ਨਵੀਂ ਦਿੱਲੀ – ਪ੍ਰਸਿੱਧ ਐਥਲੀਟ ਮਿਲਖਾ ਸਿੰਘ ਨੇ ‘ਸਦਭਾਵਨਾ ਦੂਤ’ ਮਾਮਲੇ ਵਿੱਚ ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਫਿ਼ਲਮ ਜਗਤ ਨੇ ਉਨ੍ਹਾਂ ਤੇ ਫਿ਼ਲਮ ਬਣਾ ਕੇ ਕੋਈ ਉਪਕਾਰ ਨਹੀਂ ਕੀਤਾ। ਮਿਲਖਾ ਸਿੰਘ ਤੋਂ ਇਲਾਵਾ ਖੇਡ ਜਗਤ ਦੀਆਂ ਹੋਰ ਵੀ ਕਈ ਮਹਾਨ ਹਸਤੀਆਂ ਨੇ ਸਲਮਾਨ ਖਾਨ ਨੂੰ ਉਲੰਪਿਕ ਸੰਘ ਵਿੱਚ ਸਦਭਾਵਨਾ ਦੂਤ ਬਣਾਏ ਜਾਣ ਦੀ ਸਖਤ ਆਲੋਚਨਾ ਕੀਤੀ ਹੈ।
ਸਲੀਮ ਖਾਨ ਨੇ ਆਪਣੇ ਪੁੱਤਰ ਸਲਮਾਨ ਖਾਨ ਦਾ ਪੱਖ ਲੈਂਦੇ ਹੋਏ ਇੱਕ ਟਵੀਟ ਵਿੱਚ ਕਿਹਾ ਸੀ, ‘ ਮਿਲਖਾ ਜੀ, ਇਹ ਬਾਲੀਵੁੱਡ ਨਹੀਂ ਬਲਿਕ ਭਾਰਤੀ ਫਿ਼ਲਮ ਜਗਤ ਹੈ, ਜੋ ਦੁਨੀਆਂਭਰ ਵਿੱਚ ਵਿਆਪਕ ਰੂਪ ਵਿੱਚ ਪ੍ਰਸਿੱਧ ਹੈ। ਇਹ ਉਹੋ ਫਿ਼ਲਮ ਜਗਤ ਹੈ, ਜਿਸ ਨੇ ਆਪ ਦੇ ਧੁੰਧਲੇ ਹੋ ਰਹੇ ਅਕਸ ਨੂੰ ਫਿਰ ਤੋਂ ਲੋਕਾਂ ਦੇ ਸਾਹਮਣੇ ਉਜਾਗਰ ਕੀਤਾ।’ ਸਲੀਮ ਖਾਨ ਦਾ ਮੱਤਲਬ ਮਿਲਖਾ ਸਿੰਘ ਦੇ ਜੀਵਨ ਤੇ ਬਣੀ ਫਿ਼ਲਮ ‘ਭਾਗ ਮਿਲਖਾ ਭਾਗ’ ਤੋਂ ਹੈ।
ਮਿਲਖਾ ਸਿੰਘ ਨੇ ਕਿਹਾ, ‘ ਆਈਓਏ ਨੂੰ ਸੋਚਣਾ ਚਾਹੀਦਾ ਹੈ ਕਿ ਅਮਬੈਸਡਰ ਦੀ ਕੀ ਜਰੂਰਤ ਹੈ? ਜੋ ਵੀ ਟੀਮ ਉਲੰਪਿਕ ਵਿੱਚ ਹਿੱਸਾ ਲੈਣ ਜਾ ਰਹੀ ਹੈ, ਉਸ ਦੇ ਸਾਰੇ ਮੈਂਬਰ ਅਮਬੈਸਡਰ ਹਨ। ਭਾਰਤ ਦੇ 20 ਕਰੋੜ ਦੀ ਆਬਾਦੀ ਵਿੱਚ ਇਹ ਸਾਰੇ ਖਿਡਾਰੀ ਸਾਡੇ ਅਮਬੈਸਡਰ ਹਨ, ਤਾਂ ਸਾਨੂੰ ਕਿਸੇ ਹੋਰ ਅਮਬੈਸਡਰ ਦੀ ਕੀ ਜਰੂਰਤ ਹੈ?’