ਇੰਡੀਆਨਾ – ਡੋਨਲਡ ਟਰੰਪ ਇੰਡੀਆਨਾ ਵਿੱਚ ਆਪਣੇ ਵਿਰੋਧੀ ਟੈਡ ਕਰੂਜ਼ ਨੂੰ ਹਰਾ ਕੇ ਰੀਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਬਣਨ ਦੇ ਬਹੁਤ ਹੀ ਨਜ਼ਦੀਕ ਪਹੁੰਚ ਗਏ ਹਨ। ਰਾਸ਼ਟਰਪਤੀ ਉਮੀਦਵਾਰ ਲਈ ਇਹ ਚੋਣ ਬੇਹੱਦ ਅਹਿਮ ਮੰਨੀ ਜਾ ਰਹੀ ਸੀ। ਹਿਲਰੀ ਕਲਿੰਟਨ ਵੀ ਇਸ ਚੋਣ ਵਿੱਚ ਸੈਂਡਰਸ ਬਰਨੀ ਤੋਂ ਹਾਰ ਗਈ ਹੈ।
ਇੰਡੀਆਨਾ ਸਟੇਟ ਦੀ ਪ੍ਰਾਇਮਰੀ ਚੋਣ ਵਿੱਚ ਟਰੰਪ ਨੇ ਆਪਣੇ ਵਿਰੋਧੀ ਕਰੂਜ਼ ਨੂੰ ਪਿੱਛੇ ਛੱਡਦੇ ਹੋਏ 50 ਫੀਸਦੀ ਤੋਂ ਵੱਧ ਵੋਟ ਪ੍ਰਾਪਤ ਕੀਤੇ ਹਨ। ਟੈਡ ਕਰੂਜ਼ ਇਸ ਹਾਰ ਤੋਂ ਬਾਅਦ ਰੇਸ ਤੋਂ ਬਾਹਰ ਹੋ ਗਏ ਹਨ। ਟਰੰਪ ਲਈ ਅੱਗੇ ਦਾ ਰਸਤਾ ਹੋਰ ਵੀ ਸੌਖਾ ਹੋ ਗਿਆ। ਹੁਣ ਉਸ ਨੂੰ ਪਾਰਟੀ ਵੱਲੋਂ ਉਮੀਦਵਾਰੀ ਪ੍ਰਾਪਤ ਕਰਨ ਲਈ ਸਿਰਫ਼ 200 ਡੈਲੀਗੇਟਸ ਦੀ ਹੀ ਜਰੂਰਤ ਹੈ। ਇਸ ਤੋਂ ਪਹਿਲਾਂ ਕਰੂਜ਼ ਨੇ ਟਰੰਪ ਨੂੰ ਝੂਠਾ ਦੱਸਦੇ ਹੋਏ ਕਿਹਾ ਸੀ ਕਿ ਉਹ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ।
ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਪਦ ਦੀ ਉਮੀਦਵਾਰ ਹਿਲਰੀ ਕਲਿੰਟਨ ਆਪਣੇ ਵਿਰੋਧੀ ਸੈਂਡਰਸ ਬਰਨੀ ਤੋਂ ਇਹ ਪ੍ਰਾਇਮਰੀ ਚੋਣ ਹਾਰ ਗਈ ਹੈ। ਭਾਂਵੇ ਹਿਲਰੀ ਕਲਿੰਟਨ ਨੂੰ ਇਸ ਹਾਰ ਨਾਲ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਸ ਨੂੰ ਉਮੀਦਵਾਰ ਬਣਨ ਲਈ ਜਿੰਨੇ ਡੈਲੀਗੇਟਸ ਦੀ ਜਰੂਰਤ ਹੈ, ਉਸ ਦਾ 92 ਫੀਸਦੀ ਉਸ ਕੋਲ ਹੈ।