ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਤਿੰਨ ਥਾਵਾਂ ਨਾਲ ਬੜਾ ਮੋਹ ਹੁੰਦਾ ਹੈ। ਇਹ ਥਾਵਾਂ ਹਨ-ਜਿਸ ਥਾਂ ‘ਤੇ ਉਸਦਾ ਜਨਮ ਹੋਇਆ ਹੋਵੇ, ਜਿਸ ਥਾਂ ਉਸ ਦਾ ਪਹਿਲਾ ਪਿਆਰ (ਪ੍ਰੇਮ) ਹੋਇਆ ਹੋਵੇ ਅਤੇ ਜਿਥੇ ਉਸ ਦੇ ਪਿਓ ਦਾਦੇ ਦੀਆਂ ਹੱਡੀਆਂ ਦਫ਼ਨ (ਜਾ ਜਲ ਪਰਵਾਹ) ਹੋਈਆਂ ਹੋਣ। ਹਰ ਭਾਰਤੀ ਨਾਗਰਿਕ, ਭਾਵੇਂ ਉਹ ਕਿਸੇ ਵੀ ਥਾਂ ਜਾਂ ਪ੍ਰਦੇਸ਼ ਵਿਚ ਪੈਦਾ ਹੋਇਆ ਹੋਵੇ, ਮੁੱਖ ਤੌਰ ਤੇ ਉਸ ਨੂੰ ਆਪਣੀ ਜਨਮ ਭੂਮੀ ਨਾਲ ਪਿਆਰ ਹੁੰਦਾ ਹੈ।ਕਿਸੇ ਦੁਸ਼ਮਣ ਦੇਸ਼ ਨਾਲ ਯੁੱਧ ਜਾਂ ਭੁਚਾਲ, ਸੁਨਾਮੀ, ਹੜ੍ਹ, ਸੋਕਾ ਵਰਗੀ ਕਿਸੇ ਕੁਦਰਤੀ ਬਿਪਤਾ ਸਮੇਂ ਆਮ ਲੋਕਾਂ ਵਲੋਂ ਇੱਕ ਮੁੱਠ ਹੋ ਕੇ ਜਿਵੇਂ ਉਸਦਾ ਮੁਕਾਬਲਾ ਕੀਤਾ ਜਾਂਦਾ ਹੈ, ਉਸ ਤੋਂ ਇਸ ਦਾ ਸਬੂਤ ਮਿਲਦਾ ਹੈ।
ਭਾਰਤ ਇਕ ਧਰਮ ਨਿਰਪੇਖ ਦੇਸ਼ ਹੈ। ਇਥੇ ਹਰ ਨਾਗਰਿਕ ਨੂੰ ਕੋਈ ਵੀ ਧਰਮ ਅਪਣਾਉਣ, ਉਸ ਅਨੁਸਾਰ ਪੂਜਾ ਪਾਠ ਕਰਨ ਤੇ ਪ੍ਰਚਾਰ ਕਰਨ ਦੀ ਖੁਲ੍ਹ ਹੈ, ਪਰ ਕਿਸੇ ਦੂਜੇ ਧਰਮ ਜਾਂ ਫਿਰਕੇ ਵਿਰੁਧ ਨਫ਼ਰਤ ਤੇ ਨਿੰਦਾ ਪ੍ਰਚਾਰ ਕਰਨ ਦੀ ਆਗਿਆ ਨਹੀਂ। ਭਾਰਤ ਇਕ ਬਹੁ-ਧਰਮੀ, ਬਹੁ-ਭਾਸ਼ੀ ਤੇ ਬਹੁ-ਸਭਿਆਚਾਰਾਂ ਵਾਲਾ ਦੇਸ਼ ਹੈ, ਸਭ ਦੇ ਰੰਗ, ਨਸਲ, ਧਰਮ, ਜ਼ਾਤ ਪਾਤ ,ਭਾਸ਼ਾ, ਸਭਿਅਤਾ ਦੇ ਲੋਕਾਂ ਦੇ ਸਾਰੇ ਅਧਿਕਾਰ ਬਰਾਬਰ ਹਨ। ਦੇਸ਼ ਦਾ ਇੱਕ ਸੰਵਿਧਾਨ ਹੈ, ਦੇਸ਼ ਦਾ ਰਾਸ਼ਟ੍ਰਪਤੀ,ਪ੍ਰਧਾਨ ਮੰਤਰੀ,ਉਸਦੇ ਮੰਤੀ ਮੰਡਲ ਦੇ ਮੰਤਰੀ, ਸਾਰੇ ਸੂਬਿਆਂ ਜਾਂ ਕੇਂਦਰੀ ਪ੍ਰਬੰਧਕ ਇਲਾਕਿਆਂ ਦੇ ਗਵਰਨਰ, ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਇਸ ਸੰਵਿਧਾਨ ਉਤੇ ਚਲਣ ਅਤੇ ਇਸ ਦੀ ਰੱਖਿਆ ਕਰਨ ਦਾ ਹਲਫ਼ ਲੈਂਦੇ ਹਨ।ਸਾਡਾ ਸੰਵਿਧਾਨ ਹੀ ਸੱਭ ਤੋਂ ਉਪਰ ਹੈ।
