ਫ਼ਤਹਿਗੜ੍ਹ ਸਾਹਿਬ – “ਨਾਮਧਾਰੀ ਸੰਪਰਦਾ ਦੇ ਸੰਸਾਥਪਕ ਮੁੱਖੀ ਬਾਬਾ ਰਾਮ ਸਿੰਘ ਜੀ ਦੀ ਮਨੁੱਖਤਾ, ਕੌਮ ਅਤੇ ਆਜ਼ਾਦੀ ਪ੍ਰਾਪਤੀ ਦੇ ਮਿਸ਼ਨ ਲਈ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਜੂਝਣ ਲਈ ਬਹੁਤ ਵੱਡੀ ਕੁਰਬਾਨੀ ਹੈ । ਉਹਨਾਂ ਨੇ ਜੋ ਅੰਗਰੇਜ਼ ਹਕੂਮਤ ਵਿਰੁੱਧ ਦ੍ਰਿੜਤਾ ਪੂਰਵਕ ਲੜਾਈ ਲੜੀ ਉਸ ਤੋਂ ਅਗਵਾਈ ਲੈਕੇ ਹੀ ਗਾਂਧੀ ਨੇ ਆਜ਼ਾਦੀ ਦਾ ਅੰਦੋਲਨ ਸੁਰੂ ਕੀਤਾ ਸੀ । ਕਿਉਂਕਿ ਬਾਬਾ ਜੀ ਸੱਚ ਉਤੇ ਪਹਿਰਾ ਦੇਣ ਵਾਲੇ, ਮਨੁੱਖੀ ਕਦਰਾ-ਕੀਮਤਾ ਨੂੰ ਮਜ਼ਬੂਤ ਬਣਾਉਣ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਨੂੰ ਧੁਰ ਤੋਂ ਮੰਨਣ ਵਾਲੀ ਸਖਸ਼ੀਅਤ ਸਨ । ਫਿਰ ਨਾਮਧਾਰੀ ਸੰਪਰਦਾ ਦੇ ਸਿੰਘਾਂ ਨੂੰ ਅੰਗਰੇਜ਼ਾਂ ਨੇ ਤੋਪਾ ਅੱਗੇ ਬੰਨ੍ਹਕੇ ਸ਼ਹੀਦ ਕੀਤਾ ਸੀ । ਲੇਕਿਨ ਇਸ ਦੇ ਬਾਵਜੂਦ ਵੀ ਉਹ ਸੰਪਰਦਾ ਦੀ ਸੱਚ ਦੀ ਅਤੇ ਮਨੁੱਖਤਾ ਪੱਖੀ ਸੋਚ ਨੂੰ ਅੰਗਰੇਜ਼ ਕੋਈ ਨੁਕਸਾਨ ਨਾ ਪਹੁੰਚਾ ਸਕੇ । ਜਦੋਂ ਉਹਨਾਂ ਨੇ ਹੁਕਮਰਾਨਾਂ ਤੋਂ ਕਈ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਪ੍ਰਾਪਤ ਨਹੀਂ ਕੀਤੀ ਅਤੇ ਹਮੇਸ਼ਾਂ ਹੁਕਮਰਾਨਾਂ ਦੇ ਜ਼ਬਰ-ਜੁਲਮ ਵਿਰੁੱਧ ਨਿਡਰਤਾ ਨਾਲ ਆਵਾਜ਼ ਉਠਾਉਦੇ ਰਹੇ ਹਨ ਤਾਂ ਅੱਜ ਵੀ ਨਾਮਧਾਰੀ ਸੰਪਰਦਾ ਦੇ ਮੁੱਖੀ ਸਾਹਿਬਾਨ ਵੱਲੋਂ ਸਰਕਾਰੀ ਸੁਰੱਖਿਆ ਇਸ ਕਰਕੇ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਨਾਲ ਬਾਬਾ ਜੀ ਦੀ ਨਿਰਪੱਖਤਾ ਅਤੇ ਦ੍ਰਿੜਤਾ ਵਾਲੀ ਸੋਚ ਨੂੰ ਠੇਸ ਪਹੁੰਚਦੀ ਹੈ ਅਤੇ ਸੰਪਰਦਾ ਦੇ ਬੀਤੇ ਸਮੇਂ ਦੇ ਫਖ਼ਰ ਵਾਲੇ ਇਤਿਹਾਸ ਉਤੇ ਡੂੰਘਾ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਾਮਧਾਰੀ ਸੰਪਰਦਾ ਜੋ ਸਿੱਖ ਕੌਮ ਦਾ ਇਕ ਅਨਿਖੜਵਾ ਹਿੱਸਾ ਹੈ, ਦੇ ਮੌਜੂਦਾ ਮੁੱਖੀ ਬਾਬਾ ਉਦੈ ਸਿੰਘ ਜੀ ਨੂੰ ਸਰਕਾਰੀ ਸੁਰੱਖਿਆ ਵਾਪਿਸ ਕਰਨ ਅਤੇ ਬਾਬਾ ਰਾਮ ਸਿੰਘ ਜੀ ਵੱਲੋਂ ਬੀਤੇ ਸਮੇਂ ਵਿਚ ਦਿੱਤੀ ਗਈ ਮਨੁੱਖਤਾ ਪੱਖੀ ਅਗਵਾਈ ਉਤੇ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁੱਖੀ ਜਾਂ ਕਿਸੇ ਪ੍ਰਬੰਧਕ ਨੂੰ ਹਾਲਾਤਾ ਦੇ ਮੱਦੇਨਜ਼ਰ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਹੈ ਤਾਂ ਜਿਵੇ ਸੰਪਰਦਾ ਨੇ ਬਹੁਤ ਹੀ ਵਧੀਆ ਹਾਕੀ ਦੀ ਟੀਮ ਤਿਆਰ ਕੀਤੀ ਹੈ, ਉਸੇ ਤਰ੍ਹਾਂ ਸੰਪਰਦਾ ਨੂੰ ਰਿਟਾਇਰਡ ਫੌਜੀ ਜਰਨੈਲਾਂ ਅਤੇ ਕਮਾਂਡੋਜ਼ ਦੀਆਂ ਸੇਵਾਵਾਂ ਪ੍ਰਾਪਤ ਕਰਦੇ ਹੋਏ ਆਪਣੀ ਹੀ ਇਕ ਸੁਰੱਖਿਆ ਟੀਮ ਬਣਾਉਣੀ ਚਾਹੀਦੀ ਹੈ । ਸਰਕਾਰੀ ਸੁਰੱਖਿਆ ਲੈਕੇ ਸੰਪਰਦਾ ਨੂੰ ਸਿੱਖ ਕੌਮ ਵਿਚ ਸੱ਼ਕੀ ਨਹੀਂ ਬਣਾਉਣਾ ਚਾਹੀਦਾ । ਉਹਨਾਂ ਕਿਹਾ ਫਿਰ ਗੁਰੂ ਦਾ ਸਿੱਖ ਤਾਂ ਹਮੇਸ਼ਾਂ ਔਖੇ-ਸੌਖੇ ਸਮੇਂ ਉਸ ਅਕਾਲ ਪੁਰਖ ਦੀ ਆਸਥਾ ਵਿਚ ਡੂੰਘਾਂ ਵਿਸ਼ਵਾਸ ਰੱਖਦਾ ਹੋਇਆ ਅਤੇ ਹਰ ਖੇਤਰ ਵਿਚ ਉਸ ਅਕਾਲ ਪੁਰਖ ਨੂੰ ਅੰਗ-ਸੰਗ ਮੰਨਦਾ ਹੋਇਆ ਗੁਰੂ ਦੇ ਭਾਣੇ ਵਿਚ ਰਹਿੰਦਾ ਹੈ । ਜੇਕਰ ਸਰਕਾਰੀ ਸੁਰੱਖਿਆ ਪ੍ਰਾਪਤ ਕਰਨ ਦੀ ਰਿਵਾਇਤ ਨੂੰ ਪ੍ਰਵਾਨ ਕਰ ਲਈਏ ਫਿਰ ਤਾਂ ਅਸੀਂ ਗੁਰੂ ਦੇ ਭਾਣੇ ਨੂੰ ਇਕ ਤਰ੍ਹਾਂ ਨਾਲ ਚੁਣੋਤੀ ਹੀ ਦੇ ਰਹੇ ਹੋਵਾਂਗੇ । ਜੋ ਕਿ ਸਾਡੇ ਸਿੱਖੀ ਸਿਧਾਤਾਂ, ਨਿਯਮਾਂ, ਅਸੂਲਾਂ ਅਤੇ ਗੁਰੂ ਸਾਹਿਬਾਨ ਦੇ ਹੁਕਮਾਂ ਦਾ ਉਲੰਘਣ ਹੋਵੇਗਾ । ਕਿਉਂਕਿ ਗੁਰੂ ਦੇ ਸਿੱਖ ਦੀ ਹਿਫਾਜ਼ਤ ਉਹ ਅਕਾਲ ਪੁਰਖ ਖੁਦ ਕਰਦੇ ਹਨ । ਕਿਉਂਕਿ ਸਾਡਾ ਉਹਨਾਂ ਉਤੇ ਅਟੁੱਟ ਵਿਸ਼ਵਾਸ ਹੈ । ਇਸ ਲਈ ਅਸੀਂ ਵੀ ਕਦੀ ਵੀ ਸਰਕਾਰੀ ਸੁਰੱਖਿਆ ਪ੍ਰਾਪਤ ਨਹੀਂ ਕਰਦੇ । ਭਾਵੇ ਕਿ ਇਸ ਸਮੇਂ ਇਸ ਮੁਲਕ ਵਿਚ ਸਾਡੀਆਂ ਬਹੁਤ ਦੁਸ਼ਮਣ ਜ਼ਮਾਤਾਂ ਹਨ ਅਤੇ ਫਿਰਕੂ ਲੋਕ ਕਿਸੇ ਸਮੇਂ ਵੀ ਮੰਦਭਾਵਨਾ ਭਰੀਆ ਸਾਜਿ਼ਸਾ ਨੂੰ ਅਮਲ ਦੇ ਸਕਦੇ ਹਨ । ਇਸ ਦੇ ਬਾਵਜੂਦ ਵੀ ਅਸੀਂ ਉਸ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਦੇ ਹੋਏ ਜਿਥੇ ਸਮਾਜ ਅਤੇ ਕੌਮ ਦੀਆਂ ਲੜਾਈਆ ਲੜ ਰਹੇ ਹਾਂ, ਅਜਿਹੇ ਸਮੇਂ ਉਹ ਅਕਾਲ ਪੁਰਖ ਹੀ ਹਰ ਖੇਤਰ ਵਿਚ ਸਾਡੇ ਨਾਲ ਸਹਾਈ ਹੁੰਦੇ ਆ ਰਹੇ ਹਨ । ਉਹਨਾਂ ਉਮੀਦ ਪ੍ਰਗਟ ਕੀਤੀ ਕਿ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁੱਖੀ ਬਾਬਾ ਉਦੈ ਸਿੰਘ ਜੀ ਨੇ ਜੋ ਸਰਕਾਰੀ ਸੁਰੱਖਿਆ ਪ੍ਰਾਪਤ ਕੀਤੀ ਹੈ, ਉਸ ਨੂੰ ਰੱਦ ਕਰਕੇ ਸੰਗਤਾਂ ਦੀ ਸਿੱਖੀ ਸੋਚ ਨੂੰ ਪ੍ਰਣਾਉਦੇ ਹੋਏ ਆਪਣੀ ਹੀ ਸੁਰੱਖਿਆ ਟੀਮ ਤਿਆਰ ਕਰਨਗੇ ਅਤੇ ਸਰਕਾਰੀ ਸੁਰੱਖਿਆ ਵਾਪਿਸ ਕਰਕੇ ਸਿੱਖ ਸੰਗਤਾਂ ਅਤੇ ਨਾਮਧਾਰੀ ਸੰਪਰਦਾ ਨਾਲ ਸੰਬੰਧਤ ਗੁਰਸਿੱਖਾਂ ਵਿਚ ਆਪਣੇ ਵਿਸ਼ਵਾਸ ਨੂੰ ਹੋਰ ਪ੍ਰੱਪਕ ਕਰਨਗੇ ।