ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਅਤੇ ਇਤਿਹਾਸ ਦੀ ਇੱਕ ਛੱਤ ਹੇਠਾਂ ਜਾਣਕਾਰੀ ਦੇਣ ਲਈ ਉਸਾਰਿਆ ਜਾ ਰਿਹਾ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਆਪਣੀ ਵੱਖਰੀ ਦਿੱਖ ਕਰਕੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ। ਇਹ ਦਾਅਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਉਕਤ ਸਭਿਆਚਾਰਕ ਕੇਂਦਰ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਦੌਰਾਨ ਕੀਤਾ।
ਜੀ. ਕੇ. ਨੇ ਕਿਹਾ ਕਿ ਨਵੀਂ ਮਲਟੀ ਮੀਡੀਆ ਤਕਨੀਕ ਰਾਹੀਂ ਸਿੱਖ ਇਤਿਹਾਸ ਦੀ ਜਾਣਕਾਰੀ ਨਿਵੇਕਲੇ ਤਰੀਕੇ ਨਾਲ ਦੇਣ ਵਾਲਾ ਸਿੱਖ ਕੌਮ ਦਾ ਇਹ ਮਾਣਮਤਾ ਆਦਾਰਾ ਹੋਵੇਗਾ, ਜਿਸ ਵਿਚ ਕਈ ਭਾਸ਼ਾਵਾਂ ’ਚ ਸਿੱਖ ਇਤਿਹਾਸ ਦੀ ਜਾਣਕਾਰੀ ਬੜੇ ਹੀ ਸੁੱਚਜੇ ਢੰਗ ਨਾਲ ਦਿੱਤੀ ਜਾਵੇਗੀ। ਦਿੱਲੀ ਕਮੇਟੀ ਵੱਲੋਂ ਇਸਨੂੰ ਬਣਾਏ ਜਾਉਣ ਦੀ ਲੋੜ ਬਾਰੇ ਪੁੱਛਣ ’ਤੇ ਜੀ. ਕੇ. ਨੇ ਕਿਹਾ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜਰੂਰ ਹੈ ਪਰ ਸਾਂਭਿਆ ਨਹੀਂ ਕਿਸੇ ਵੀ ਧਰਮ ਦੇ ਮਹਾਪੁਰਸ਼ਾ ਜਾਂ ਗੁਰੂਆਂ ਨੇ ਲੋਕਭਲਾਈ ਲਈ ਇਤਨੀਆਂ ਕੁਰਬਾਨੀਆਂ ਨਹੀਂ ਦਿੱਤੀਆਂ ਜੋ ਸਿੱਖਾਂ ਦੇ ਹਿੱਸੇ ਆਈਆਂ ਹਨ ਪਰ ਇਸਦੇ ਬਾਵਜ਼ੂਦ ਸਿੱਖਾਂ ਦਾ ਇਤਿਹਾਸ ਗੁਰੂ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਕੱਢ ਕੇ ਬਾਕੀ ਧਰਮਾਂ ਦੇ ਲੋਕਾਂ ਤਕ ਪਹੁੰਚਾਉਣ ’ਚ ਸਾਨੂੰ ਘੱਟ ਕਾਮਯਾਬੀ ਮਿਲੀ।
ਜੀ. ਕੇ. ਨੇ ਕਿਹਾ ਕਿ ਸਿੱਖ ਹਮੇਸ਼ਾ ਹੀ ਸਰਬਤ ਦਾ ਭਲਾ ਲੋਚਦਾ ਹੋਇਆ ਹਰ ਪਰੇਸ਼ਾਨੀ ਵੇਲੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਨਜ਼ਰ ਆਉਂਦਾ ਹੈ। ਜੀ।ਕੇ। ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਭੋਜਨ ਅਤੇ ਭਜਨ ਦੇ ਲੰਗਰ ਲਗਾਉਣ ਵੱਲ ਪੇ੍ਰਰਿਆ ਸੀ ਪਰ ਸਮਾਜਿਕ ਜਰੂਰਤਾਂ ਨੂੰ ਪੂਰਾ ਕਰਨ ਅਤੇ ਸਮਾਜ ਨਾਲ ਕਦਮਤਾਲ ਕਰਨ ਲਈ ਸਾਨੂੰ ਵਿੱਦਿਆ ਅਤੇ ਗਿਆਨ ਦੇ ਲੰਗਰ ਲਗਾਉਣ ਵੱਲ ਲਾਜ਼ਮੀ ਤੌਰ ਤੇ ਤੁਰਨਾ ਕੌਮ ਦੇ ਬੱਚਿਆਂ ਦੇ ਭਵਿੱਖ ਅਤੇ ਸਿੱਖੀ ਦੀ ਚੜਦੀਕਲਾ ਲਈ ਜ਼ਰੂਰੀ ਹੋ ਗਿਆ ਹੈ।
ਜੀ. ਕੇ. ਨੇ ਕਿਹਾ ਕਿ ਜਿਸ ਤੇਜ਼ੀ ਨਾਲ ਇਸ ਪ੍ਰੋਜੈਕਟ ’ਤੇ ਕਾਰਜ ਚਲ ਰਿਹਾ ਹੈ ਉਸ ਹਿਸਾਬ ਨਾਲ ਅੱਗਲੇ 6 ਮਹੀਨੀਆਂ ਵਿਚ ਪੋ੍ਰਜੈਕਟ ਪੂਰਾ ਹੋਣ ਦੀ ਆਸ ਹੈ। ਜੀ।ਕੇ। ਨੇ ਉਕਤ ਸਥਾਨ ਤੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਮਲਟੀਮੀਡੀਆ ਤਰੀਕੇ ਨਾਲ ਕੌਮਾਂਤਰੀ ਪੱਧਰੀ ਜਾਨਦਾਰ ਪੇਸ਼ਕਾਰੀ ਹੋਣ ਦੀ ਵੀ ਉਮੀਦ ਜਤਾਈ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਜਤਿੰਦਰ ਪਾਲ ਸਿੰਘ ਗੋਲਡੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਮੌਜੂਦ ਸਨ।