ਰੌਚੈਸਟਰ- ਨਿਊਯਾਰਕ ਦੀ ਸੰਗਤ ਵਲੋਂ ਬੀਤੇ ਸ਼ਨੀਵਾਰ, ੧੬ ਅਪ੍ਰੈਲ ਨੂੰ ਗੁਰਦੁਆਰਾ ਸਿੱਖ ਸੋਸਾਇਟੀ ਆਫ ਰੌਚੈਸਟਰ ਦਾ ਉਦਘਾਟਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ। ਉਸੇ ਦਿਨ ਨਿਸ਼ਾਨ ਸਾਹਿਬ ਝੁਲਾਇਆ ਗਿਆ ਅਤੇ ਫਿਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਦਿਵਾਨ ਲਗਾਇਆ ਗਿਆ। ਇਸ ਮੌਕੇ ਤੇ ਸੰਗਤਾਂ ਦੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਤੱਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਬੀਰ ਸਿੰਘ, ਭਾਈ ਗੁਰਮੀਤ ਸਿੰਘ, ਅਤੇ ਭਾਈ ਗਰਮੇਲ ਸਿੰਘ ਨੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਨਵੇਂ ਬਣੇ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਵਧਾਈ ਦੇਣ ਸਿਰਾਕਿਊਜ਼ ਅਤੇ ਬਫਲੋ ਤੋਂ ਵੀ ਸੰਗਤਾਂ ਪਹੁੰਚੀਆਂ। ਅਮੈਰਿਕਨ ਸਿੱਖ ਕੌਂਸਿਲ ਦੇ ਨੁਮਾਇੰਦੇ ਮੁਹਿੰਦਰ ਸਿੰਘ ਕਲਸੀ ਨੇ ਸੰਗਤਾਂ ਨੂੰ ਨਵੇਂ ਗੁਰਦੁਆਰਾ ਸਾਹਿਬ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿਤੀਆਂ। ਮੁਹਿੰਦਰ ਸਿੰਘ ਕਲਸੀ ਨੇ, ਅਮੈਰਿਕਨ ਸਿੱਖ ਕੌਂਸਿਲ ਵਲੋਂ ਜਾਰੀ ਕੀਤਾ ਸੁਨੇਹਾ ਵੀ ਸੰਗਤਾਂ ਨੂੰ ਪੜ ਕੇ ਸੁਣਾਇਆ। ਸੁਨੇਹੇ ਵਿੱਚ ਦਸਿਆ ਗਿਆ ਕੇ ਦੁਨੀਆਂ ਦੇ ਹਰ ਕੋਨੇ ਵਿੱਚ ਗੁਰੂ ਦੀ ਸੋਚ ਦਾ ਪ੍ਰਚਾਰ ਕਰਨਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ ਅਤੇ ਉਹ ਪ੍ਰਚਾਰ ਅਸੀਂ ਪਹਿਲਾਂ ਆਪਣੇ ਤੋਂ ਸ਼ੁਰੂ ਕਰਨਾ ਹੈ। ਬਫਲੋ ਤੋਂ ਆਏ ਸਰਦਾਰ ਮੋਹਨ ਸਿੰਘ ਦੇਵਗਨ ਨੇ ਵੀ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਨਵੇਂ ਬਣੇ ਗੁਰਦੁਆਰੇ ਦੀਆਂ ਵਧਾਈਆਂ ਦਿੱਤੀਆਂ।
ਇਥੇ ਇਹ ਦਸਣਾ ਜਰੂਰੀ ਹੈ ਕਿ ਸੰਗਤ ਨੂੰ ਇਹ ਗੁਰਦੁਆਰਾ ਸਾਹਿਬ ਕਿਉਂ ਬਣਾਉਣਾ ਪਿਆ? ਜਿਹੜਾ ਗੁਰਦੁਆਰਾ ਪਿਛਲੇ ੨੫-੩੦ ਸਾਲਾਂ ਤੋਂ ਸੰਗਤਾਂ ਸਦਕਾ ਚੱਲ ਰਿਹਾ ਸੀ ਉਸ ਉਤੇ ਮੌਕੇ ਦੇ ਟ੍ਰਸਟੀਆਂ ਵਲੋਂ ਨਿਜੀ ਜਾਇਦਾਦ ਬਣਾ ਕੇ ਕਬਜਾ ਕਰ ਲਿਆ ਗਿਆ ਸੀ। ਕਬਜਾ ਕਰਨ ਤੋਂ ਬਾਅਦ ਗੁਰਦੁਆਰੇ ਦੀ ਕਮੇਟੀ ਨੇ ਅਦਾਲਤ ਕੋਲੋਂ ਆਰਡਰ ਲੈ ਕੇ ਅੰਮ੍ਰਤਿਧਾਰੀ ਸਿੱਖਾਂ ਦੇ ਦਾਖਲੇ ਤੇ ਪਾਬੰਦੀ ਲਾ ਦਿੱਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਕੁਝ ਕੱਟੜਵਾਦੀ ਸਿੱਖ ਗੁਰਦੁਆਰਾ ਸਾਹਿਬ ਵਿੱਖੇ ਕਿਰਪਾਨ ਪਾ ਕੇ ਆਉਂਦੇ ਹਨ ਜਿਸ ਕਰਕੇ ਸਾਨੂੰ ਅਤੇ ਸਾਡੀ ਸੰਗਤ ਨੂੰ ਡਰ ਲਗਦਾ ਹੈ। ਕਾਫੀ ਦੇਰ ਕੇਸ ਅਦਾਲਤ ਵਿੱਚ ਚਲਦਾ ਰਿਹਾ ਅਤੇ ਸੰਗਤਾਂ ਕਿਰਾਏ ਦੀ ਜਗਾ ਲੈ ਕੇ ਦਿਵਾਨ ਲਗਾਉਂਦੀਆਂ ਰਹੀਆਂ। ਪਰ ਹੁਣ ਗੁਰੂ ਦੀ ਕਿਰਪਾ ਅਤੇ ਸੰਗਤਾਂ ਦੇ ਪਿਆਰ ਸਦਕਾ, ੧੭ ਏਕੜ ਦੀ ਜਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਸੰਗਤਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਪੰਥਕ ਸਿੱਖ ਰਹਿਤ ਮਰਿਆਦਾ ਅਨੁਸਾਰ ਕਾਰਜ ਕੀਤੇ ਜਾਣਗੇ ਅਤੇ ਮੂਲ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਹੀ ਗੁਰਪੁਰਬ ਮਨਾਏ ਜਾਣਗੇ। ਆਖੀਰ ਵਿੱਚ ਪ੍ਰੋ। ਲਖਵਿੰਦਰ ਸਿੰਘ ਵਿਰਕ ਵਲੋਂ ਖਾਲਸਾ ਸਾਜਨਾ ਦਿਵਸ ਦਾ ਇਤਿਹਾਸ ਸੁਣਾਇਆ ਗਿਆ ਅਤੇ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।