ਪਟਨਾ – ਆਰਜੇਡੀ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਦੇ ਪ੍ਰਧਾਨਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਤੌਰ ਤੇ ਉਨ੍ਹਾਂ ਦੇ ਨਾਮ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਜੇ ਉਹ ਪੀਐਮ ਕੈਂਡੀਡੇਟ ਬਣਦੇ ਹਨ ਤਾਂ ਮੇਰੀ ਪਾਰਟੀ ਆਰਜੇਡੀ ਪੂਰਾ ਸਮਰਥਣ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਨਤੀਸ਼ ਕੁਮਾਰ ਦੀ ਬਹੁਤ ਪ੍ਰਸੰਸਾ ਹੋਣ ਨਾਲ ਮੁੱਖਮੰਤਰੀ ਦਾ ਕੱਦ ਕਾਫੀ ਉਚਾ ਹੋ ਗਿਆ ਹੈ।
ਸਾਬਕਾ ਰੇਲ ਮੰਤਰੀ ਲਾਲੂ ਨੇ ਨਤੀਸ਼ ਕੁਮਾਰ ਦੇ ਉਸ ਬਿਆਨ ਦਾ ਵੀ ਸਮਰਥਣ ਕੀਤਾ ਜਿਸ ਵਿੱਚ ਉਨ੍ਹਾਂ ਨੇ ਸਾਰੇ ਰਾਜਨੀਤਕ ਦਲਾਂ ਨੂੰ ਸੰਘ ਦੇ ਖਿਲਾਫ਼ ਇੱਕਜੁੱਟ ਹੋਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਜੇ ਅਜਿਹਾ ਨਹੀਂ ਹੋਵੇਗਾ ਤਾਂ ਸੰਘ ਦੇਸ਼ ਨੂੰ ਤੋੜ ਦੇਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੰਘ ਦੇ ਮਾਰਗ ਦਰਸ਼ਨ ਤੇ ਚੱਲਣ ਵਾਲੀ ਕੇਂਦਰ ਸਰਕਾਰ ਨੂੰ ਲੋਕਾਂ ਦੇ ਹਿਤਾਂ ਨਾਲ ਕੋਈ ਮੱਤਲਬ ਨਹੀਂ ਹੈ। ਦੇਸ਼ ਵਿੱਚ ਸੋਕਾ ਪਿਆ ਹੋਇਆ ਹੈ, ਪਾਣੀ ਦਾ ਸੰਕਟ ਹੈ, ਪਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਲਾਲੂ ਨੇ ਕਿਹਾ, ‘ ਨਤੀਸ਼ ਕੁਮਾਰ ਠੀਕ ਕਹਿ ਰਹੇ ਹਨ। ਇਹ ਰਾਸ਼ਟਰ ਹਿੱਤ ਦੀ ਗੱਲ ਹੈ। ਅਗਰ ਸਾਰੇ ਦਲ ਇੱਕਠੇ ਨਾਂ ਹੋਏ ਤਾਂ ਆਰਐਸਐਸ ਦੇਸ਼ ਨੂੰ ਤੋੜ ਦੇਵੇਗਾ।”