸ ਰੱਖਦੇ ਹਨ। ਬ੍ਰਹਮਾ, ਵਿਸ਼ਣੂ, ਮਹੇਸ਼ ਨੂੰ ਆਪਣਾ ਆਰਾਧ ਨਹੀਂ ਮੰਨਦੇ। ਵਿਸ਼ਣੂੰ ਦੇ 24 ਅਵਤਾਰ ਜਿਵੇਂ ਰਾਮ, ਕ੍ਰਿਸ਼ਨ ਆਦਿਕ ’ਤੇ ਯਕੀਨ ਨਹੀਂ ਰੱਖਦੇ। ਮਨੂੰ ਸ਼ਾਸਤਰ ਨੂੰ ਲੀਰੋ ਲੀਰ ਕਰਕੇ ਨੀਚ ਤੇ ਉੱਚੀਆਂ ਜਾਤਾਂ ਦਾ ਫਰਕ ਮਿਟਾ ਸਮਾਜਕ ਬਰਾਬਰਤਾ ਅਤੇ ਨਿਆਂ ਦਾ ਸਿਧਾਂਤ ਸਥਾਪਿਤ ਕੀਤਾ। ਧਰਮ ਵਿਚ ਰਾਜ ਦੇ ਦਖਲ ਦਾ ਵਿਰੋਧ ਕੀਤਾ। ਮਨੁੱਖੀ ਅਜ਼ਾਦੀ ਹਰ ਮਨੁੱਖ ਦਾ ਜਨਮਸਿੱਧ ਅਧਿਕਾਰ ਹੈ। ਹਰ ਦੇਸ਼ ਅਤੇ ਕੌਮ ਨੂੰ ਗੁਲਾਮੀ ਵਿਰੁੱਧ ਸੰਘਰਸ਼ ਕਰ ਅਜਾਦੀ ਦੀ ਰਾਖੀ ਕਰਨੀ ਚਾਹੀਦੀ ਹੈ। ਗੁਰਬਾਣੀ ਨੇ ਸਿੱਖ ਸਿਧਾਂਤ ਨਿਸ਼ਚਿਤ ਕੀਤੇ ਅਤੇ ਜਗ੍ਹਾ-ਜਗ੍ਹਾ ਕਾੲਮ ਹੋਈਆਂ ਸੰਗਤਾਂ ਅਥਵਾ ਲੋਕ-ਸ਼ਕਤੀ ਨਾਲ ਗੁਰੂ ਸਾਹਿਬਾਨ ਨੇ ਇਨ੍ਹਾ ਬੁਨਿਆਦੀ ਸਿੱਖੀ ਸਿਧਾਤਾਂ ਦਾ ਵਿਸਥਾਰ ਕੀਤਾ ਅਤੇ ਹਰ ਗੁਰੂ ਪਾਤਸ਼ਾਹ ਨੇ ਸੰਗਤਾਂ ਨੂੰ ਦ੍ਰਿੜ੍ਹ ਕਰਵਾਇਆ।
ਧਰਮ ਦੀ ਬੁਨਿਆਦੀ ਅਜ਼ਾਦੀ ਲਈ ਅਤੇ ਧਰਮ ਵਿਚ ਰਾਜ ਦੇ ਦਖਲ ਵਿਰੁੱਧ ਗੁਰੂ ਅਰਜਨ ਦੇਵ ਜੀ ਦੀ ਸਮੇਂ ਦੇ ਬਾਦਸ਼ਾਹ ਜਹਾਗੀਰ ਨਾਲ ਟੱਕਰ ਹੋਈ ਅਤੇ ਰਾਜ ਵਲੋਂ ਅਤਿ ਗਰਮੀ ਦੇ ਮਹੀਨੇ ਤੱਤੀ ਤਵੀ, ਤੱਤੀ ਰੇਤ ਅਤੇ ਤੱਤਾ ਪਾਣੀ ਦੇ ਅਕਹਿ ਜੁਲਮ ਤੇ ਜਬਰ ਦਾ ਟਾਕਰਾ ਸਾਂਤਮਈ ਤਰੀਕੇ ਨਾਲ ਕਰਦੇ ਹੋਏ ਸ਼ਹੀਦ ਹੋਏ। ਜਿਸ ਦੇਸ਼ ਵਿਚ ਸ਼ਹਾਦਤ ਦਾ ਕੋਈ ਜ਼ਿਕਰ ਨਹੀਂ ਉਥੇ ਸਿੱਖ ਕੋਮ ਵਿਚ ਸ਼ਕਤੀ ਦਾ ਪ੍ਰਵੇਸ਼ ਕਰਨ ਲਈ ਛੇਵੇਂ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਅਕਾਲ ਤਖ਼ਤ ਸਾਹਿਬ ਵਰਗੀ ਅਨੁਪਮ ਸੰਸਥਾ ਸਿੱਖਾਂ ਦੀ ਅਗਵਾਈ ਲਈ ਬਖਸ਼ੀ ਅਤੇ ਇਹ ਸਿਧਾਂਤ ਦ੍ਰਿੜਾਇਆ ‘ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ’ ਤੇ ‘ਸ਼ਸਤ੍ਰਨ ਕੇ ਅਧੀਨ ਹੈ ਰਾਜ’। ਰਾਜ ਵਲੋਂ ਜਬਰੀ ਧਰਮ ਤਬਦੀਲ ਕਰਨ ਵਿਰੁੱਧ ਬ੍ਰਾਹਮਣ ਧਰਮ ਦੇ ਸ਼ਕਤੀਹੀਨ ਹੋਣ ਕਾਰਨ ਜਦ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਪੁੱਜੇ ਅਤੇ ਤਿੱਲਕ ਜੰਝੂ ਦੀ ਰਾਖੀ ਕਰਨ ਦੀ ਅਰਜੋਈ ਕੀਤੀ ਤਾਂ ਔਰੰਗਜੇਬ ਦੇ ਫਿਰਕੂ ਅਤੇ ਜਾਲਮ ਰਾਜ ਵਿੁਰੱਧ ਮਜ਼ਲੂਮ ਹਿੰਦੂਆਂ ਦੇ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹਾਦਤ ਦਿੱਤੀ। ਕਿਤਨੀ ਦ੍ਰਿੜਤਾ ਭਰੀ ਸੀ ਕਿ ਗੁਰੂ ਪਾਤਸ਼ਾਹ ਤੋਂ ਪਹਿਲਾਂ ਭਾਈ ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਸਿੱਖੀ ਸਿਦਕ ਨਿਭਾਉਦਿਆਂ ਗੁਰੂ ਦੇ ਸਨਮੁਖ ਸ਼ਹੀਦੀ ਪ੍ਰਾਪਤ ਕੀਤੀ।
ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈਕੇ ਦਿੱਲੀ ਤੋਂ ਜਦ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪੁੱਜੇ ਅਤੇ ਦੱਸਿਆ ਕਿ ਜਦੋਂ ਔਰੰਗਜੇਬ ਦਾ ਸ਼ਾਹੀ ਫਰਮਾਨ ਜਾਰੀ ਹੋਇਆ ਕਿ ਜੇਕਰ ਕੋਈ ਗੁਰੂ ਦਾ ਸਿੱਖ ਜਾ ਵਾਰਸ ਹੈ ਤਾਂ ਆ ਕੇ ਗੁਰੂ ਸਾਹਿਬ ਦਾ ਸਰੀਰ ਅਤੇ ਸੀਸ ਲੈ ਜਾਵੇ। ਗੁਰੂ ਪਾਤਸ਼ਾਹ ਦੇ ਹਜ਼ਾਰਾਂ ਸ਼ਰਧਾਲੂ ਦਿੱਲੀ ਵਿਚ ਸਨ ਪਰ ਸ਼ਹੀਦੀ ਤੋਂ ਇਤਨੇ ਆਤੰਕਿਤ ਹੋਏ ਕਿ ਕੋਈ ਵੀ ਸਿੱਖ ਨਹੀ ਨਿਤਰਿਆ ਤਾਂ ਆਏ ਝਖੜ ਤੂਫਾਨ ਦੀ ਗਰਦ ਕਾਰਨ ਸੀਸ ਊਠਾ ਛੁਪਦੇ ਛੁਪਾਉਂਦਿਆਂ ਮੈਂ ਆਪ ਜੀ ਦੇ ਦਰਬਾਰ ਵਿਚ ਪੁੱਜਾ ਹਾਂ ਸਰਧਾਲੂ ਸਿੱਖ ਅਜੇ ਵੀ ਧਰਮ ਗੋਪਣ ਅਥਵਾ ਛੁਪਾਉਣ ਦਾ ਸ਼ਿਕਾਰ ਹਨ ਤਾਂ ਗੁਰੂ ਦਸ਼ਮੇਸ਼ ਨੇ ਐਲਾਨ ਕੀਤਾ ਕਿ
‘ਇਸ ਬਿਧ ਕੋ ਅਬ ਪੰਥ ਬਨਾਵੋ… ਸਗਲ ਜਗਤ ਕੇ ਨਰ ਇਕ ਥਾਇ ਤਿਨ ਮਹਿ ਮਿਲੇ ਏਕ ਸਿਖ ਜਾਇ ਸਭ ਤੇ ਪ੍ਰਿਥਮ ਪਛਾਨਯੋ ਪਰੇ ਕਬਹੂ ਨ ਰਲਹਿ ਕੈ ਸਿਉ ਕਰੇ’
ਪਰ ਇਸ ਮੰਤਵ ਤੇ ਅਕਾਲ ਪੁਰਖ ਤੋਂ ਪ੍ਰਾਪਤ ਹੁਕਮ ‘ਪੰਥ ਪ੍ਰਚੁਰ ਕਰਬੇ ਕੋ ਸਾਜਾ’ ‘ਧਰਮ ਚਲਾਵਨ ਸੰਤ ਉਬਾਰਨ’ ਤੇ ‘ਦੁਸਟ ਦੋਖੀਆਂ ਨੂੰ ਪਛਾੜਨ’ ਹਿਤ ਸੰਨ 1675 ਤੋਂ 1699 ਤੀਕ ਖਾਲਸਾ ਸਾਜਣ ਲਈ ਤਿਆਰੀਆਂ ਕਰਦੇ ਰਹੇ। ਆਨੰਦਪੁਰ ਸਾਹਿਬ ਤੇ ਪਾੳਂੁਟਾ ਸਾਹਿਬ ਵਿਖੇ ਵਿਦਵਾਨ ਲਿਖਾਰੀ ਤੇ 52 ਕਵੀ ਇਕੱਠੇ ਕੀਤੇ, ਜਮਨਾ ਕਨਾਰੇ ਰੋਜ਼ ਕਵੀ ਦਰਬਾਰ ਸਜਦੇ, ਸੱਚੇ ਧਰਮ ਦੀ ਵਿਆਖਿਆ ਲਈ ਸਾਹਿਤ ਰਚਿਆ ਤਾਂ ਜੋ ਗੁਲਾਮ ਮਾਨਸਿਕਤਾ ਅਤੇ ਕਾਇਰਤਾ ਦੂਰ ਕਰ ਬੀਰ ਰਸ ਭਰਿਆ ਜਾਵੇ। ਧਰਮ ਹਿਤ ਮਰਨ ਦੀ ਸਪਿਰਟ ‘ਮਰਣੁ ਮੁਣਸਾ ਸੂਰਿਆ ਹਕੁ ਹੈ’ ਭਰੀ ਜਾਵੇ। ਵਿਦਿਆ ਸਾਗਰ ਨਾਮ ਦੇ ਗ੍ਰੰਥ ਦੀ ਰਚਨਾ ਹੋਈ ਜਿਸ ਵਿਚ ਮਿਥਿਆਸਿਕ ਤੇ ਇਤਿਹਾਸਿਕ ਘਟਨਾਵਾਂ ਦਾ ਵਰਨਣ ਕੀਤਾ। ਕਵੀ ਦਰਬਾਰਾਂ ਰਾਹੀਂ ਡਰ ਭੈ ਦੂਰ ਕਰ ਜੋਸ਼ ਭਰਿਆ। ਇਸ ਵਿਸ਼ਾਲ ਰਚਨਾ ਦਾ ਮਨੋਰਥ ‘ਅਵਰ ਵਾਸ਼ਨਾ ਨਾਹਿ ਕਛੁ ਧਰਮ ਯੁੱਧ ਕੋ ਚਾਇ’ ਹੀ ਦੱਸਿਆ ਜੋ ਹੁਣ ਤੀਕ ਗਾਇਆ ਅਤੇ ਸੁਣਿਆ ਜਾਂਦਾ ਸੀ ਪਰ ਪਾਉਂਟਾ ਸਾਹਿਬ ਤੋਂ ‘ਨਾਚੁ ਰੇ ਮਨ ਗੁਰ ਕੈ ਆਗੈ ॥’ ਦੀ ਸਪਿਰਟ ਉਭਰੀ। ਸਿੱਖਾਂ ਨੂੰ ਸ਼ਸ਼ਤਰ ਵਿਦਿਆ ਤੇ ਯੁੱਧ ਅਭਿਆਸ ਲਈ ਆਪਸੀ ਮੁਕਾਬਲੇ ਕਰਵਾਉਦੇ ਰਹੇ। ਹਿੰਦੂ ਪਹਾੜੀ ਰਾਜਿਆਂ ਨੂੰ ਇਹ ਰਾਸ ਨਹੀ ਆਇਆ ਕਿ ਰਾਜਪੂਤਾਂ ਤੋਂ ਬਿਨਾਂ ਛੋਟੀਆ ਜਾਤਾਂ ਵਾਲੇ ਸ਼ਸਤਰਬੱਧ ਹੋਣ। ਪਹਿਲੀ ਟੱਕਰ ਪਹਾੜੀ ਰਾਜਿਆ ਨਾਲ ਹੀ ਹੋਈ ਜੋ ਬਿਨਾਂ ਕਾਰਨ ਹਮਲਾਵਰ ਹੋਏ ‘ਫਤਿਹ ਸ਼ਾਹ ਕੋਪਾ ਤਬ ਰਾਜਾ ਲੋਹ ਪਰਾ ਹਮਸੇ ਬਿਨ ਕਾਜਾ’ ਜਿਸ ਵਿਚ ਗੁਰੂ ਪਾਤਸ਼ਾਹ ਨੂੰ ਜਿੱਤ ਪ੍ਰਾਪਤ ਹੋਈ ਤਾਂ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਉਚਾਰਨ ਕੀਤਾ ‘ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ’ ਭਾਵ ਅਕਾਲ ਪੁਰਖ ਦੀ ਕ੍ਰਿਪਾ ਨੇ ਜਿੱਤ ਬਖਸ਼ੀ।
ਧਰਮ ਤੇ ਸ਼ਸਤਰਾਂ ਦੀ ਸਿੱਖਿਆ ਨਾਲ ਜਾਗ੍ਰਿਤੀ ਤੇ ਜਜ਼ਬਾ ਪੈਦਾ ਹੋਇਆ ਤਾਂ 33 ਸਾਲ ਦੀ ਉਮਰ ਵਿਚ ਖਾਲਸਾ ਸਾਜਣ ਲਈ ਹੁਕਮ ਨਾਮੇ ਸਾਰੇ ਦੇਸ਼ ਵਿਚ ਸ਼੍ਰੀ ਲੰਕਾ, ਬੰਗਾਲ ਤੋ ਲੈ ਕੇ ਕਾਬਲ ਕੰਧਾਰ ਅਤੇ ਗੰਜਨੀ ਤੀਕ ਭੇਜੇ ਗਏ। ਗੁਰੂ ਨਾਨਕ ਜੀ ਅਤੇ ਨੌ ਗਰੂ ਸਾਹਿਬਾਨਾਂ ਵਲੋਂ ਸਥਾਪਿਤ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਹਾਜਿਰ ਹੋਣ ਲਈ ਹੁਕਮਨਾਮੇ ਭੇਜੇ। ਔਰੰਗਜੇਬ ਦੀਆਂ ਖੁਫੀਆ ਰਿਪੋਰਟਾਂ ਅਨੁਸਾਰ 80 ਹਜਾਰ ਦਾ ਇਕੱਠ, ਜਿੱਥੇ ਅੱਜ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ ਉਸ ਖੁੱਲੇ ਮੈਦਾਨ ਵਿਚ ਕੀਤਾ। ਧਰਮ ਲਈ ਸੀਸ ਭੇਟ ਕਰਨ ਦੀ ਵੰਗਾਰ ਪਾਈ ‘ਸਤਿਗੁਰ ਆਗੈ ਸੀਸ ਭੇਟ ਦੇਉ’ ਗੁਰੂ ਦਸ਼ਮੇਸ਼ ਨੰਗੀ ਸ੍ਰੀ ਸਾਹਿਬ ਨਾਲ ਸੀਸ ਦੀ ਮੰਗ ਕੀਤੀ ਤਾਂ ਇਕ-ਇਕ ਕਰਕੇ ਪੰਜ ਸਿੱਖ ਸੀਸ ਅਰਪਨ ਕਰਨ ਲਈ ਤਿਆਰ ਹੋਏ। ਪਹਿਲਾਂ ਗੁਰੂ ਪਾਤਸ਼ਾਹ ਚਰਨਾਮਿੱ੍ਰਤ ਦੇ ਕੇ ਦੀਕਸ਼ਤ ਕਰਦੇ ਸਨ ਹੁਣ ਇਨਾਂ ਪੰਜ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ (ਸਵੱਛ ਜਲ, ਪਤਾਸੇ ਦੀ ਮਿਠਾਸ, ਖੰਡੇ ਦੀ ਦ੍ਰਿੜਤਾ ਤੇ ਬੀਰਤਾ ਅਤੇ ਪੰਜ ਬਾਣੀਆਂ ਦੇ ਪਾਠ ਅਥਵਾ ਸ਼ਬਦੀ ਦੀ ਸ਼ਕਤੀ ਨਾਲ ਤਿਆਰ ਹੋਏ ਅੰਮ੍ਰਿਤ ਦੇ ਪੰਜ ਘੁੱਟ ਛਕਾਏ, ਪੰਜ ਛਿੱਟੇ ਕੇਸਾਂ ਵਿਚ ਤੇ ਪੰਜ ਛਿੱਟੇ ਅੱਖਾਂ ਵਿਚ ਪਾਏ। ਪਹਿਲਾ ਸੀਸ ਭੇਟ ਕਰਨ ਵਾਲੇ ਪੰਜਾਂ ਨੂੰ ਪੰਜ ਪਿਆਰਿਆਂ ‘ਪੰਚ ਪਰਵਾਨ ਪੰਚ ਪਰਧਾਨ, ਪੰਚੈ ਪਾਵਹਿ ਦਰਗਹਿ ਮਾਨੁ’ ਦੀ ਪਦਵੀ ਬਖਸ਼ੀ। ਉਪਰੰਤ ਉਹਨਾਂ ਪੰਜ ਪਿਆਰਿਆਂ ਤੋਂ ਆਪ ਬੀਰ ਆਸਨ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੱਜ ਤੀਕ ਗੁਰੂ ਅਵਤਾਰ, ਪੀਰ ਪੈਗੰਬਰ ਆਪਣੇ ਚੇਲਿਆ ਨੂੰ ਦੀਕਸ਼ਤ ਕਰਦੇ ਸਨ ਹੁਣ ਗੁਰੂ ਦਸ਼ਮੇਸ਼ ਨੇ ਆਪੇ ਸਾਜੇ ਪੰਜ ਪਿਆਰਿਆਂ ਤੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸਨੂੰ ਦੇਖ ਦੁਨੀਆ ਪੁਕਾਰ ਉਠੀ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਹਰ ਇਕ ਨੂੰ ਸਿੰਘ ਦਾ ਨਾਮ ਦਿਤਾ। ‘ਗੁਰਸੰਗਤ ਕੀਨੀ ਖਾਲਸਾ…’ ਤਬ ‘ਸਹਿਜੇ ਰਚਿਉ ਖਾਲਸਾ ਸਾਬਤ ਮਰਦਾਨਾ’ ਸਾਬਤ ਸੂਰਤ ਸਿਰ ਕੇਸ ਧਰਵਾ ਕੰਘਾ, ਕੜਾ, ਕਛਿਹਰਾ ਅਤੇ ਕ੍ਰਿਪਾਨ ਦੀ ਰਹਿਤ ਬਖਸ਼ੀ। ‘ਨਿਸ਼ਾਨ-ਏ ਸਿੱਖੀ ਦੀ ਹਰਫ ਪੰਜ ਕਾਫ, ਹਰ ਗਿਜ਼ਨ ਬਾਸ਼ਿਦ ਈ ਪੰਜ ਮੁਆਫ, ਕੜਾ ਕਾਰ ਦੇ ਕਛ ਕੰਘਾ ਬਿਦਾਂ, ਬਿਨਾ ਕੇਸ ਹੇਚ ਅਸਤ ਜ਼ੁਮਲਾ ਨਿਸ਼ਾਂ’ (ਜਿਸ ਦੇ ਡੂੰਘੇ ਅਰਥ ਲੇਖ ਦੇ ਵਿਸਥਾਰ ਕਾਰਨ ਨਹੀ ਕਰ ਸਕਿਆ) ਚਾਰ ਕੁਰਹਿਤਾਂ ਤੋ ਵਰਜਿਤ ਕੀਤਾ ਹੈ।
ਕੇਸਾਂ ਦੀ ਬੇਅਦਬੀ, ਅਥਵਾ ਕੇਸ ਕਟਾਉਣੇ, ਜਗਤ ਜੂਠ ਤੰਮਾਕੂ ਤੇ ਨਸ਼ਿਆਂ ਦਾ ਸੇਵਨ, ਪਰਤਨ ਗਾਮੀ ਹੋਣਾ ਤੇ ਅਭਾਖਿਆ ਦਾ ਕੁਠਾ ਅਰਥਾਤ ਮੁਸਲਮਾਨੀ ਆਇਤ ਨਾਲ ਜਬਰੀ ਹਲਾਲ ਮਾਸ ਗੁਲਾਮੀ ਦੀ ਨਿਸ਼ਾਨੀ ਕਰਕੇ ਖਾਣ ਤੋਂ ਵਰਜਿਤ ਕੀਤਾ। ਕੇਸ ਰਹਿਤ ਦੀ ਪਹਿਲੀ ਸ਼ਰਤ ਹੈ ਅਤੇ ਕੁਰਹਿਤ ਵਿਚ ਵੀ ਸਭ ਤੋਂ ਪਹਿਲਾਂ ਕੇਸਾਂ ਦੀ ਬੇਅਦਬੀ ਹੈ। ‘ਕੇਸਾਧਾਰੀ ਗੁਰੂ ਕਾ ਪੰਥ ਕਹਾਵੇ’ ਸਾਰੇ ਹੋਰ ਕਕਾਰ ਹੇਚ ਹਨ। ਸਭ ਤੋਂ ਪਹਿਲਾਂ ਕੇਸਾਧਾਰੀ ਹਣਿ ਉਪਰੰਤ ਹੀ ਹੋਰ ਕਕਾਰ ਧਾਰਨ ਕੀਤੇ ਜਾ ਸਕਦੇ ਹਨ। ਕੇਸ ਤੋਂ ਬਿਨਾਂ ਹੋਰ ਕਕਾਰ ਸਭ ਨਿਰ-ਅਰਥ ਹਨ। ਅਰਦਾਸ ਵਿਚ ਅਸੀ ਰੋਜ ਇਬਾਦਤ ਕਰਦੇ ਹਾਂ ‘ਜਿੰਨਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ……ਪਰ ਧਰਮ ਨਹੀ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ’। ਅਰਦਾਸ ਵਿਚ ਅਸੀਂ ਸਤਿਗੁਰੂ ਤੋਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਮੰਗਦੇ ਹਾਂ। ਆਨੰਦਪੁਰ ਸਾਹਿਬ ਪੰਜ ਪਿਆਰਿਆਂ ਉਪਰੰਤ ਅੱਸੀ ਹਜਾਰ ਦੇ ਇਕੱਠ ਵਿਚ 20 ਹਜਾਰ ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਣ ਵਾਲੇ ਸਾਰੇ ਸਿੱਖ ਪਹਿਲਾਂ ਤੋਂ ਹੀ ਕੇਸਾਧਾਰੀ ਸਨ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਨਾਲ ਲੈਣ ਸਮੇਂ ਇਹ ਸ਼ਰਤ ਲਾਈ ਸੀ ਕਿ ‘ਕੇਸ ਰਖੇਗਾ ਤੇ ਦਸਤਾਰ ਸਜਾਏਗਾ’। ‘ਸਾਬਤ ਸੂਰਤ ਦਸਤਾਰ ਸਿਰਾ’ ਦਾ ਪ੍ਰਚਾਰ ਹਰ ਗੁਰੂ ਸਾਹਿਬ ਨੇ ਕੀਤਾ ਇਸੇ ਲਈ ਉਸ ਇਤਿਹਾਸਕ ਵਿਸਾਖੀ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਕੇਸਾਧਾਰੀ ਸਨ। ਜਿਸ ਖੁਲ੍ਹੇ ਮੈਦਾਨ ਵਿਚ ਅੱਸੀ ਹਜ਼ਾਰ ਸੰਗਤਾਂ ਦਾ ਇਕੱਠ ਹੋਇਆ ਤੇ 20 ਹਜ਼ਾਰ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤਾਂ ਗੁਰੂ ਦਸ਼ਮੇਸ਼ ਵੱਲੋਂ ਪੰਜ ਕਕਾਰ ਬਖਸ਼ੇ, ਜਿਨ੍ਹਾ ਵਿਚ ਪਹਿਲੀ ਸ਼ਰਤ ਕੇਸਾਧਾਰੀ ਹੋਣਾ ਹੀ ਸੀ, ਇਸ ਲਈ ਉਸ ਸਥਾਨ ਦਾ ਨਾਮ ਵੀ ‘ਕੇਸਗੜ੍ਹ ਸਾਹਿਬ’ ਰੱਖਿਆ, ਜਿੱਥੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ।
ਅੰਮ੍ਰਿਤ ਛਕਾਉਣ ਤੋਂ ਪਹਿਲਾਂ ਸਾਰੀਆਂ ਜਾਤਾਂ ਤੇ ਵੱਖ ਵੱਖ ਧਰਮ ਸੰਸਕਾਰਾਂ ਵਾਲਿਆਂ ਨੂੰ ਸੱਦਾ ਦਿੱਤਾ ਸੀ, ਪਰ ਜਾਤ ਅਭਿਮਾਨੀ ਬ੍ਰਾਹਮਣਾਂ ਤੇ ਰਾਜਪੂਤਾਂ ਨੇ ਕਿਹਾ ਕਿ ਅਸੀਂ ਅੰਮ੍ਰਿਤ ਛਕਣ ਲਈ ਤਿਆਰ ਹਾਂ ਪਰ ਨੀਵੀਆਂ ਜਾਤਾਂ ਨਾਲ ਨਹੀਂ ਸਗੋਂ ਸਾਨੂੰ ਅੱਡ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਹੋਵੇ। ਗੁਰੂ ਦਸ਼ਮੇਸ਼ ਨੇ ਕਿਹਾ ਕਿ ਅਕਾਲ ਪੁਰਖ ਦੇ ਹੁਕਮ ਨਾਲ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਇਹ ਬਿਨਾ ਭਿੰਨ ਭੇਦ ਊਚ ਨੀਚ ਦੇ ਸਭ ਲਈ ਇਕ ਸਮਾਨ ਪ੍ਰਦਾਨ ਕੀਤਾ ਜਾਵੇਗਾ। ਰਾਜਪੂਤਾਂ ਨੇ ਇਨਕਾਰ ਕਰਦਿਆਂ ਕਿਹਾ ਕਿ ‘ਯਹ ਸਭ ਚਿੜੀ ਲਖੇ ਮਹਾਰਾਜਾ, ਹਮ ਹੈ ਰਾਜਪੂਤ ਵਡ ਰਾਜਾ’।
ਗੁਰੂ ਦਸ਼ਮੇਸ਼ ਦਾ ਜਵਾਬ ਸੀ ਕਿ ਜਿਹੜੇ ਚਿੜੀ ਦੇ ਫਰਕਨ ਤੇ ਡਰ ਜਾਦੇ ਹਨ ਤੇ ਜਿਨ੍ਹਾਂ ਵਿਚ ਨੰਗੀ ਕਰਦ ਫੜਨ ਦੀ ਵੀ ਜੁਰਅਤ ਨਹੀ ਉਨਾਂ ਨੂੰ ‘ਸ਼੍ਰੀ ਅਸ਼ਿਪਾਨਜ ਤਬੈ ਕਹਾਊ ਚਿੜੀਅਨ ਤੇ ਜਬ ਬਾਜ ਤੁੜਾਉ’ ਐਸੀ ਸਪਿਰਟ ਭਰ ਦੇਵਾਗਾਂ ‘ਸਵਾ ਲਾਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ’ ‘ਲਘੂ ਜਾਤਨ ਕੋ ਬਡਪਨ ਦੇ ਹੈ’। ਇਸ ਤੇ ਬ੍ਰਾਹਮਣਾਂ ਨੇ ਕਿਹਾ ਅਸੀਂ ਇਹਨਾਂ ਦੇ ਘਰਾਂ ਵਿਚ ਕੋਈ ਸੰਸਕਾਰ ਕਰਨ ਲਈ ਨਹੀ ਜਾਵਾਂਗੇ। ਕੋਈ ਧਾਰਮਿਕ ਰਸਮ ਨਹੀ ਨਿਭਾਵਾਂਗੇ। ਦਾਨ ਵੀ ਕਬੂਲ ਨਹੀ ਕਰਾਂਗੇ ਤਾਂ ਗੁਰੂ ਦਸ਼ਮੇਸ਼ ਨੇ ਫਰਮਾਇਆ ਕਿ ਹੁਣ ਤੋਂ ਕੋਈ ਸਿੱਖ ਤੁਹਾਨੂੰ ਦਾਨ ਨਹੀ ਦੇਵੇਗਾ ਅਤੇ ਨਾਂਹ ਹੀ ਕਿਸੇ ਧਰਮ ਕਰਮ ਲਈ ਤੁਹਾਨੂੰ ਬੁਲਾਵੇਗਾ। ਹੁਣ ਦਾਨ ਦੇਣ ਵਾਲਾ ਤੇ ਦਾਨ ਲੈਣ ਵਾਲਾ ਖਾਲਸਾ ਹੀ ਹੋਵੇਗਾ ਜੋ ਮਨੁੱਖਤਾ ਦੇ ਭਲੇ ਲਈ ਖਰਚ ਹੋਵੇਗਾ ‘ਦਾਨ ਦੀਉ ਇਨ ਹੀ ਕੋ ਭਲੋ ਔਰ ਆਨ ਕੋ ਦਾਨ ਨ ਲਾਗਤ ਨੀਕੋ’ ‘ਇਨ ਤੇ ਗਹਿ ਪੰਡਿਤ ਉਪਜਾਊ ਕਥਾ ਕਰਨ ਕੀ ਰੀਤ ਸਿਖਾਊ’ ‘ਇਨ ਗਰੀਬ ਸਿੰਘਨ ਕੋ ਦੇਊ ਪਾਤਸ਼ਾਹੀ ਯੇ ਯਾਦ ਕਰੇ ਹਮਰੀ ਗੁਰਿਆਈ’ ‘ਜੀਵਤ ਰਹੇ ਤੋ ਰਾਜ ਕਰੇ ਹੈ ਮਰਹਿ ਤਾ ਗੁਰ ਪੁਰ ਜਾਈ’।
ਗੁਰੂ ਪਾਤਸ਼ਾਹ ਨੇ ਇਕ ਸਰੂਪ ਹੀ ਨਹੀ ਬਲਕਿ ਜੀਵਨ ਮੰਤਵ, ਵਿਸ਼ਵਾਸ਼, ਅਕੀਦਾ ਤੇ ਅਸੂਲਾਂ ਦੀ ਸਮਰੂਪਤਾ ਵੀ ਬਖਸ਼ੀ। ਗੁਰੂ ਨਾਨਕ ਵਲੋਂ ਬਖਸ਼ੇ ਤੇ ਨੌ ਗੁਰੂ ਸਾਹਿਬਾਨ ਵਲੋਂ ਪ੍ਰਪੱਕ ਕੀਤੇ ਧਰਮ ਦਰਸ਼ਨ, ਸਿਧਾਂਤ ਅਥਵਾ ਫਲਸਫਾ ਹੀ ਖਾਲਸੇ ਦਾ ਆਧਾਰ ਬਣਾਇਆ। ਪਹਿਲੇ ਧਰਮ ਦੇ ਸਿਧਾਂਤ ਤੇ ਰੀਤੀ ਰਿਵਾਜ, ਬ੍ਰਹਮਾ ਵਿਸ਼ਨੂੰ ਮਹੇਸ਼ ਵਿਚ ਪ੍ਰਮਾਤਮਾ ਦੀਆ ਵੰਡੀਆਂ ਪਾਉਣ, ਦੇਵੀ-ਦੇਵਤੇ, ਵਿਸ਼ਨੂੰ ਦੇ 24 ਅਵਤਾਰ ਜਿਵੇਂ ਕਿ ਰਾਮ-ਕ੍ਰਿਸ਼ਨ, ਬੁੱਤ ਪੂਜਾ, ਪੁਰਾਨ-ਕੁਰਾਨ, ਮੰਨੂੰ ਸ਼ਾਸਤਰ, ਵਰਣ, ਜਾਤਿ-ਪਾਤਿ ਆਦਿ ਤੋਂ ਖਾਲਸੇ ਨੂੰ ਅਜ਼ਾਦ ਕਰ ਦਿੱਤਾ। ਖਾਲਸਾ ਕੇਵਲ ਇਕ ਸਰਬਸ਼ਕਤੀਮਾਨ, ਸ੍ਰਿਸ਼ਟੀ ਦੇ ਸਾਜਨਹਾਰ ਪਰਮੇਸ਼ਵਰ ੴ ਤੇ ਹੀ ਵਿਸ਼ਵਾਸ ਰੱਖੇਗਾ। ਜਿਹੜਾ ਪਾਰਬ੍ਰਹਮ ਪ੍ਰਮੇਸ਼ਵਰ ਜਨਮ ਮਰਨ ਵਿਚ ਨਹੀ ਆਉਂਦਾ ਉਸ ਦਾ ਕੋਈ ਤਾਤ ਮਾਤ ਅਥਵਾ ਮਾਤਾ ਪਿਤਾ ਨਹੀ, ਕੋਈ ਵਿਸ਼ੇਸ਼ ਦੇਸ਼ ਜਾਂ ਭਾਸ਼ਾ ਨਹੀ, ਨਾ ਹੀ ਕੋਈ ਦੇਵ ਭੂਮੀ ਹੈ ਨਾ ਦੇਵ ਭਾਸ਼ਾ। ਸਾਰੇ ਰੰਗ ਜਿਵੇਂ ਕਾਲਾ, ਗੋਰਾ, ਸਾਂਵਲਾ ਆਦਿ ਉਸ ਤੋ ਹਨ ਪਰ ਉਹ ਸਰਬਰੰਗੀ ਹੈ, ਉਹ ਸਦਾ ਅੰਗ ਸੰਗੇ ਹੈ। ਸਾਰੇ ਮਜ੍ਹਬ ਉਸ ਤੋ ਹਨ, ਪਰ ਉਸ ਦਾ ਕੋਈ ਵਿਸ਼ੇਸ਼ ਮਜ੍ਹਬ ਨਹੀ। ਸਾਰੀਆਂ ਭਾਸ਼ਾਵਾਂ ਬੋਲੀਆਂ ਉਸ ਤੋ ਹਨ, ਪਰ ਉਸ ਦੀ ਭਾਸ਼ਾ ‘ਭਾਖਿਆ ਭਉ ਆਪਾਰ’ ਪ੍ਰੇਮ ਦੀ ਭਾਸ਼ਾ ਹੈ। ਉਸਦਾ ਆਪਣਾ ਕੋਈ ਵਿਸ਼ੇਸ਼ ਨਾਮ ਨਹੀ ਸਾਰੇ ਉਸ ਦੇ ਸਿਫਾਤੀ ਨਾਮ ਹਨ। ਰਾਮ, ਰਹੀਮ, ਭਗਵਾਨ, ਅਲਾਹ, ਠਾਕੁਰ, ਖੁਦਾ, ਵਾਹਿਗੁਰੂ ਸਾਰੇ ਨਾਮ ਮੰਜੂਰ ਹਨ। ਕੋਈ ਕਿਸੇ ਵੀ ਧਰਮ ਮਾਰਗ ਤੋ ਆਵੇ ਗੁਰੂ ਅਮਰਦਾਸ ਜੀ ਸਭ ਲਈ ਅਰਦਾਸ ਕਰਦੇ ਹਨ ‘ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥’ ‘ਮਜ਼੍ਹਬ ਤੁਮ ਕੋ ਤੁਮ੍ਹਾਰਾ ਖੂਬ ਹਮ ਕੋ ਹਮਾਰਾ ਖੂਬ’ ਖਾਲਸਾ ਨਾ ਕਿਸੇ ਦੇ ਧਰਮ, ਮਜ਼੍ਹਬ ਵਿਚ ਦਖਲ ਦਿੰਦਾ ਹੈ ਅਤੇ ਨਾ ਹੀ ਕਿਸੇ ਦਾ ਦਖਲ ਪ੍ਰਵਾਨ ਕਰਦਾ ਹੈ। ਖਾਲਸਾ ‘ਜਾਗਤ ਜੋਤ’ ਦਾ ਪੂਜਾਰੀ ਹੈ। ਹੁਣ ਦੂਜੇ ਧਰਮਾਂ ਨੂੰ ਦੁਬੇਲ ਬਨਾਉਣ ਲਈ ਜਿਵੇਂ ਫਿਰਕੂ ਬਹੁ-ਗਿਣਤੀ ਇਸ ਦੇਸ਼ ਨੂੰ ਭਾਰਤ ਮਾਤਾ ਦੇ ਨਾਮ ਤੇ ਨਵੀਂ ਦੇਵੀ ਬਣਾ ਕੇ ਸਾਰੀਆਂ ਘੱਟ-ਗਿਣਤੀਆਂ ਨੂੰ ਇਸ ਦੀ ਜੈ ਕਹਿਣ ਲਈ ਮਜਬੂਰ ਕਰ ਰਹੀ ਹੈ। ਸਿੱਖ ਕਿਸੇ ਵੀ ਦੇਵੀ ਨੂੰ ਨਤਮਸਤਕ ਨਹੀਂ ਸਗੋਂ ਇਕ ਅਕਾਲ ਪੁਰਖ ਦਾ ਜੈਕਾਰ ਕਰਦਾ ਹੈ। ਖਾਲਸਾ ਵਾਹਿਗੁਰੂ ਦਾ ਹੈ ਅਤੇ ਫਤਹਿ ਵੀ ਵਾਹਿਗੁਰੂ ਦੀ ਹੈ।
ਖਾਲਸੇ ਨੇ ਇਸ ਦੇਸ਼ ਦੀ ਅਜ਼ਾਦੀ ਲਈ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ ਹਨ, ਪਰ ਖਾਲਸਾ ਸਾਰੇ ਵਿਸ਼ਵ ਦੇ ਦੇਸ਼ਾ ਨੂੰ ਕਿਸੇ ਦੇ ਦੁਬੇਲ ਬਨਾਉਣ ਦੇ ਹੱਕ ਵਿਚ ਨਹੀਂ, ਜਿਹੜਾ ਦੇਸ਼ ਸੈਂਕੜੇ ਸਾਲਾਂ ਤੋਂ ਤੁਰਕਾਂ, ਪਠਾਣਾਂ, ਮੁਗਲਾਂ ਅਤੇ ਅੰਗਰੇਜਾਂ ਦਾ ਗੁਲਾਮ ਰਿਹਾ, ਉਸ ਦੇਸ਼ ਦੀ ਗੁਲਾਮੀ ਦੇ ਸੰਗਲ ਨੂੰ ਤੋੜਣ ਲਈ ਖਾਲਸੇ ਨੇ ਸ਼ਹੀਦੀਆਂ ਦਾ ਇਤਿਹਾਸ ਸਿਰਜਿਆ ਹੈ। ਜਿਸ ਦੇਸ਼ ਦੇ ਹਜਾਰਾਂ ਸਾਲਾਂ ਦੇ ਇਤਿਹਾਸ ਵਿਚ ਕਿਸੇ ਸ਼ਹਾਦਤ ਦਾ ਜਿਕਰ ਨਹੀਂ, ਉਥੇ ਸਭ ਤੋ ਛੋਟੀ ਉਮਰ ਦੇ ਸ਼ਹੀਦ ਹੋਣ ਦਾ ਮਾਣ ਗੁਰੂ ਦਸ਼ਮੇਸ਼ ਦੇ ਚਾਰ ਸਾਹਿਬਜ਼ਾਦਿਆਂ ਨੂੰ ਹੈ। ਚਾਰੇ ਲਾਲ ਵਾਰਨ ਉਪਰੰਤ ਗੁਰੂ ਦਸ਼ਮੇਸ਼ ਨੇ ਫੁਰਮਾਇਆ ‘ਇਨ ਪੁਤਰਨ (ਖਾਲਸੇ) ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋ ਕਿਆ ਹੂਆ ਜੀਵਤ ਲਾਖ ਹਜਾਰ’। ਸਭ ਤੋਂ ਵੱਡੀ ਉਮਰ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ। ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਲਾਹੀਆਂ ਗਈਆਂ, ਚਰਖੜੀਆਂ ਤੇ ਚਾੜ੍ਹੇ ਗਏ। ਜਾਲਮਾਂ ਨੇ 18 ਕਿਸਮ ਦੇ ਜੁਲਮ ਕਰਨ ਦੇ ਤਰੀਕੇ ਸਭ ਸਿੰਘਾਂ ’ਤੇ ਅਜਮਾਏ ਗਏ, ਪਰ ਇਹ ਗੁਰੂ ਦਸ਼ਮੇਸ਼ ਦੇ ਖੰਡੇ ਦੇ ਅੰਮ੍ਰਿਤ ਦਾ ਪ੍ਰਤਾਪ ਸੀ ਦੁਸ਼ਮਣ ਵੀ ਸਿੱਖੀ ਸਿਦਕ ਵੇਖ ਪੁਕਾਰ ਉਠੇ ‘ਗੁਰੂ ਇਨ ਕਾ ਵਲੀ ਹੂਆ ਹੈ ਇਨ ਕੋ ਆਬੇ ਹਯਾਤ ਦੀਆ ਹੈ, ਅਸਰ ਉਸਕਾ ਹਮਨੇ ਯਹ ਦੇਖਾ ਬੁਜਦਿਲ ਹੋਤਾ ਸੇਰ ਵਿਸੇਖਾ’ ਇਹ ਜੱਦੋ ਜਹਿਦ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਦਰਾ ਏ ਖੈਬਰ ਤੋਂ ਹੋਣ ਵਾਲੇ ਹਮਲੇ ਸਦਾ ਲਈ ਬੰਦ ਨਹੀ ਹੋ ਗਏ। ਸਾਰੇ ਪੰਜਾਬ, ਕਸ਼ਮੀਰ, ਅਫਗਾਨਿਸਤਾਨ ਤੇ ਜਮਰੌਦ ਦੇ ਕਿਲ੍ਹੇ ਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਝੂਲਿਆ।
ਖਾਲਸਾ ਰਾਜ ਕਾਇਮ ਹੋਇਆ। ਇਤਨੇ ਵੱਡੇ ਵਿਰਸੇ ਦੇ ਮਾਲਿਕ ਸਿੱਖਾਂ ਨੂੰ ਜਜ਼ਬ ਕਰਨ ਲਈ ਦੇਸ਼ ਦੀ ਫਿਰਕੂ ਬਹੁਗਿਣਤੀ ਜਮਾਤ ਪੱਬਾਂ ਭਾਰ ਹੈ। ਪੰਜਾਬ ਦੀ ਸਿੱਖ ਜਵਾਨੀ ਨੂੰ ਸਾਜਿਸ਼ ਅਧੀਨ ਨਸ਼ਿਆਂ ਦਾ ਜ਼ਹਿਰ ਫੈਲਾ ਕੇ ਪਤਿਤ ਕੀਤਾ ਜਾ ਰਿਹਾ ਹੈ। ਭਾਵੇਂ ਸਿਖਾਂ ਦੀ ਜਨਮ ਭੂਮੀ ਵਿਚ ਸਿੱਖ ਸਰੂਪ ਨੂੰ ਲਗਾਤਾਰ ਢਾਹ ਲਾਈ ਜਾ ਰਹੀ ਹੈ ਪਰ ਅੱਜ ਵਿਸ਼ਵ ਭਰ ਵਿਚ ਸਿੱਖੀ ਦੇ ਝੰਡੇ ਝੂਲ ਰਹੇ ਹਨ। ਇੰਗਲੈਂਡ, ਅਮਰੀਕਾ, ਕਨੇਡਾ, ਸਿੰਘਾਪੁਰ, ਆਸਟਰੇਲੀਆ, ਨਿਊਜੀਲੈਂਡ, ਤੇ ਅਰਬ ਮੁਲਕਾਂ ਵਿਚ ਸਿੱਖਾਂ ਵਿਚ ਪੁਨਰ ਜਾਗਰਤੀ ਆਈ ਹੈ ਅਤੇ ਦੇਸ਼ ਵਿਚ ਸਾਇੰਸਦਾਨਾਂ, ਡਾਕਟਰਾਂ, ਵਿਦਵਾਨਾਂ ਤੇ ਫੌਜ ਵਿਚ ਸਿੰਘਾਂ ਦਾ ਪ੍ਰਭਾਵ ਦਿਨ ਬ ਦਿਨ ਵੱਧ ਰਿਹਾ ਹੈ। ਇਕ ਬਹੁਤ ਵੱਡੇ ਸਿੱਖ ਲੀਡਰ ਨੇ 2003 ਦੇ ਸ਼ੁਰੂ ਵਿਚ ਆਪਣੇ ਖੁਲ੍ਹੇ ਦਾਹੜੇ ਤੇ ਹੱਥ ਫੇਰ ਕੇ ਕਿਹਾ ਕਿ ਲੱਗਦਾ ਹੈ ਕਿ ਅਗਲੇ ਦੱਸ ਸਾਲਾਂ ਵਿਚ ਸਿੱਖ ਸਰੂਪ ਅਲੋਪ ਹੀ ਨਾ ਹੋ ਜਾਏ ਤਾਂ ਗੁਰ ਕ੍ਰਿਪਾ ਸਦਕਾ ਮੈਂ ਉੱਤਰ ਦਿੱਤਾ ਕਿ ਪੰਥ ਖਾਲਸਾ ਕਿਸੇ ਲੀਡਰ ਦੇ ਸਹਾਰੇ ਨਹੀਂ, ਬਲਕਿ ਦਸਮੇਸ਼ ਗੁਰੂ ਦਾ ਸਾਜਿਆ ਹੋਇਆ ਹੈ ਗੁਰੂ ‘ਤੇ ਅਟੱਲ ਭਰੋਸਾ ਹੈ ਖਾਲਸਾ ਅਕਾਲ ਪੁਰਖ ਦੇ ਹੁਕਮ ‘ਤੇ ਉਤਪੰਨ ਹੋਇਆ ਹੈ, ਇਹ ਨਾ ਮਿਟ ਸਕਦਾ ਹੈ ਨਾ ਹੀ ਕਿਸੇ ਰਾਜ ਦਾ ਦੁਬੇਲ ਹੋ ਸਕਦਾ ਹੈ, ਪੰਥ ਅਜ਼ਾਦ ਹੈ।
ਗੁਰੂ ਦਸ਼ਮੇਸ਼ ਦਾ ਬਚਨ ਹੈ ‘ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ’ ਤੇ ਪੰਥ ਖਾਲਸੇ ਦੀ ਸੰਭਾਲ ਦਾ ਬਚਨ ਵੀ ਗੁਰੂ ਦਸ਼ਮੇਸ਼ ਦਾ ਹੈ ‘ਪੰਥ ਖਾਲਸਾ ਖੇਤੀ ਮੇਰੀ ਸਦਾ ਸੰਭਾਲ ਕਰੂੰ ਤਿਸ ਕੇਰੀ’। ਕਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ ‘ਸਿੱਖ ਦੀ ਹਸਤੀ ਪੰਥ ਦੇ ਨਾਲ ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ’।