ਨਵੀਂ ਦਿੱਲੀ : ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਦਿੱਲੀ ਸਰਕਾਰ ਵੱਲੋਂ ਨੌਵੀਂ ਜਮਾਤ ਤੋਂ ਖੇਤਰੀ ਭਾਸ਼ਾਵਾਂ ਨੂੰ ਪੜਾਉਣ ਤੇ ਲਗਾਈ ਗਈ ਰੋਕ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਵਾਜ਼ ਬੁਲੰਦ ਕਰਨ ਉਪਰੰਤ ਦਿੱਲੀ ਸਰਕਾਰ ਨੂੰ ਆਪਣੇ ਫੈਸਲੇ ਨੂੰ ਵਾਪਿਸ ਲੈਣ ਨੂੰ ਮਜਬੂਰ ਹੋਣਾ ਪਿਆ। ਇਹ ਦਾਅਵਾ ਅੱਜ ਉਕਤ ਭਾਸ਼ਾਵਾਂ ਦੇ ਅਧਿਆਪਕਾਂ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਕੂਲੀ ਸਿੱਖਿਆ ਕਾਉਂਸਿਲ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਦਾ ਸਨਮਾਨ ਕਰਨ ਦੌਰਾਨ ਕੀਤਾ ਗਿਆ।
ਮਾਮਲੇ ਦੇ ਪਿੱਛੋਕੜ ਦੀ ਜੇਕਰ ਗੱਲ ਕਰੀਏ ਤਾਂ ਪੰਜਾਬੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਸਕੂਲਾਂ ਵਿਚ ਪੜਾਉਣ ਤੇ ਦਿੱਲੀ ਸਰਕਾਰ ਵੱਲੋਂ ਰੋਕ ਲਗਾਉਣ ਉਪਰੰਤ ਦਿੱਲੀ ਕਮੇਟੀ ਵੱਲੋਂ ਸਭ ਤੋਂ ਪਹਿਲਾ 4 ਮਈ 2016 ਨੂੰ ਆਵਾਜ਼ ਪ੍ਰੈਸ ਕਾਨਫਰੰਸ ਰਾਹੀਂ ਤਿੰਨੋਂ ਭਾਸ਼ਾਵਾਂ ਦੇ ਅਧਿਆਪਕਾਂ ਦੀ ਮੌਜੂਦਗੀ ਵਿਚ ਚੁੱਕਦੇ ਹੋਏ ਦਿੱਲੀ ਸਰਕਾਰ ਨੂੰ ਆਪਣਾ ਫੈਸਲਾ ਵਾਪਿਸ ਲੈਣ ਦੀ ਅਪੀਲ ਕੀਤੀ ਗਈ ਸੀ। ਫੈਸਲਾ ਵਾਪਿਸ ਨਾ ਲੈਣ ਦੀ ਸੂਰਤ ਵਿਚ ਜੀ.ਕੇ. ਵੱਲੋਂ ਸੜਕ ਤੋਂ ਨਿਆਪਾਲਿਕਾ ਤਕ ਲੜਾਈ ਲੜਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ।
ਅੱਜ ਪੰਜਾਬੀ ਅਧਿਆਪਕ ਮੰਚ, ਸੰਸਕ੍ਰਿਤ ਅਧਿਆਪਕ ਸੰਘ ਅਤੇ ਪੰਜਾਬੀ ਹੈਲਪਲਾਈਨ ਦੇ ਸਾਂਝੇ ਵਫ਼ਦ ਨੇ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਐਜ਼ੂਕੇਸ਼ਨ ਸੈਲ ਦੇ ਦਫ਼ਤਰ ਵਿਚ ਦੋਨਾਂ ਆਗੂਆਂ ਦਾ ਭਾਸ਼ਾ ਦੀ ਹੋਂਦ ਨੂੰ ਬਚਾਉਣ ਵਾਸਤੇ ਲੜੀ ਗਈ ਲੜਾਈ ਲਈ ਧੰਨਵਾਦ ਕੀਤਾ। ਇਸ ਵਫ਼ਦ ਵਿਚ ਡਾ. ਬਰਜੇਸ਼, ਡਾ. ਦਇਆਲੂ, ਮਹਿੰਦਰ ਪਾਲ ਮੰੁਝਾਲ, ਸੁਨੀਲ ਕੁਮਾਰ ਬੇਦੀ, ਯਸ਼ਪਾਲ ਸ਼ਰਮਾ, ਪ੍ਰਕਾਸ਼ ਸਿੰਘ ਗਿੱਲ, ਰਣਜੀਤ ਕੌਰ, ਜਸਵਿੰਦਰ ਕੌਰ ਅਤੇ ਇੰਦਰਪ੍ਰੀਤ ਕੌਰ ਸਣੇ ਕਈ ਅਧਿਆਪਕ ਮੌਜੂਦ ਸਨ। ਅਧਿਆਪਕਾਂ ਵੱਲੋਂ ਜੀ.ਕੇ. ਅਤੇ ਕਾਲਕਾ ਨੂੰ ਸ਼ਾਲ ਅਤੇ ਫੁੱਲਾਂ ਦੇ ਗੁਲਦਸਤੇ ਰਾਹੀਂ ਸਨਮਾਨਿਤ ਕਰਦੇ ਹੋਏ ਮਿਠਆਈ ਨਾਲ ਮੂੰਹ ਵੀ ਮਿੱਠਾ ਕਰਾਇਆ ਗਿਆ।
ਅਧਿਆਪਕਾਂ ਨੇ ਸਨਮਾਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇੱਕ ਸੁਰ ਵਿਚ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਦਿੱਲੀ ਕਮੇਟੀ ਦੀ ਪਹਿਲ ਤੋਂ ਬਾਅਦ ਭਾਸ਼ਾ ਪ੍ਰੇਮੀ ਸੰਸਥਾਵਾਂ ਇਸ ਮਸਲੇ ਨੂੰ ਫੜਨ ਵਾਸਤੇ ਅੱਗੇ ਆਈਆਂ ਸਨ। ਡਾ. ਬਰਜੇਸ਼ ਨੇ ਇਸ ਸਾਰੀ ਮੁਹਿੰਮ ਦਾ ਸੇਹਰਾ ਜੀ.ਕੇ. ਦੇ ਸਿਰ ਬੰਨਦੇ ਹੋਏ ਭਾਸ਼ਾ ਨੂੰ ਬਚਾਉਣ ਵਾਸਤੇ ਕਮੇਟੀ ਵੱਲੋਂ ਕੀਤੇ ਗਏ ਜਤਨਾ ਦੀ ਸਲਾਘਾ ਵੀ ਕੀਤੀ। ਪ੍ਰਕਾਸ਼ ਸਿੰਘ ਗਿੱਲ ਨੇ ਕਿਹਾ ਕਿ ਅੱਜ ਖੇਤਰੀ ਭਾਸ਼ਾਵਾਂ ਦੇ ਅਧਿਆਪਕਾਂ ਦੇ ਲਈ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਆਪਣੀ ਭਾਸ਼ਾ ਨੂੰ ਬਚਾਉਣ ਵਿਚ ਅਸੀਂ ਫਿਲਹਾਲ ਕਾਮਯਾਬ ਹੋ ਗਏ ਹਾਂ। ਮਹਿੰਦਰ ਪਾਲ ਮੁੰਝਾਲ ਨੇ ਸਾਫ਼ ਕਿਹਾ ਕਿ ਦਿੱਲੀ ਕਮੇਟੀ ਦੀ ਪ੍ਰੈਸ ਕਾਨਫਰੰਸ ਉਪਰੰਤ ਇਹ ਮਸਲਾ ਇਨ੍ਹੇ ਵੱਡੇ ਪੱਧਰ ਤੇ ਚਲਾ ਗਿਆ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ।
ਜੀ.ਕੇ. ਨੇ ਇਸ ਮਸਲੇ ਨੂੰ ਕਮੇਟੀ ਵੱਲੋਂ ਚੁੱਕਣ ਨੂੰ ਆਪਣੀ ਇਖਲਾਕੀ ਫਰਜ਼ ਦੱਸਦੇ ਹੋਏ ਇਸ ਵਿਵਾਦਿਤ ਸਰਕੂਲਰ ਦੇ ਪੂਰਨ ਤੌਰ ਤੇ ਵਾਪਿਸ ਨਾ ਹੋਣ ਤਕ ਆਪਣੀ ਲੜਾਈ ਜਾਰੀ ਰੱਖਣ ਦਾ ਵੀ ਐਲਾਨ ਕੀਤਾ। ਇਸ ਮੌਕੇ ਅਕਾਲੀ ਆਗੂ ਵਿਕਰਮ ਸਿੰਘ ਸਣੇ ਕਈ ਆਗੂ ਮੌਜੂਦ ਸਨ।