ਨਵੀਂ ਦਿੱਲੀ : ਜਰਮਨੀ ਦੇ ਐੱਸਨ ਸ਼ਹਿਰ ਦੇ ਗੁਰਦੁਆਰੇ ਵਿਚ ਕੱਲ ਹੋਏ ਧਮਾਕੇ ਦੀ ਉੱਚ ਪੱਧਰੀ ਜਾਂਚ ਸਾਰੇ ਸਬੂਤਾਂ ਦੇ ਨਾਲ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧ ਵਿਚ ਜਰਮਨੀ ਦੀ ਚਾਂਸਲਰ ਏੇਂਜਲਾ ਮਰਕੇਲ ਨੂੰ ਦਿੱਲੀ ਦੇ ਜਰਮਨ ਦੂਤਘਰ ਰਾਹੀਂ ਭੇਜੇ ਪੱਤਰ ਵਿਚ ਜਰਮਨੀ ਵਿਚ ਵਸਦੇ ਸਿੱਖਾਂ ਦੇ ਵਿਸ਼ਵਾਸ ਦੀ ਮੁੜ ਬਹਾਲੀ ਲਈ ਉਕਤ ਜਾਂਚ ਨੂੰ ਜਰੂਰੀ ਦੱਸਿਆ। ਜੀ.ਕੇ. ਨੇ ਘਟਨਾ ਤੇ ਗਹਿਰਾ ਦੁੱਖ ਜਤਾਉਂਦੇ ਹੋਏ ਗੁਰਦੁਆਰਾ ਨਾਨਕਸਰ ਵਿਚ ਹੋਈ ਘਟਨਾ ਨੂੰ ਮੰਦਭਾਗਾ ਵੀ ਦੱਸਿਆ ਹੈ।
ਜੀ.ਕੇ. ਨੇ ਕਿਹਾ ਕਿ ਸਿੱਖ ਜਿਸ ਦੇਸ਼ ਵਿਚ ਵੀ ਵੱਸਦਾ ਹੈ ਸਦਾ ਹੀ ਉਸ ਦੇਸ਼ ਵਿਚ ਮਨੁੱਖਤਾ, ਸ਼ਾਂਤੀ, ਭਾਈਚਾਰੇ ਅਤੇ ਖੁਸ਼ਹਾਲੀ ਵਾਸਤੇ ਕੰਮ ਕਰਦਾ ਹੈ ਅਤੇ ਕੱਦੇ ਵੀ ਇਸ ਤਰ੍ਹਾਂ ਦੀਆਂ ਫਾਸੀਵਾਦੀ ਤਾਕਤਾਂ ਵੱਲੋਂ ਕੀਤੀਆਂ ਜਾਉਂਦੀਆਂ ਘਟਨਾਵਾਂ ਦਾ ਸਮਰਥਨ ਨਹੀਂ ਕਰਦਾ। ਇਸ ਧਮਾਕੇ ਕਰਕੇ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਨੂੰ ਗਹਿਰਾ ਸੱਦਮਾ ਲਗਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਇਸ ਘਟਨਾ ਨੂੰ ਗਲਤ ਪੱਛਾਣ ਕਰਕੇ ਵਿਦੇਸ਼ਾ ਵਿਚ ਸਿੱਖਾਂ ਉਪਰ ਹੁੰਦੇ ਹਮਲਿਆਂ ਦੀ ਕੜੀ ਦਾ ਵੀ ਹਿੱਸਾ ਹੋਣ ਦਾ ਖਦਸਾ ਜਤਾਇਆ ਹੈ। ਜੀ.ਕੇ. ਨੇ ਜਰਮਨੀ ਵਿਖੇ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਣ ਦੀ ਆਸ ਵੀ ਜਤਾਈ ਹੈ।
ਜਰਮਨੀ ਵਿਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਭਵਿੱਖ ਵਿਚ ਬਣਦਾ ਯੋਗਦਾਨ ਪਾਉਣ ਦਾ ਵੀ ਜੀ.ਕੇ. ਨੇ ਮਰਕੇਲ ਨੂੰ ਭਰੋਸਾ ਦਿੱਤਾ ਹੈ। ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਸਿੱਖ ਸੰਸਾਰਭਰ ਵਿਚ ਕਿਸੇ ਵੀ ਥਾਂ ਤੇ ਆਉਣ ਵਾਲੀ ਕੁਦਰਤੀ ਕਰੋਪੀ ਜਾਂ ਅਤਿਵਾਦੀ ਹਮਲੇ ਦੇ ਅਸ਼ਾਂਤ ਮਾਹੌਲ ਦੌਰਾਨ ਸਰਬਤ ਦੇ ਭੱਲੇ ਦੇ ਸਿਧਾਂਤ ਤੇ ਪਹਿਰਾ ਦਿੰਦਾ ਹੋਇਆ ਆਪਣੀ ਜਾਨ ਦੀ ਪਰਵਾਹ ਨਹੀਂ ਕਰਕੇ ਭੁੱਖੇ ਪਿਆਸੇ ਲੋਕਾਂ ਦੇ ਮੂੰਹ ਵਿਚ ਬੁਰਕੀ ਪਾਉਂਦਾ ਹੈ ਪਰ ਦੂਜੇ ਪਾਸੇ ਸਾਡੇ ਗੁਰਧਾਮਾਂ ’ਤੇ ਹਮਲਾ ਕਰਕੇ ਸਾਨੂੰ ਡਰਾਉਣ ਜਾਂ ਭਜਾਉਣ ਦੀ ਸਾਜਿਸ਼ ਰੱਚੀ ਜਾਉਂਦੀ ਹੈ। ਇਸ ਲਈ ਤੱਥਾਂ ਅਤੇ ਸਬੂਤਾਂ ਦੇ ਨਾਲ ਜਾਂਚ ਅਤਿ ਜਰੂਰੀ ਹੋ ਜਾਉਂਦੀ ਹੈ।