ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਆਫ਼ ਹੋਮ ਸਾਇੰਸ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਦੀ ਵਿਦਿਆਰਥਣ ਡਾ. ਮੋਨਿਕਾ ਚੌਧਰੀ ਨੂੰ ਨੈਸਲੇ ਕੰਪਨੀ ਵੱਲੋਂ ਪੋਸ਼ਣ ਅਤੇ ਜਨ ਸਿਹਤ ਸੰਬੰਧੀ ਪ੍ਰਸ਼ੰਸ਼ਾ ਯੋਗ ਕੰਮ ਕਰਨ ਲਈ ’ਨੈਸਲੇ ਰਿਸਰਚ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ । ਇਹ ਐਵਾਰਡ ਉਹਨਾਂ ਨੂੰ ਨੈਸਲੇ ਦੀ ਗੁੜਗਾਓਂ ਵਿਖੇ ਸਥਿਤ ਰਿਸਰਚ ਅਤੇ ਡਿਵੈਲਪਮੈਂਟ ਬਰਾਂਚ ਵਿੱਚ ਇੱਕ ਸਨਮਾਨ ਸਮਾਰੋਹ ਦੌਰਾਨ ਦਿੱਤਾ ਗਿਆ । ਉਹਨਾਂ ਨੂੰ 2.5 ਲੱਖ ਰੁਪਏ ਦੀ ਰਾਸ਼ੀ ਐਵਾਰਡ ਦੇ ਰੂਪ ਵਿੱਚ ਭੇਂਟ ਕੀਤੀ ਗਈ । ਇਸ ਸਮਾਰੋਹ ਡਾ. ਮੋਨਿਕਾ ਚੌਧਰੀ ਦੇ ਸਲਾਹਕਾਰ ਡਾ. ਕਿਰਨ ਗਰੋਵਰ, ਭੋਜਨ ਅਤੇ ਪੋਸ਼ਣ ਵਿਭਾਗ ਵੀ ਮੌਜੂਦ ਸਨ ।
ਡਾ. ਕਿਰਨ ਗਰੋਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਐਵਾਰਡ ਡਾ. ਮੋਨਿਕਾ ਨੂੰ ਉਸਦੇ ਪੀ ਐਚ ਡੀ ਦੇ ਰਿਸਰਚ ਪੇਪਰ ਲਈ ਮਿਲਿਆ ਹੈ ਜੋ ਕਿ ਸਾਲ 2015 ਵਿੱਚ ਅੰਤਰ ਰਾਸ਼ਟਰੀ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਸੀ । ਉਹਨਾਂ ਨੇ ਦੱਸਿਆ ਕਿ ਡਾ. ਮੋਨਿਕਾ ਨੇ ਬੜੀ ਮਿਹਨਤ ਅਤੇ ਲਗਨ ਨਾਲ ਆਪਣੇ ਪੀ ਐਚ ਡੀ ਰਿਸਰਚ ਲਈ ’ਹਾਈਪਰਲਿਪੀਡੀਮੀਆ’ ਦੇ ਸੰਬੰਧ ਵਿੱਚ ਚੌਲਾਂ ਦੀ ਫੱਕ ਤੋਂ ਬਣੇ ਤੇਲ ਅਤੇ ਜੈਤੂਨ ਦੇ ਤੇਲ ਦੇ ਮਿਸ਼ਰਣ ਤੋਂ ਬਣੇ ਤੇਲ ਦਾ ਨਿਰੀਖਣ ਕੀਤਾ ਹੈ । ਡਾ. ਮੋਨਿਕਾ ਨੇ ਆਪਣੀ ਰਿਸਰਚ ਦੇ ਆਧਾਰ ਤੇ ਅੰਤਰ ਰਾਸ਼ਟਰੀ ਪੱਧਰ ਤੇ 5 ਰਿਸਰਚ ਪੇਪਰ ਵੀ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਨੂੰ ਬਹੁਤ ਮਾਨਤਾ ਪ੍ਰਾਪਤ ਹੋਈ ਹੈ ।
ਇਸ ਮੌਕੇ ਤੇ ਡਾ. ਮੋਨਿਕਾ ਦੇ ਕੰਮ ਦੀ ਸਲਾਘਾ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡੀਨ ਕਾਲਜ ਆਫ਼ ਹੋਮ ਸਾਇੰਸ ਡਾ. ਗੁਰਿੰਦਰ ਕੌਰ ਸਾਂਘਾ ਨੇ ਉਸਨੂੰ ਅਤੇ ਉਸਦੇ ਸਲਾਹਕਾਰ ਨੂੰ ਇਸ ਸ਼ਾਨਦਾਰ ਸਫ਼ਲਤਾ ਦੀ ਵਧਾਈ ਦਿੱਤੀ ਹੈ ।
ਡਾ. ਮੋਨਿਕਾ ਚੌਧਰੀ ਇਸ ਸਮੇਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਧੀਨ ਸੰਗਰੂਰ ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ । ਇਸ ਮੌਕੇ ਤੇ ਡਾ. ਮਨਦੀਪ ਸਿੰਘ (ਐਸੋਸੀਏਟ ਡਾਇਰੈਕਟਰ) ਕੇ ਵੀ ਕੇ ਸੰਗਰੂਰ ਨੇ ਡਾ. ਮੋਨਿਕਾ ਚੌਧਰੀ ਨੂੰ ਵਧਾਈ ਦੇ ਕੇ ਉਹਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਹੈ ।