ਨਵੀਂ ਦਿੱਲੀ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਸੇਵਕ ਜਥੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਹੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਤੇਗ ਬਹਾਦਰ ਨਗਰ ਤੋਂ ਸ਼ੁਰੂ ਹੋ ਕੇ ਵਿਜੈ ਨਗਰ, ਹਕੀਕਤ ਪਾਰਕ, ਹਡਸਨ ਲੇਨ, ਓਟ੍ਰਮ ਲੇਨ ਦੀਆਂ ਸੜਕਾਂ ਅਤੇ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਹਡਸੇਨ ਲੇਨ ਵਿਖੇ ਸਮਾਪਤ ਹੋਇਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਇਲਾਕਾ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ 1972 ਤੋਂ ਪਹਿਲਾਂ ਇਸ ਕਾੱਲੋਨੀ ਦਾ ਨਾਂ ਕਿੰਗਜ਼ਵੇ ਕੈਂਪ ਸੀ ਪਰ ਸੰਗਤਾਂ ਦੀ ਕੋਸ਼ਿਸ਼ਾਂ ਦਾ ਸੱਦਕਾ ਇਸ ਕਾੱਲੋਨੀ ਦਾ ਨਾਂ ਬਦਲਕੇ ਗੁਰੂ ਤੇਗ ਬਹਾਦਰ ਨਗਰ ਰੱਖ ਦਿੱਤਾ ਗਿਆ। ਪਰ ਅਜੇ ਵੀ ਦੁਕਾਨਾਂ ਦਫਤਰਾਂ ਦੇ ਬੋਰਡਾਂ ਤੇ ਕਈ ਥਾਂਵਾ ’ਤੇ ਕਿੰਗਜ਼ਵੇ ਕੈਂਪ ਦਾ ਨਾਂ ਹੀ ਇਸਤੇਮਾਲ ਕੀਤਾ ਜਾਉਂਦਾ ਹੈ।ਇਸ ਲਈ ਸੰਗਤਾਂ ਨੂੰ ਸੁਚੇਤ ਕਰਨ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਜਥੇ ਵੱਲੋਂ 4 ਸਾਲ ਪਹਿਲਾ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ।
ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਹਿੰਦੂ ਧਰਮ ਦੀ ਰੱਖਿਆ ਲਈ ਦਿੱਤੀ ਗਈ ਕੁਰਬਾਨੀ ਦਾ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਦੇ ਨਾਂ ਤੇ ਕਾੱਲੋਨੀ ਦਾ ਨਾਮ ਮਸ਼ਹੂਰ ਕਰਨ ਦੀ ਵੀ ਅਪੀਲ ਕੀਤੀ। ਕੈਪਟਨ ਨੇ ਮੈਟਰੋ ਸਟੇਸ਼ਨ ਦਾ ਨਾਂ ਜੀ.ਟੀ.ਬੀ. ਨਗਰ ਮੈਟਰੋ ਸਟੇਸ਼ਨ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਨਗਰ ਮੈਟਰੋ ਸਟੇਸ਼ਨ ਕਰਵਾਉਣ ਲਈ ਛੇਤੀ ਹੀ ਮੁਹਿੰਮ ਸ਼ੁਰੂ ਕਰਨ ਦਾ ਇਸ਼ਾਰਾ ਕੀਤਾ। ਸੇਵਕ ਜਥੇ ਦੇ ਸਰਗਰਮ ਮੈਂਬਰ ਐਡਵੋਕੇਟ ਰਣਜੀਤ ਸਿੰਘ, ਰਾਮ ਸਿੰਘ, ਉਜਾਗਰ ਸਿੰਘ, ਮਨਮੋਹਨ ਸਿੰਘ ਲਾਂਬਾ ਅਤੇ ਚਰਨਜੀਤ ਸਿੰਘ ਨੇ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਸੇਵਾ ਨਿਭਾਈ।