ਰੱਬਾ ਤੇਰੇ ਚੋਜ ਨਿਆਰੇ,
ਜਾਵਾਂ ਤੈਥੋ ਮੈਂ ਬਲਿਹਾਰੇ।
ਧਰਮਾਂ ਵਾਲੇ ਕਹਿੰਦੇ ਇੱਕ ਤੂੰ,
ਫਿਰ ਵੀ ਰੂਪ ਬਣਾਤੇ ਬਾਹਲੇ।
ਨਾਮ ਤੇਰੇ ਤੇ ਚੱਲਦੇ ਧੰਦੇ ,
ਕੋਈ ਨਾਮ ਤੇਰਾ ਲੈ ਜਾਨੋ ਮਾਰੇ।
ਕਿਤੇ ਪਪੀਹਾ ਬੂੰਦ ਨੂੰ ਤਰਸੇ,
ਕੋਈ ਬੂੰਦਾਂ ਦੇ ਹੜ੍ਹਾਂ ਨੇ ਖਾਲੇ।
ਕਈ ਸੌਦੇ ਥੱਲੇ ਭੁੱਖਣ ਭਾਣੇ,
ਕਿਤੇ ਮਹਿਲਾਂ ਵਿੱਚ ਜਾਨਵਰ ਵਾੜੇ।
ਕੋਈ ਲੈ ਲਗਜ਼ਰ ਕਾਰਾਂ ਘੁੰਮਦੇ,
ਕਈ ਟੈਅਰਾਂ ਦੇ ਥੱਲੇ ਲਤਾੜੇ।
ਕਈ ਜਹਾਜੀ ਚੜਕੇ ਆ ਗਏ,
ਕੁਝ ਸਮੁੰਦਰਾਂ ਬਰਫਾਂ ਗਾਲੇ।
ਕੋਈ ਸ਼ਿਕਾਰੀ ਬਣ ਕੇ ਬਹਿ ਗਏ,
ਪੈਰ ਦੇ ਥੱਲੇ ਬਟੇਰੇ ਵਾਲੇ।
ਤੇਰੇ ਬਣਾਏ ਕੁੱਖ ਵਿੱਚ ਮਾਰਨ,
ਕੌਣ ਏ ਦੋਸ਼ੀ ਕੀਹਦੇ ਕਾਰੇ।
ਪੱਗ ਪੱਤ ਨੂੰ ਪਰ੍ਹੇ ਚ ਰੋਲਣ,
ਤੂੰ ਹੀ ਸਮਝੇ ਜੜ੍ਹ ਪੁਆੜੇ।
ਵੇਖ ਕਈਆਂ ਨੂੰ ਸਿਰ ਝੁਕ ਜਾਂਦਾ,
ਕਈ ਬਹੁਰੂਪ ਵਿਖਾਵੇ ਵਾਲੇ।
ਸੁਣਿਆ ਹਰ ਵਿੱਚ ਤੇਰਾ ਵਾਸਾ,
ਇਨਸਾਨੀਅਤ ਖੱਲਾਂ ਖੂੰਝੇ ਭਾਲੇ।
ਜਿੱਥੇ ਵੀ ਹੈ ਇੱਕ ਝਾਤ ਤਾਂ ਮਾਰੀ,
*ਸੁਖਵੀਰ ਸੰਧੂ* ਦੇ ਤਰਲੇ ਹਾੜੇ।