ਅੰਮ੍ਰਿਤਸਰ -: ਲਾਹੌਰ (ਪਾਕਿਸਤਾਨ) ਸਥਿਤ ਗੁਰਦੁਆਰਾ ਬੇਬੇ ਨਾਨਕੀ ਜੀ ਨਾਲ ਸਬੰਧਤ ਡੇਰਾ ਚਾਹਲ ਵਿਚਲੀ ਜ਼ਮੀਨ ਨਾਂ ਤਾਂ ਵੇਚੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਸਕੀਮ ਤਹਿਤ ਅਕਵਾਇਰ ਕੀਤੀ ਜਾ ਰਹੀ ਹੈ; ਅਜਿਹਾ ਅਵੈਕੁਈ ਟਰਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਭੇਜੀ ਗਈ ਈ.ਮੇਲ ਤੋਂ ਸਪਸ਼ਟ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਂਦਰੀ ਦਫ਼ਤਰ ਸ੍ਰੀ ਅੰਮ੍ਰਿਤਸਰ ਵਲੋਂ ਜਾਰੀ ਪ੍ਰੈਸ ਰਲੀਜ਼ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਕਿ ਔਕਾਫ ਬੋਰਡ ਪਾਕਿਸਤਾਨ ਜੋ ਗੁਰਧਾਮਾਂ ਅਤੇ ਉਹਨਾਂ ਨਾਲ ਸਬੰਧਤ ਜ਼ਮੀਨਾਂ ਅਤੇ ਜਾਇਦਾਦਾਂ ਦੀ ਸੰਭਾਲ ਲਈ ਬਣਾਇਆ ਗਿਆ ਹੈ, ਵਲੋਂ ਜ਼ਮੀਨਾਂ ’ਤੇ ਔਕਾਫ ਬੋਰਡ ਵਲੋਂ ਲਗਾਏ ਸਾਈਨ ਬੋਰਡਾਂ ਦੀਆਂ ਤਸਵੀਰਾਂ ਈਮੇਲ ਰਾਹੀਂ ਭੇਜ ਕੇ ਬੋਰਡ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਹੈ ਕਿ ਇਤਿਹਾਸਕ ਗੁਰਧਾਮਾਂ ਦੀ ਹਵਾਲੇ ਵਾਲੀ ਜਾਇਦਾਦ ਨਾਂ ਵੇਚੀ ਜਾ ਰਹੀ ਹੈ ਅਤੇ ਨਾ ਹੀ ਅਕਵਾਇਰ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਸਵਾਰਥੀ ਅਨਸਰ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦੇ ਖ਼ਿਲਾਫ ਔਕਾਫ ਬੋਰਡ ਵਲੋਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਸ. ਅਦਲੀਵਾਲ ਨੇ ਹੋਰ ਕਿਹਾ ਕਿ ਅਵੈਕੁਈ ਟਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਹਾਸ਼ਮੀ ਨੇ ਉਪਰੋਕਤ ਸਾਈਨ ਬੋਰਡਾਂ ’ਤੇ ਟੈਲੀਫੋਨ ਨੰਬਰ ਵੀ ਲਿਖਵਾਇਆ ਹੈ ਜਿਸ ਤੋਂ ਅਜਿਹੀ ਕਿਸੇ ਪ੍ਰਾਪਰਟੀ ਦੇ ਵੇਚੇ ਜਾਣ ਜਾਂ ਖੁਰਦ ਬੁਰਦ ਕੀਤੇ ਜਾਣ ਦੀ ਇਤਲਾਹ ਦੇਣ ਲਈ ਕਿਹਾ ਗਿਆ ਹੈ।
ਸ. ਅਦਲੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਬੇਬੇ ਨਾਨਕੀ ਜੀ ਲਾਹੌਰ ਨਾਲ ਸਬੰਧਤ ਜ਼ਮੀਨ ਸਬੰਧੀ ਤਸਵੀਸ਼ਨਾਕ ਖ਼ਬਰਾਂ ਮਿਲ ਰਹੀਆਂ ਸਨ। ਜਿਸ ਤੋਂ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਦਖ਼ਲ ਦੇਣ ਲਈ ਲਿਖਿਆ ਗਿਆ ਸੀ। ਉਹਨਾਂ ਹੋਰ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਪਾਕਿਸਤਾਨ ਸਥਿਤ ਗੁਰਧਾਮਾਂ ਨਾਲ ਸਬੰਧਤ ਜ਼ਮੀਨਾਂ ਜਾਇਦਾਦਾਂ ਪ੍ਰਤੀ ਹਮੇਸ਼ਾਂ ਸਤਰਕ ਹੈ ਅਤੇ ਇਹਨਾਂ ਨੂੰ ਖੁਰਦ ਬੁਰਦ ਨਹੀਂ ਹੋਣ ਦੇਵੇਗੀ।