ਆਪਣੀ ਦੇਸ਼ ਭਗਤੀ ਜਾਂ ਰਾਸ਼ਟਰਵਾਦੀ ਬਾਰੇ ਕਿਸੇ ਨੂੰ ਵੀ ਆਮ ਲੋਕਾਂ ਸਾਹਮਣੇ ਸਬੂਤ ਦੇਣ ਦੀ ਕੋਈ ਲੋੜ ਨਹੀਂ।ਸਿਰਫ਼ ਉਸ ਕੇਸ ਵਿਚ ਜੇ ਕਿਸੇ ਵਿਅਕਤੀ ਵਿਰੁੱਧ ਦੇਸ਼-ਧ੍ਰੋਹ ਹੋਣ ਦੇ ਦੋਸ਼ ਲਗੇ ਹੋਣ,ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਨੀ ਹੁੰਦੀ ਹੈ। ਜਦ ਤੋਂ ਸ੍ਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਆਈ ਹੈ, ਸੰਗ ਪਰਿਵਾਰ ਵਲੋਂ ‘ਹਿੰਦੂਤੱਵ’ ਦੇ ਅਪਣੇ ਲੁਕਵੇਂ ਏਜੰਡੇ ਨੂੰ ਲਾਗੂ ਕਰਨ ਲਈ ਕੋਈ ਨਾ ਕੋਈ ਨਵਾਂਂ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਹਿੰਦੋਸਤਾਨ ਦੇ ਸਾਰੇ ਵਾਸੀ ਹਿੰਦੂ ਹਨ, ਲਵ ਜਹਾਦ, ਘਰ ਵਾਪਸੀ, ਗਊ ਮਾਸ ਖਾਣ ਦੀ ਮਨਾਹੀ, ਹਿੰਦੂਆਂ ਵਲੋਂ ਚਾਰ ਚਾਰ ਬੱਚੇ ਪੈਦਾ ਕਰਨ, ਦੇਸ਼ ਵਿਚ ਦਲਿਤਾਂ ਲਈ ਰਾਖਵਾਂਕਰਨ ਖਤਮ ਕਰਨ ਵਰਗੇ ਮੁੱਦੇ ਛੇੜਨ ਤੋਂ ਬਾਅਦ ਆਰ. ਐਸ. ਐਸ. ਨੇ ਹੁਣ ਇਕ ਬੇਲੋੜਾ ਵਿਵਾਦ ਪੈਦਾ ਕਰ ਦਿੱਤਾ ਹੈ।ਲੋਕਾਂ ਨੂੰ ਆਪਣਾ ਦੇਸ਼ ਪ੍ਰੇਮ, ਰਾਸ਼ਟ੍ਰਵਾਦ ਜਾਂ ਦੇਸ਼ ਪ੍ਰਤੀ ਵਫ਼ਾਦਾਰੀ ਸਿੱਧ ਕਰਨ ਲਈ “ਭਾਰਤ ਮਾਤਾ ਕੀ ਜੈ” ਦਾ ਨਾਅਰਾ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਸੰਘ ਪਰਿਵਾਰ ਦੇ ਕਈ ਲੀਡਰਾਂ ਅਨੁਸਾਰ ਜੋ ਵਿਅਕਤੀ ਇਹ ਨਾਅਰਾ ਨਹੀਂ ਲਗਾਏਗਾ, ਉਸ ਨੂੰ ਦੇਸ਼ ਵਿਚ ਰਹਿਣ ਦਾ ਅਧਿਕਾਰ ਨਹੀਂ ਹੈ।
ਦਰਅਸਲ ਇਸਦੀ ਸ਼ੁਰੂਆਤ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿਚ 9 ਫਰਵਰੀ ਨੂੰ ਦੇਸ਼ ਵਿਰੋਧੀ ਨਾਅਰੇ ਲਗਾਉਣ ਲਗਾਉਣ ਦੀ ਘਟਨਾ ਨਾਲ ਜੁੜੀ ਹੋਈ ਹੈ।