ਫ਼ਤਹਿਗੜ੍ਹ ਸਾਹਿਬ – “ਸਿੱਖ ਧਰਮ ਵਿਚ ਸਿੱਖ ਅਤੇ ਉਸ ਅਕਾਲ ਪੁਰਖ ਵਿਚਕਾਰ ਕੋਈ ਵਿਚੋਲਾ ਨਹੀਂ ਹੁੰਦਾ । ਗੁਰਸਿੱਖ ਦਾ ਸਿੱਧਾ ਸੰਬੰਧ ਉਸ ਅਕਾਲ ਪੁਰਖ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੁੰਦਾ ਹੈ। ਜਦੋਂਕਿ ਹਿੰਦੂ ਧਰਮ ਵਿਚ ਪੰਡਿਤ, ਸੁਆਮੀ, ਮੁਸਲਿਮ ਧਰਮ ਵਿਚ ਮੁੱਲਾ, ਇਸਾਈ ਧਰਮ ਵਿਚ ਪੋਪ ਰਾਹੀ ਇਹ ਪ੍ਰਕਿਰਿਆ ਹੁੰਦੀ ਹੈ । ਜੋ ਤਿੰਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਪੁਲਿਸ ਤੇ ਹੋਰ ਭਾਰੀ ਫੋਰਸ ਸ੍ਰੀ ਦਰਬਾਰ ਸਾਹਿਬ ਵਿਚ ਲਗਾਈ ਗਈ, ਇਹ ਅਮਲ ਸਿੱਖ ਮਰਿਯਾਦਾਵਾਂ, ਸਿਧਾਤਾਂ ਦਾ ਜਨਾਜ਼ਾਂ ਕੱਢਣ ਵਾਲੇ ਹਨ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਗੁਰੂਘਰ ਦੇ ਦਰਸ਼ਨ ਕਰਨ ਲਈ ਕਿਸੇ ਵੀ ਸਿੱਖ ਨੂੰ ਕਦੇ ਵੀ ਕਿਸੇ ਵਿਚੋਲੇ ਦੀ ਲੋੜ ਨਹੀਂ ਪਈ । ਲੇਕਿਨ ਬਾਦਲ ਹਕੂਮਤ ਅਤੇ ਮੌਜੂਦਾ ਐਸ.ਜੀ.ਪੀ.ਸੀ. ਅਧਿਕਾਰੀਆਂ ਨੇ ਜ਼ਬਰੀ ਪੁਲਿਸ ਫੋਰਸ ਲਗਾਕੇ ਪੁਲਿਸ ਦੀ ਨਿਗਰਾਨੀ ਹੇਠ ਜਥੇਦਾਰ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਜਾਕੇ ਗੈਰ-ਸਿਧਾਤਿਕ ਪਿਰਤ ਪਾਈ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੌਜੂਦਾ ਬਾਦਲ ਹਕੂਮਤ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਂ ਉਤੇ ਬੈਠੇ ਅਧਿਕਾਰੀਆਂ ਦੀ ਇਸ ਪੰਥ ਵਿਰੋਧੀ ਸੋਚ ਅਤੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਤਿੰਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਕਰਨ ਸਮੇਂ ਐਸ.ਜੀ.ਪੀ.ਸੀ. ਅਧਿਕਾਰੀਆਂ ਤੇ ਬਾਦਲ ਹਕੂਮਤ ਵੱਲੋਂ ਭਾਰੀ ਪੁਲਿਸ ਫੋਰਸ ਅਤੇ ਟਾਸਕ ਫੋਰਸ ਲਗਾਉਣ ਨੂੰ ਸਿੱਖ ਧਰਮ ਦੇ ਅਸੂਲਾਂ ਤੇ ਨਿਯਮਾਂ ਦੀ ਤੋਹੀਨ ਕਰਨ ਦੇ ਤੁੱਲ ਕਾਰਵਾਈ ਕਰਾਰ ਦਿੰਦੇ ਹੋਏ ਅਜਿਹੀਆ ਕਾਰਵਾਈਆ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਪੰਜਾਬ ਦੀ ਬਾਦਲ ਹਕੂਮਤ ਵਿਚ ਸਰਗਰਮ ਸਮੁੱਚੇ ਸਿਆਸਤਦਾਨਾਂ ਦੀਆਂ ਮਾਲੀ, ਪਰਿਵਾਰਿਕ ਅਤੇ ਸਿਆਸੀ ਸਵਾਰਥਾਂ ਵਾਲੀ ਸੋਚ ਦੀ ਬਦੌਲਤ ਇਥੋ ਦੀ ਕਾਨੂੰਨੀ ਵਿਵਸਥਾਂ ਹਰ ਪੱਧਰ ਤੇ ਅਸਤ-ਵਿਅਸਤ ਹੋ ਚੁੱਕੀ ਹੈ । ਕਿਉਂਕਿ ਬਰਗਾੜੀ ਵਿਖੇ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਕਤਲ ਕਰਨ ਵਾਲੀ ਪੁਲਿਸ ਅਧਿਕਾਰੀਆਂ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਇਸੇ ਤਰ੍ਹਾਂ ਭਾਈ ਜਸਪਾਲ ਸਿੰਘ ਚੌੜ ਸਿੱਧਵਾ, ਭਾਈ ਜਗਜੀਤ ਸਿੰਘ ਜੰਮੂ-ਕਸ਼ਮੀਰ ਦੇ ਕਾਤਲਾਂ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਕੁਝ ਦਿਨ ਪਹਿਲੇ ਨਾਮਧਾਰੀ ਸੰਪਰਦਾ ਦੇ ਮਾਤਾ ਚੰਦ ਕੌਰ ਜੀ ਦਾ ਦਿਨ-ਦਿਹਾੜੇ ਕਤਲ ਹੋਇਆ, ਉਹਨਾਂ ਦੇ ਕਾਤਲਾਂ ਨੂੰ ਵੀ ਹਕੂਮਤ ਤੇ ਪੁਲਿਸ ਅੱਜ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ । ਬੀਤੇ ਦਿਨੀਂ ਬਾਬਾ ਰਣਜੀਤ ਸਿੰਘ ਢੱਡਰੀਆ ਵਾਲਿਆ ਦੇ ਉਤੇ ਬਹੁਤ ਹੀ ਸਾਜ਼ਸੀ ਢੰਗ ਨਾਲ ਕਾਤਲਾਨਾ ਹਮਲਾ ਹੋਇਆ, ਜਿਸ ਵਿਚ ਉਹ ਤਾਂ ਕਿਸੇ ਤਰੀਕੇ ਬਚ ਗਏ ਲੇਕਿਨ ਉਹਨਾਂ ਦੇ ਇਕ ਸਰਧਾਲੂ ਅਤੇ ਪ੍ਰਚਾਰਕ ਦੀ ਮੌਤ ਹੋ ਗਈ । ਇਹ ਸਾਰੇ ਅਮਲ ਸਾਬਤ ਕਰਦੇ ਹਨ ਕਿ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦਾ ਇਥੋ ਦੀ ਪੁਲਿਸ, ਅਪਰਾਧੀਆਂ, ਗੈਰ-ਕਾਨੂੰਨੀ ਕੰਮਾਂ ਵਿਚ ਸ਼ਾਮਿਲ ਗੈਗਾਂ ਉਤੇ ਕੋਈ ਵੀ ਕੰਟਰੋਲ ਨਹੀਂ ਰਿਹਾ ਅਤੇ ਕਾਨੂੰਨੀ ਵਿਵਸਥਾਂ ਬਿਲਕੁਲ ਫੇਲ ਹੋ ਚੁੱਕੀ ਹੈ । ਪੰਜਾਬ ਦੇ ਹਾਲਾਤ ਇਸ ਕਦਰ ਵਿਸਫੋਟਕ ਸਥਿਤੀ ਵੱਲ ਵੱਧ ਰਹੇ ਹਨ ਕਿ ਇਥੇ ਕਿਸੇ ਵੀ ਇਨਸਾਨ ਦੀ ਹੁਣ ਜਿੰਦਗੀ ਦੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਰਹੀ । ਪੰਜਾਬੀ ਤੇ ਸਿੱਖ ਨੌਜ਼ਵਾਨਾਂ ਨੂੰ, ਸਿਆਸਤਦਾਨਾਂ, ਸਮੱਗਲਰਾਂ, ਕਾਤਲਾਂ ਨੇ ਨਸਿ਼ਆਂ ਵੱਲ ਧਕੇਲ ਦਿੱਤਾ ਹੈ । ਇਸ ਲਈ ਵੀ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵਿਚ ਸ਼ਾਮਿਲ ਸਮੁੱਚੇ ਸਿਆਸਤਦਾਨ ਅਤੇ ਉਹ ਪੁਲਿਸ ਅਫ਼ਸਰਸਾਹੀ ਜਿੰਮੇਵਾਰ ਹੈ, ਜਿਨ੍ਹਾਂ ਨੂੰ ਬਾਦਲ ਪਰਿਵਾਰ ਦੀ ਸਰਪ੍ਰਸਤੀ ਹਾਸਿਲ ਹੈ ਅਤੇ ਅਜਿਹਾ ਅਨਸਰ ਉਹਨਾਂ ਦੇ ਗੁਪਤ ਹੁਕਮਾ ਉਤੇ ਹੀ ਅਪਰਾਧਿਕ ਕਾਰਵਾਈਆ ਕਰ ਰਿਹਾ ਹੈ । ਜਦੋਂ “ਕੁੱਤੀ ਚੋਰ ਨਾਲ ਰਲ ਜਾਵੇ” ਫਿਰ ਅਜਿਹੇ ਮਾਹੌਲ ਵਿਚ ਕਾਨੂੰਨੀ ਵਿਵਸਥਾਂ ਨੂੰ ਕਿਵੇ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਅਪਰਾਧਿਕ ਕਾਰਵਾਈਆ ਕਿਵੇ ਰੁਕ ਸਕਦੀਆਂ ਹਨ ਅਤੇ ਇਥੇ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਕਿਵੇ ਸੁਰੱਖਿਅਤ ਰਹਿ ਸਕਦੀ ਹੈ ? ਅੱਜ ਸੂਝਵਾਨ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਵਿਚ ਇਹ ਗੱਲ ਪੂਰੇ ਜੋਰਾ ਤੇ ਪ੍ਰਚੱਲਿਤ ਹੈ । ਜੋ ਕਿ ਹੁਕਮਰਾਨਾਂ ਅਤੇ ਇਥੋ ਦੇ ਨਿਵਾਸੀਆ ਲਈ ਅਤਿ ਗੰਭੀਰ ਵਿਸ਼ਾ ਹੈ ।