ਤਲਵੰਡੀ ਸਾਬੋ – ਬੀਤੇ ਦਿਨੀਂ ਇਕ ਨੌਕਰੀ ਚੋਣ ਪ੍ਰਕਿਰਿਆ ਦੌਰਾਨ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਦੇ 22 ਵਿਦਿਆਰਥੀ ਵੱਖ-ਵੱਖ ਨਾਮਵਰ ਕੰਪਨੀਆਂ ਵੱਲੋਂ ਨੌਕਰੀਆਂ ਲਈ ਚੁਣੇ ਗਏ। ਕਾਲਜ ਦੇ ਡੀਨ ਪ੍ਰੋ. ਮਹਿਬੂਬ ਸਿੰਘ ਗਿੱਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਆਯੋਜਿਤ ਹੋਈ ਪਲੇਸਮੈਂਟ ਡਰਾਈਵ ਵਿਚ ਮਕੈਨੀਕਲ ਯੇਵੇਂ ਸਮੈਸਟਰ ਦੇ 15 ਵਿਦਿਆਰਥੀ, ਕੰਪਿਊਟਰ ਸਾਇੰਸਜ਼ ਦੇ 6 ਵਿਦਿਆਰਥੀ ਅਤੇ ਇਲੈਕਟ੍ਰੋਨਿਕਸ ਦਾ ਇਕ ਵਿਦਿਆਰਥੀ ਚੰਗੇ ਸਲਾਨਾ ਪੈਕੇਜ ਦੇ ਨਾਲ ਨੌਕਰੀ ਲਈ ਚੁਣੇ ਗਏ ਅਤੇ ਇਸਦੇ ਨਾਲ ਭੋਜਨ ਅਤੇ ਰਹਿਣ-ਸਹਿਣ ਦੀ ਸਹੂਲਤ ਵੀ ਇਨ੍ਹਾਂ ਕੰਪਨੀਆਂ ਦੁਆਰਾ ਮੁਫਤ ਦਿੱਤੀ ਜਾਵੇਗੀ। ਵਿਦਿਆਰਥੀਆਂ ਨਾਲ ਸ਼ਿਰਕਤ ਕਰ ਰਹੇ ਪ੍ਰੋ. ਮੋਹਿਤ ਵਰਮਾ ਨੇ ਦੱਸਿਆ ਕਿ ਨੌਕਰੀ ਚੋਣ ਲਈ ਗੁੜਗਾਉਂ ਦੀਆਂ ਮੁੰਜਾਲ ਸ਼ੋਵਾ ਲਿਮਿਟਡ ਅਤੇ ਮਾਈਲਸਟੋਨ ਆਦਿ ਨਾਮੀ ਕੰਪਨੀਆਂ ਪੁੱਜੀਆਂ। ਇਸ ਚੋਣ ਪ੍ਰਕਿਰਿਆ ਵਿਚ ਪ੍ਰੋ. ਅਸ਼ਵਨੀ ਗਰਗ, ਪ੍ਰੋ. ਹਰੀਸ਼ਇੰਦਰ ਸਿੰਘ ਚਹਿਲ, ਪ੍ਰੋ. ਸ਼ਿਵ ਕੁਮਾਰ, ਪ੍ਰੋ. ਸੁਰਿੰਦਰ ਕੁਮਾਰ ਹੁਰਾਂ ਦਾ ਭਰਪੂਰ ਸਹਿਯੋਗ ਰਿਹਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਂਈਆਂ ਦੇਣ ਦੇ ਨਾਲ-ਨਾਲ ਬਾਕੀ ਵਿਦਿਆਰਥੀਆਂ ਨੂੰ ਵੀ ਤਨਦੇਹੀ ਨਾਲ ਮਿਹਨਤ ਕਰਕੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਆ। ਨਾਲ ਹੀ ਉਨ੍ਹਾਂ ਪ੍ਰੋ. ਮਹਿਬੂਬ ਗਿੱਲ ਅਤੇ ਸਮੁੱਚੇ ਸਟਾਫ ਦੀ ਵਿਦਿਆਰਥੀਆਂ ਦੀ ਸੁਚੱਜੀ ਅਗਵਾਈ ਲਈ ਸ਼ਲਾਘਾ ਕੀਤੀ।
ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਸਮੁੱਚੇ ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਉਂਦਿਆਂ ਭਰੋਸਾ ਦਿਵਾਇਆ ਕਿ ਸਮੁੱਚੇ ਵਿਦਿਆਰਥੀ ਵਰਗ ਨੂੰ ਸਫਲਤਾ ਵਾਲੇ ਮੁਕਾਮ ਤੱਕ ਪਹੁੰਚਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਹਰ ਸੰਭਵ ਯਤਨ ਕਰੇਗੀ।