ਨਵੀਂ ਦਿੱਲੀ- ਮੌਸਮ ਵਿਭਾਗ ਨੇ ਬੁੱਧਵਾਰ ਨੂੰ ਸੀਜਨ ਦਾ ਸੱਭ ਤੋਂ ਗਰਮ ਦਿਨ ਵੇਖਦੇ ਹੋਏ ਦਿੱਲੀ ਸਮੇਤ 6 ਰਾਜਾਂ ਵਿੱਚ ਭਿਆਨਕ ਗਰਮੀ ਅਤੇ ਲੂ ਦੀ ਚਿਤਾਵਨੀ ਦਿੱਤੀ ਹੈ। ਦਿੱਲੀ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸਿਅਸ ਦਰਜ਼ ਕੀਤਾ ਗਿਆ। ਦਿੱਲੀ ਤੋਂ ਇਲਾਵਾ ਰਾਜਸਥਾਨ, ਮੱਧਪ੍ਰਦੇਸ਼, ਉਤਰਪ੍ਰਦੇਸ਼, ਗੁਜਰਾਤ, ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਵੀ ਅਲਰੱਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਆਕਾਸ਼ ਸਾਫ਼ ਰਹੇਗਾ ਪਰ ਹਨੇਰੀਆਂ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ,ਉਤਰ-ਪੱਛਮ ਭਾਗ ਵੱਲੋਂ ਆਉਣ ਵਾਲੀਆਂ ਗਰਮ ਹਵਾਵਾਂ ਕਾਰਣ ਰਾਜਧਾਨੀ ਦਿੱਲੀ ਵਿੱਚ ਗਰਮੀ ਹੋਰ ਵੱਧ ਸਕਦੀ ਹੈ। ਦਿੱਲੀ ਸਮੇਤ ਪੂਰਾ ਉਤਰ-ਭਾਰਤ ਇਸ ਸਮੇਂ ਔਸਤ ਤੋਂ ਜਿਆਦਾ ਗਰਮੀ ਨਾਲ ਜੂਝ ਰਿਹਾ ਹੈ। ਗੁਜਰਾਤ ਦੇ ਅਹਿਮਦਾਬਾਦ ਵਿੱਚ ਤਾਂ ਹਾਲਾਤ ਹੋਰ ਵੀ ਖਰਾਬ ਹਨ, ਉਥੇ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਤੱਕ ਦਰਜ਼ ਕੀਤਾ ਗਿਆ ਹੈ। ਰਾਜਸਥਾਨ ਵਿੱਚ ਵੀ ਇਸ ਹਫ਼ਤੇ ਦੇ ਅੰਤ ਤੱਕ ਤਾਪਮਾਨ 47 ਡਿਗਰੀ ਤੋਂ ਵੀ ਪਾਰ ਜਾ ਸਕਦਾ ਹੈ। ਮੌਸਮ ਵਿਭਾਗ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਸਾਵਧਾਨੀ ਵਰਤੀ ਜਾਵੇ ਅਤੇ ਬਹੁਤ ਜਰੂਰੀ ਹੋਵੇ ਤਾਂ ਹੀ ਦੁਪਹਿਰ ਦੇ ਸਮੇਂ ਬਾਹਰ ਜਾਵੋ। ਅਗਲੇ ਕੁਝ ਦਿਨਾਂ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ ਇਸ ਲਈ ਕਾਣ-ਪੀਣ ਦੇ ਮਾਮਲੇ ਵਿੱਚ ਵੀ ਸਾਵਧਾਨੀ ਵਰਤਣੀ ਹੋਵੇਗੀ।