ਨਵੀਂ ਦਿੱਲੀ : ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 25 ਕਰੋੜ ਰੁਪਏ ਦਿੱਤੇ ਜਾਣਗੇ। ਇਸ ਗੱਲ ਦਾ ਐਲਾਨ ਅੱਜ ਸੂਬੇ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਹਿਰੌਲੀ ਵਿਖੇ 7.5 ਏਕੜ ਦੇ ਵਿਸ਼ਾਲ ਪਾਰਕ ਵਿਚ ਦਿੱਲੀ ਕਮੇਟੀ ਵੱਲੋਂ ਉਸਾਰੀ ਜਾ ਰਹੀ ਯਾਦਗਾਰ ਦਾ ਨਿਰਿਖਣ ਕਰਨ ਉਪਰੰਤ ਕੀਤਾ। ਬਾਦਲ ਨੂੰ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ।, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ ਤੇ ਕੁਲਦੀਪ ਸਿੰਘ ਭੋਗਲ ਵੱਲੋਂ ਪਾਰਕ ਨੂੰ ਯਾਦਗਾਰ ਬਣਾਉਣ ਵੱਜੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ।
ਬਾਦਲ ਨੇ ਭਰੋਸਾ ਦਿੱਤਾ ਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੀ ਬੇਮਿਸ਼ਾਲ ਸ਼ਹੀਦੀ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਜੇ ਹੋਰ ਮਾਲੀ ਮਦਦ ਦੀ ਲੋੜ ਪਈ ਤਾਂ ਪੰਜਾਬ ਸਰਕਾਰ ਉਸਤੋਂ ਵੀ ਪਿੱਛੇ ਨਹੀਂ ਹਟੇਗੀ। ਬਾਦਲ ਨੇ ਸ਼ਤਾਬਦੀ ਸਮਾਗਮਾ ਨੂੰ ਸੁੱਚਜੇ ਢੰਗ ਨਾਲ ਮਨਾਉਣ ਦੀ ਕਮੇਟੀ ਪ੍ਰਬੰਧਕਾਂ ਨੂੰ ਹਿਦਾਇਤ ਕਰਦੇ ਹੋਏ ਸਮੂਹ ਸਿੱਖ ਜਰਨੈਲਾਂ ਦੇ ਇਤਿਹਾਸ ਨੂੰ ਸੰਗਤ ਤਕ ਪਹੁੰਚਾਉਣ ਲਈ ਉਪਰਾਲਿਆਂ ਵਿਚ ਤੇਜ਼ੀ ਲਿਆਉਣ ਦੀ ਵੀ ਗੱਲ ਕਹੀ। ਬਾਦਲ ਨੇ ਪਾਰਕ ਵਿਚ ਹਰਿਆਲੀ ਨੂੰ ਪੂਰਣ ਤੌਰ ਤੇ ਬਹਾਲ ਰੱਖਣ ਦੇ ਆਦੇਸ਼ ਦਿੰਦੇ ਹੋਏ ਪਾਰਕ ਦੀ ਅੰਦੂਰਨੀ ਦਿੱਖ ਨੂੰ ਸਵਾਰਨ ਵਾਸਤੇ ਕਈ ਸੁਝਾਵ ਵੀ ਦਿੱਤੇ। ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਬਣਾਈਆਂ ਗਈਆਂ ਯਾਦਗਾਰਾਂ ਦਾ ਵੀ ਬਾਦਲ ਨੇ ਹਵਾਲਾ ਦਿੱਤਾ।
ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦਿੱਲੀ ਨਗਰ ਨਿਗਮ ਦੀਆਂ ਜਿਮਣੀ ਚੋਣਾਂ ਦੇ ਨਤੀਜੇ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ 13 ਵਿਚੋਂ 5 ਸੀਟਾਂ ਆਮ ਆਦਮੀ ਪਾਰਟੀ ਵੱਲੋਂ ਜਿੱਤਣ ਨੂੰ ਦਿੱਲੀ ਦੀ ਜਨਤਾ ਵੱਲੋਂ ਆਪ ਪਾਰਟੀ ਨੂੰ ਨਕਾਰਨ ਵੱਲੋਂ ਪਰਿਭਾਸ਼ਿਤ ਕੀਤਾ। ਬਾਦਲ ਨੇ ਕਿਹਾ ਕਿ ਦਿੱਲੀ ਦੀ ਜਨਤਾ ਕੇਜਰੀਵਾਲ ਦੇ ਝੂਠੇ ਵਾਇਦੀਆਂ ਤੋਂ ਤੰਗ ਆ ਚੁੱਕੀ ਹੈ ਜੋ ਨਤੀਜਿਆਂ ਤੋਂ ਸਾਫ ਝਲਕਦਾ ਹੈ। ਬਾਦਲ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਦੇਸ਼ ਨੂੰ ਸੁਨੇਹਾ ਦਿੱਤਾ ਹੈ ਕਿ ਨਕਸਲਵਾਦੀ ਤੇ ਆਰਾਜਕਤਾਵਾਦੀ ਰਾਜਨੀਤੀ ਵਿਕਾਸ ਦਾ ਮਾੱਡਲ ਨਹੀਂ ਹੈ ਕਿਉਂਕਿ ਆਪ ਪਾਰਟੀ ਆਗੂ ਹਰ ਗੱਲ ਨੂੰ ਬਣਾਉਣ ਦੀ ਬਜਾਏ ਤਬਾਹ ਕਰਨ ਵਿਚ ਜਿਆਦਾ ਵਿਸਵਾਸ਼ ਰੱਖਦੇ ਹਨ। ਬਾਦਲ ਨੇ ਪੰਜਾਬ ਵਿਧਾਨਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਉਮੀਦਾਂ ਦਾ ਗੁੱਬਾਰਾ ਫਟਣ ਦਾ ਵੀ ਦਾਅਵਾ ਕੀਤਾ।
ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ,ਕਮੇਟੀ ਮੈਂਬਰ ਤਨਵੰਤ ਸਿੰਘ, ਪਰਮਜੀਤ ਸਿੰਘ ਰਾਣਾ, ਗੁਰਵਿੰਦਰ ਪਾਲ ਸਿੰਘ, ਕੈਪਟਨ ਇੰਦਰਪੀ੍ਰਤ ਸਿੰਘ, ਕੁਲਦੀਪ ਸਿੰਘ ਸਾਹਨੀ, ਰਵੇਲ ਸਿੰਘ, ਦਰਸ਼ਨ ਸਿੰਘ, ਅਕਾਲੀ ਆਗੂ ਵਿਕ੍ਰਮ ਸਿੰਘ, ਜਸਪ੍ਰੀਤ ਸਿੰਘ ਵਿੱਕੀਮਾਨ, ਮਨਜੀਤ ਸਿੰਘ ਔਲਖ, ਸੁਰਿੰਦਰ ਸਿੰਘ ਓਬਰਾਇ ਮੌਜ਼ੂਦ ਸਨ।