ਲੁਧਿਆਣਾ : ਬੀਤੀ ਰਾਤ ਗੁਰੂ ਨਾਨਕ ਭਵਨ ਵਿਖੇ ਡਾ: ਕੇਸ਼ੋ ਰਾਮ ਸ਼ਰਮਾ ਯਾਦਗਾਰੀ ਸੁਸਾਇਟੀ ਵੱਲੋਂ ਫੀਕੋ (ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ), ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਬੱਸੀਆਂ ਅਤੇ ਰਾਮਗੜ੍ਹੀਆ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਨਾਟਕ ‘ਸਾਕਾ ਸਰਹੰਦ’ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਨੇ ਕਿਹਾ ਹੈ ਵਿਰਸੇ ਦੀਆਂ ਮਾਣਮੱਤੀਆਂ ਪੈੜਾਂ ਦੀ ਪੇਸ਼ਕਾਰੀ ਰਾਹੀਂ ਹੀ ਭਵਿੱਖ ਪੀੜ੍ਹੀਆਂ ਨੂੰ ਸਰਬਪੱਖੀ ਵਿਕਾਸ ਦੇ ਰਾਹ ਤੋਰਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਡਾ .ਅਨਿਲ ਕੁਮਾਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਇਹ ਨਾਟਕ ਪੇਸ਼ ਕਰਕੇ ਜਿਥੇ ਛੋਟੇ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਪੇਸ਼ ਕੀਤਾ ਹੈ ਉਥੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹਾਦਤ ਨੂੰ ਵੀ ਚੇਤੇ ਕੀਤਾ। ਉਹਨਾਂ ਆਖਿਆ ਕਿ ਗੁਰੂ ਭਵਨ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਿਸਮ ਦੀਆਂ ਸਿਰਜਣਾਤਮਕ ਸਰਗਰਮੀਆਂ ਨੂੰ ਹਰ ਤਰ੍ਹਾਂ ਦੀ ਸਰਪ੍ਰਸਤੀ ਦਿੱਤੀ ਜਾਵੇਗੀ ਅਤੇ ਅੰਮ੍ਰਿਤਸਰ, ਚੰਡੀਗੜ੍ਹ ਵਾਂਗ ਹੀ ਲੁਧਿਆਣਾ ਨੂੰ ਵੀ ਨਾਟਕ ਪੇਸ਼ਕਾਰੀਆਂ ਦਾ ਗੜ੍ਹ ਬਣਾਇਆ ਜਾਵੇਗਾ। ਉਹਨਾਂ ਆਖਿਆ ਕਿ ਲੁਧਿਆਣਾ ਦੀਆਂ ਸਮੂਹ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਨੂੰ ਸਾਲਾਨਾ ਕੈ¦ਡਰ ਤਿਆਰ ਕਰਕੇ ਨਾਟਕ ਪੇਸ਼ਕਾਰੀਆਂ ਲਗਾਤਾਰ ਕਰਨੀਆਂ ਚਾਹੀਦੀਆਂ ਹਨ।
ਸਮਾਗਮ ਦਾ ਆਰੰਭ ਫੀਕੋ ਦੇ ਚੇਅਰਮੈਨ ਸ਼੍ਰੀ ਕੇ ਕੇ ਸੇਠ, ਏਵਨ ਸਾਈਕਲ ਦੇ ਮਾਲਕ ਸ: ਹਰਮਹਿੰਦਰ ਸਿੰਘ ਪਾਹਵਾ, ਫੀਕੋ ਦੇ ਪ੍ਰਧਾਨ ਸ: ਗੁਰਮੀਤ ਸਿੰਘ ਕੁਲਾਰ, ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਉੱਘੇ ਸਿੱਖਿਆ ਸਾਸ਼ਤਰੀ ਪ੍ਰਿੰਸੀਪਲ ਮਨਜੀਤ ਕੌਰ ਸੋਢੀਆ, ਸ: ਜਗਦੇਵ ਸਿੰਘ ਅਮਰ ਪ੍ਰਧਾਨ ਰਾਮਗੜ੍ਹੀਆ ਫਾਉਂਡੇਸ਼ਨ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।
ਸਾਕਾ ਸਰਹੰਦ ਨਾਟਕ ਵਿੱਚ 65 ਕਲਾਕਾਰਾਂ ਨੇ ਹਿੱਸਾ ਲਿਆ ਜਿਸ ਵਿੱਚ 10 ਤੋਂ ਵੱਧ ਬਾਲ ਕਲਾਕਾਰ ਸ਼ਾਮਿਲ ਸਨ। ਨਾਟਕ ਨਿਰਦੇਸ਼ਕ ਡਾ: ਅਨਿਲ ਸ਼ਰਮਾ ਨੇ ਦੱਸਿਆ ਕਿ ਸਾਕਾ ਸਰਹੰਦ ਨਾਟਕ ਦੇ ਲੇਖਕ ਸ਼੍ਰੀ ਕੇਸ਼ਵ ਭਰਾਤਾ ਹਨ ਅਤੇ ਇਸ ਵਿੱਚ ਸ਼ਾਮਿਲ ਸਾਰੇ ਹੀ ਕਲਾਕਾਰ ਲੁਧਿਆਣਾ ਦੀਆਂ ਦੋਹਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਅਧਿਆਪਕ ਹਨ। ਫੀਕੋ ਦੇ ਜਨਰਲ ਸਕੱਤਰ ਸ: ਮਹਿੰਦਰ ਸਿੰਘ ਸਚਦੇਵਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਇਹੋ ਜਿਹੇ ਹੋਰ ਸ਼ੁਭ ਕਾਰਜ ਵੀ ਹੱਥ ਵਿੱਚ ਲੈਣ ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਦੇ ਪ੍ਰੇਰਨਾ ਮਿਲੇ। ਇਸ ਮੌਕੇ ਲੁਧਿਆਣਾ ਦੇ ਸਿਰਕੱਢ ਸਿੱਖਿਆ ਸਾਸ਼ਤਰੀ, ਉੱਘੇ ਲੇਖਕ ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ, ਸਭਿਆਚਾਰ ਸੱਥ ਦੇ ਚੇਅਰਮੈਨ ਸ: ਜਸਮੇਰ ਸਿੰਘ ਢੱਟ, ਪੰਜਾਬ ਕਲਚਰਲ ਸੁਸਾਇਟੀ ਦੇ ਚੇਅਰਮੈਨ ਰਵਿੰਦਰ ਰੰਗੂਵਾਲ, ਅਮਨ ਸੱਲਰ ਤੋਂ ਇਲਾਵਾ ਹਿੰਦੀ ਮਾਸਕ ਪੱਤਰ ਅਸਸਿਤਵ ਦੀ ਮੁੱਖ ਸੰਪਾਦਕ ਸ਼੍ਰੀਮਤੀ ਪੂਨਮ ਸ਼ਰਮਾ ਅਤੇ ਰਾਮਗੜ੍ਹੀਆਂ ਗਰਲਜ਼ ਕਾਲਜ ਦੀ ਸਾਬਕਾ ਪ੍ਰਿੰਸੀਪਲ ਡਾ: ਨਰਿੰਦਰ ਕੌਰ ਸੰਧੂ, ਸੀਨੀਅਰ ਅਕਾਲੀ ਆਗੂ ਸ: ਹਰਦੀਪ ਸਿੰਘ ਪਲਾਹਾ ਵੀ ਹਾਜ਼ਰ ਸਨ।