ਸੰਘ ਪਰਿਵਾਰ ਦੇ ਮੁੱਖੀ ਮੋਹਨ ਭਾਗਵਤ ਨੇ ਤਿੰਨ ਮਾਰਚ ਨੂੰ ਇਸ ਨਾਅਰੇ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਅਜਕਲ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਗਾਉਣ ਲਈ ਨੌਜਵਾਨਾਂ ਨੂੰ ਸਿਖਾਉਣਾ ਪੈਂਦਾ ਹੈ, ਭਾਵੇਂ ਕਈ ਦਿਨਾਂ ਪਿਛੋਂ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਤੋਂ ਜ਼ਬਰਦਸਤੀ ਇਹ ਨਾਅਰਾ ਲਗਵਾਉਣ ਦੀ ਲੋੜ ਨਹੀਂ। ਮੁਸਲਿਮ ਲੀਡਰ ਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਤੂਦੀਨ ਉਬੈਸੀ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਇਹ ਨਾਅਰਾ ਲਗਾਉਣਾ ਜ਼ਰੂਰੀ ਹੈ।ਉਸ ਨੇ ਸ੍ਰੀ ਭਾਗਵਤ ਨੂੰ ਚੈਲੰਜ ਕੀਤਾ ਕਿ ਮੈਂ ਇਹ ਨਾਅਰਾ ਨਹੀਂ ਲਗਾਵਾਂਗਾ, ਭਾਵੇਂ ਮੇਰੇ ਗਲੇ ਤੇ ਛੁਰੀ ਵੀ ਰੱਖ ਦਿਓ।ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਉਹ ਹਿੰਦੋਸਤਾਨੀ ਹਨ, ਹਿੰਦੋਸਤਾਨ ਜ਼ਿੰਦਾਬਾਦ ਦਾ ਨਾਅਰਾ ਲਗਾਉਣ ਨੂੰ ਤਿਆਰ ਹਨ। ਉਧਰ ਮਹਾਂਰਾਸ਼ਟਰ ਵਿਧਾਨ ਸਭਾ ਵਿਚ ਉਸਦੀ ਪਾਰਟੀ ਦੇ ਇਕ ਵਿਧਾਇਕ ਵਾਰਿਸ ਪਠਾਨ ਨੂੰ ਇਹ ਨਾਅਰਾ ਲਗਾਉਣ ਲਈ ਕਿਹਾ ਗਿਆ ਤਾਂ ਉਸ ਨੇ ਇਨਕਾਰ ਕਰ ਦਿਤਾ, ਜਿਸ ਉਤੇ ਉਸ ਨੁੰ ਅਸੈਂਬਲੀ ਦੇ ਇਸ ਸੈਸ਼ਨ ਦੌਰਾਨ ਬਾਹਰ ਕੱਢ ਦਿਤਾ ਗਿਆ। ਰਾਜ ਸਭਾ ਵਿਚ ਫਿਲਮੀ ਜਗਤ ਨਾਲ ਜੁੜੇ ਨਾਮਵਰ ਲੇਖਕ ਜਾਵੇਦ ਅਖ਼ਤਰ ਨੇ ਸਦਨ ਵਿਚ ਇਹ ਨਾਅਰਾ ਬੁਲੰਦ ਕਰਦੇ ਹੋਏ ਕਿਹਾ ਕਿ ਉਸ ਨੂੰ ਤੇ ਕਿਸੇ ਵੀ ਭਾਰਤੀ ਨੂੰ ਇਹ ਨਾਅਰਾ ਲਗਾਉਣ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।ਉਨ੍ਹਾ ਸ੍ਰੀ ਉਬੈਸੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਸੰਵਿਧਾਨ ਵਿਚ ਤਾਂ ਸਿਰ ਤੇ ਟੋਪੀ ਤੇ ਸ਼ੇਰਵਾਨੀ ਪਹਿਣਨ ਦਾ ਵੀ ਜ਼ਿਕਰ ਨਹੀਂ,ਫਿਰ ਉਹ ਕਿਓਂ ਪਹਿਣਦੇ ਹਨ?
