-ਜਸਵੀਰ ਭਲੂਰੀਆ
ਮੰਡੀਆਂ ‘ਚ ਕਣਕ ਦੇ ਲਾਏ ਤੂੰ ਅੰਬਾਰ
ਜੱਟਾ ਤੇਰੀ ਮਿਹਨਤ ਤੋਂ ਜਾਵਾਂ ਬਲਿਹਾਰ
ਆਉਦੀਆਂ ਨੇ ਭਾਵੇਂ ਕਈ ਕੁਦਰਤੀ ਆਫਤਾਂ
ਮਿਹਨਤ ਕਰਨ ਦੀਆਂ ਛੱਡੇਂ ਨਾ ਤੂੰ ਆਦਤਾਂ
ਛੱਡੇਂ ਨਾ ਤੂੰ ਹੌਸਲਾ ਨਾ ਮੰਨਦਾ ਏਂ ਹਾਰ
ਜੱਟਾ ਤੇਰੀ ਮਿਹਨਤ ਤੋਂ ………….
ਭੁੱਲਣ ਨਾ ਕਦੇ ਨਾ ਜਾਣ ਉਹ ਵਿਸਾਰੀਆਂ
ਖੇਤੀ ਦੇ ਖੇਤਰ ‘ਚ ਮੱਲਾਂ ਜੋ ਤੂੰ ਮਾਰੀਆਂ
ਪੰਜਾਬ ਨੂੰ ਮਸ਼ਹੂਰ ਕੀਤਾ ਵਿੱਚ ਸੰਸਾਰ
ਜੱਟਾ ਤੇਰੀ ਮਿਹਨਤ ਤੋਂ …………..
ਧੀਆਂ-ਪੁੱਤਾਂ ਵਾਂਗ ਤੂੰ ਫਸਲਾਂ ਨੂੰ ਪਾਲਦਾ
ਛੁਪੀ ਨਹੀਂ ਦੇਸ਼ ਲਈ ਘਾਲਣਾ ਜੋ ਘਾਲਦਾ
ਵਤਨ ਦੀ ਮਿੱਟੀ ਨਾਲ ਡਾਢਾ ਤੇਰਾ ਪਿਆਰ
ਜੱਟਾ ਤੇਰੀ ਮਿਹਨਤ ਤੋਂ …………….
ਅਹਿਸਾਨ ਨਾ ਜਤਾਵੇ ਜੋ ਮਿਹਨਤਾਂ ਤੂੰ ਕੀਤੀਆਂ
ਮਾਰੀ ਜਾਣ ਤੈਨੂੰ ਸਰਕਾਰਾਂ ਦੀਆਂ ਨੀਤੀਆਂ
ਤਾਂ ਹੀ ਵਧੀ ਜਾਵੇ ਨਿੱਤ ਕਰਜ਼ੇ ਦਾ ਭਾਰ
ਜੱਟਾ ਤੇਰੀ ਮਿਹਨਤ ਤੋਂ ……………
ਕਰੇਂ ਜਦੋਂ ਕੰਮ ਨਾ ਤੂੰ ਦੇਖੇਂ ਦਿਨ ਰਾਤ
ਭਲੂਰੀਆ ਗੀਤਾਂ ਵਿੱਚ ਪਾਵੇ ਤੇਰੀ ਬਾਤ
ਮਿਹਨਤ ਨੂੰ ਫਲ ਲੱਗੇ ਵਧੇ ਪੈਦਾਵਾਰ
ਜੱਟਾ ਤੇਰੀ ਮਿਹਨਤ ਤੋਂ …………..