ਮੁਸਲਿਮ ਧਰਮ ਦੇ ਦਾਰ ਉਲ ਇਸਲਾਮ (ਦਿਓਬੰਦ) ਵਲੋਂ ਇਕ ਫਤਵਾ ਜਾਰੀ ਕੀਤਾ ਗਿਆ ਕਿ ਕਿਉਂਕਿ ਭਾਰਤ ਮਾਤਾ ਨੂੰ ਇਕ ਦੇਵੀ ਵਜੋਂ ਪੇਸ਼ ਕੀਤਾ ਜਾਂਦਾ ਹੈ,ਜਿਸ ਦੇ ਇਕ ਹੱਥ ਵਿਚ ਕੌਮੀ ਤਿਰੰਗਾ ਝੰਡਾ ਤੇ ਇਕ ਹੱਥ ਵਿਚ ਤ੍ਰਿਸ਼ੂਲ ਦਿਖਾਈ ਜਾਂਦੀ ਹੈ, ਮੁਸਲਮਾਨ ਸਿਰਫ ਅੱਲਹਾ ਨੂੰ ਹੀ ਮੰਨਦੇ ਹਨ ਕਿਸੇ ਦੇਵੀ ਦੇਵਤਾ ਨੂੰ ਨਹੀਂ ਪੂਜ ਸਕਦੇ। ਇਹ ਨਾਅਰਾ ਇਸਲਾਮ ਦੇ ਖਿਲਾਫ਼ ਹੈ, ਇਸ ਲਈ ਮੁਸਲਮਾਨ ਇਹ ਨਾਅਰਾ ਨਹੀਂ ਲਗਾਉਣਗੇ।
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫਰਨਵੀਸ ਨੇ ਇਕ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੋ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਨਹੀਂ ਲਗਾ ਸਕਦਾ,ਉਸ ਨੂੰ ਇਸ ਦੇਸ਼ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ।ਬਿਹਾਰ ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਸ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਇਹ “200 ਫੀਸਦੀ ਠੀਕ ਹੈ।” ਯੋਗ ਗੁਰੂ ਰਾਮਦੇਵ ਨੇ ਤਾਂ ਇਹ ਵੀ ਕਹਿ ਦਿਤਾ ਕਿ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ਦਾ ਡਰ ਹੈ, ਨਹੀਂ ਤਾਂ ਇਹ ਨਾਅਰਾ ਨਾ ਲਗਾਉਣ ਵਾਲਿਆਂ ਦੇ ਲੱਖਾਂ ਸਿਰ ਕਲਮ ਕਰ ਦਿੰਦੇ।
ਉਧਰ ਇਸ ਦੇ ਉਲਟ ਸ੍ਰੀਨਗਰ ਵਿਖੇ ਐਨ.ਆਈ.ਟੀ. ਦੇ ਵਿਦਿਆਰਥੀਆਂ ਵਲੋਂ ਤਿਰੰਗਾ ਲੈ ਕੇ , “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾਉਣ ਉਤੇ ਮਹਿਬੂਬਾ ਮੁਫ਼ਤੀ ਦੀ ਪੁਲਿਸ ਨੇ ਬੁਰੀ ਤਰਾਂ ਕੁਟ ਮਾਰ ਕੀਤੀ,ਜਿਸ ਦਾ ਦੇਸ਼ ਭਰ ਵਿਚ ਰੌਲਾ ਪਿਆ ਹੈ। ਇਹ ਉਸ ਸਮੇਂ ਸ਼ੁਰੂ ਹੋਇਆ ਜਦੋਂ ਵੈਸਟ ਇੰਡੀਜ਼ ਟੀਮ ਦੇ ਮੁਕਾਬਲੇ ਭਾਰਤੀ ਟੀਮ ਕ੍ਰਿਕਟ ਹਾਰ ਗਈ ਤਾਂ ਇਸ ਸੰਸਥਾ ਦੇ ਕਸ਼ਮੀਰੀ ਵਿਦਿਆਰਥੀਆਂ ਨੇ ਖੁਸ਼ੀ ਦੇ ਜਸ਼ਨ ਮਨਾਏ, ਜੋ ਹੋਰ-ਕਸ਼ਮੀਰੀ ਵਿਦਿਆਰਥੀਆਂ ਨੂੰ ਚੰਗੇ ਨਾ ਲਗੇ। ਉਹਨਾਂ ਜਦੋਂ ਇਸ ਦੇ ਵਿਰੋਧ ਵਿਚ “ਭਾਰਤ ਮਾਤਾ…” ਦੇ ਨਾਅਰੇ ਲਗਾਏ,ਤਾ ਉਨ੍ਹਾਂ ਦੀ ਬੁਰੀ ਤਰ੍ਹਾਂ ਖੜਕਾਈ ਕੀਤੀ ਗਈ।
ਮਾਰਚ ਦਾ ਸਾਰਾ ਮਹੀਨਾ ਤੇ ਅਪਰੈਲ ਦੇ ਪਹਿਲੇ ਹਫ਼ਤੇ ਤਕ ਲਗਭਗ ਸਾਰੇ ਹਿੰਦੀ ਸਮਾਚਾਰ ਚੈਨਲਾਂ ਵਲੋਂ ਇਸ ਮੁੱਦੇ ਉਤੇ ਬਹਿਸ ਕਰਵਾਈ ਜਾਂਦੀ ਰਹੀ ਜਿਸ ਵਿਚ ਦੇਸ਼ ਦੀਆਂ ਪ੍ਰਮੁਖ ਪਾਰਟੀਆਂ ਤੇ ਸੰਘ ਪਰਿਵਾਰ ਦੇ ਬੁਲਾਰੇ ਨੂੰ ਬੁਲਾਇਆ ਜਾਂਦਾ ਰਿਹਾ ਹੈ।ਕਈ ਵਿਰੋਧੀ ਪਾਰਟੀਆਂ ਨੇ ਭਾਜਪਾ ਨੁਮਾਇੰਦੇ ਤੋਂ ਪੁਛਿਆ ਕਿ ਕੀ ਬੀਬੀ ਮਹਿਬੂਬਾ ਮਫ਼ਤੀ, ਜਿਸ ਨਾਲ ਭਾਜਪਾ ਜੰਮੂ ਕਸ਼ਮੀਰ ਵਿਚ ਸਰਕਾਰ ਬਣਾਈ ਹੈ. ਇਹ ਨਾਅਰਾ ਲਗਾਏਗੀ,ਜਾਂ ਉਸ ਪਾਰਟੀ ਦੇ ਦੂਜੇ ਲੀਡਰ ਲਗਾਉਣਗੇ? ਇਸ ਦਾ ਉਹਨਾਂ ਪਾਸ ਕੋਈ ਠੋਸ ਜਵਾਬ ਨਹੀਂ ਹੁੰਦਾ ਸੀ, ਕੇਵਲ ਇਹੋ ਨਹੀਂ, ਇਹ ਵੀ ਦਸਣ ਕਿ ਬੀਬੀ ਮੁਫ਼ਤੀ ਤੇ ਉਨ੍ਹਾਂ ਦੀ ਪਾਰਟੀ ਅਫ਼ਜ਼ਲ ਗੁਰੂ ਬਾਰੇ ਭਾਜਪਾ ਦੇ ਸਟੈਂਡ ਨਾਲ ਸਹਿਮਤ ਹਨ। ਭਾਜਪਾ ਵਾਲੇ ਇਹੋ ਕਹਿੰਦੇ ਹਨ ਕਿ ਦੇਸ਼ ਹਿੱਤ ਵਿਚ ਉਨ੍ਹਾਂ ਨੇ ਪੀ.ਡੀ.ਪੀ. ਨਾਲ ਮਿਲ ਕੇ ਸਰਕਾਰ ਬਣਾਈ ਹੈ।
ਸ਼ਹੀਦ ਭਗਤ ਸਿੰਘ ਨੇ ਕਦੀ ਭਾਰਤ ਮਾਤਾ ਕੀ ਜੈ ਦਾ ਨਾਅਰਾ ਨਹੀਂ ਲਗਾਇਆ ਸੀ,ਉਨ੍ਹਾਂ ਸਾਰਿਆਂ ਦਾ ਨਾਅਰਾ ਹੁੰਦਾ ਸੀ “ ਇਨਕਲਾਬ-ਜ਼ਿੰਦਾਬਾਦ”। ਨੇਤਾ ਜੀ ਸੁਭਾਸ਼ ਚੰਦਰ ਦਾ ਨਾਅਰਾ ਸੀ “ ਮੁਝੇ ਖੁਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ।” ਵਿਰੋਧੀ ਪਾਰਟੀਆਂ ਇਹ ਦੋਸ਼ ਵੀ ਲਗਾ ਰਹੀਆਂ ਹਨ ਕਿ ਆਜ਼ਾਦੀ ਦੀ ਲੜਾਈ ਦੌਰਾਨ ਆਰ.ਐਸ.ਐਸ. ਅੰਗਰੇਜ਼ ਸਰਕਾਰ ਦਾ ਪਿਠੂ ਬਣਿਆ ਰਿਹਾ। ਆਜ਼ਾਦੀ ਤੋਂ ਬਾਅਦ ਵੀ ਸਾਲ 2001 ਤਕ ਨਾਗਪੁਰ ਵਿਖੇ ਆਪਣੇ ਹੈਡ ਕੁਆਰਟਰ ਉਤੇ ਕੌਮੀ ਤਿਰੰਗਾ ਨਹੀਂ ਲਹਿਰਾਇਆ, ਸਗੋਂ ਆਪਣਾ ਭਗਵਾ ਪਰਚਮ ਲਹਿਰਾਂਦੇ ਰਹੇ।ਸੰਘ ਪਰਿਵਾਰ ਦੇ ਪ੍ਰਮੁੱਖ ਨੇਤਾ ਭਈਆ ਜੀ ਜੋਸ਼ੀ ਦਾ ਕਹਿਣਾ ਹੈ ਕਿ ਭਗਵਾਂ ਝੰਡਾ ਦੇਸ਼ ਦੇ ਕੌਮੀ ਤਿਰੰਗੇ ਤੋਂ ਪਹਿਲਾਂ ਹੋਂਦ ਵਿਚ ਆਇਆ ਸੀ। ਉਹ ਇਹ ਵੀ ਕਹਿੰਦੇ ਹਨ ਕਿ ਰਾਸ਼ਟਰੀ ਗੀਤ “ਜਨ ਗਨ ਮਨ…” ਨਾਲੋਂ “ਬੰਦੇ ਮਾਤਰਮ..” ਵਧੇਰੇ ਪ੍ਰਭਾਵਸ਼ਾਲੀ ਹੈ। ਵਿਰੋਧੀ ਪਾਰਟੀਆਂ ਵਾਲੇ ਪੁਛਦੇ ਹਨ ਕਿ ਸੰਘ ਪਰਿਵਾਰ ਦਸੇ ਕਿ ਰਾਸ਼ਟਰੀ ਗੀਤ ਦੀ ਥਾਂ ‘ ਬੰਦੇ ਮਾਤਰਮ…”, ਕੌਮੀ ਝੰਡੇ ਤਿਰੰਗੇ ਦੀ ਥਾ ਭਗਵਾ ਪਰਚਮ ਤੇ ਦੇਸ਼ ਦੇ ਕਰੰਸੀ ਨੋਟਾਂ ਉਤੇ ਮਹਾਤਮਾ ਗਾਂਧੀ ਦੀ ਥਾ ਨਥੂ ਰਾਮ ਗੌਡਸੇ ਦੀ ਤਸਵੀਰ ਕਦੋਂ ਛਪਣੀ ਸ਼ੁਰੂ ਹੋਵੇਗੀ?ਹੈਰਾਨੀ ਵਾਲੀ ਗੱਲ ਇਹ ਹੈ ਪ੍ਰਧਾਨ ਮੰਤਰੀ ਸ੍ਰੀ ਮੋਦੀ ਇਸ ਸਾਰੇ ਵਾਦ ਵਿਵਾਦ ਬਾਰੇ ਚੁੱਪ ਹਨ? ਉਹ ਆਪਣੇ ਨੇਤਾਵਾਂ ਨੂੰ ਇਸ ਬੇਲੋੜੇ ਵਾਦ ਵਿਵਾਦਾਂ ਤੋਂ ਕਿਉਂ ਨਹੀਂ ਰੋਕਦੇ? ਇਕ ਇਹ ਸੱਭ ਕੁਝ ਉਨ੍ਹਾਂ ਦੀ ਸਹਿਮਤੀ ਨਾਲ ਤਾਂ ਨਹੀਂ ਹੋ ਰਿਹਾ?